
ਦੇਸ਼ ਦੇ ਕਿਸਾਨਾਂ ਦਾ 3 ਲੱਖ ਕਰੋੜ ਦੇ ਕਰਜ਼ੇ ਮਾਫ਼ ਕਰੇ ਕੇਂਦਰ ਸਰਕਾਰ
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਰਾਜ ਧਰਮ ਚੇਤੇ ਕਰਵਾਉਂਦਿਆਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਸਾਰੇ ਪ੍ਰਵਾਸੀ ਮਜਦੂਰਾਂ ਨੂੰ ਮੁਫ਼ਤ ਰੇਲ ਜਾਂ ਬੱਸ ਸਫਰ ਦੀ ਸਹੁਲਤ ਦੇ ਕੇ ਉਨ੍ਹਾਂ ਦੇ ਘਰਾਂ ਤਕ ਪੁਜਦਾ ਕਰੇ। ਅੱਜ ਕਾਂਗਰਸ ਪਾਰਟੀ ਦੇ ਰਾਸ਼ਟਰ ਵਿਆਪੀ ਪ੍ਰੋਗਰਾਮ ਤਹਿਤ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਸਨਮਾਨਤ ਅਹੁਦੇ 'ਤੇ ਬੈਠ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮੁਲਕ ਦੇ ਗ਼ਰੀਬ ਅਵਾਮ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਹਨ।
Modi
ਉਨ੍ਹਾਂ ਨੇ ਗੁਰੂਗ੍ਰਾਮ ਤੋਂ ਦਰਬੰਗਾ ਤਕ ਸਾਈਕਲ 'ਤੇ ਅਪਣੇ ਪਿਤਾ ਨੂੰ ਲੈ ਕੇ ਜਾਣ ਵਾਲੀ ਇਕ ਬੱਚੀ ਦੇ ਹਵਾਲੇ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਉਕਤ ਬੱਚੀ ਵਰਗੇ ਲੱਖਾਂ ਪੀੜਤ ਪ੍ਰਵਾਸੀਆਂ ਨਾਲ ਇਕਜੁਟਤਾ ਪ੍ਰਗਟ ਕਰਨ ਲਈ ਹਾਲਾਤ ਆਮ ਹੋਣ 'ਤੇ ਗੁਰੂਗ੍ਰਾਮ ਤੋਂ ਦਰਬੰਗਾ ਤਕ ਪਦਯਾਤਰਾ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਜਨ ਪ੍ਰਵਾਸੀ ਮਜਦੂਰਾਂ ਦੀ ਮਦਦ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਜਯੋਤੀ ਦਾ ਸਾਈਕਲ ਦੇਸ਼ ਲਈ ਸ਼ਰਮ ਵਾਲੀ ਗੱਲ ਹੈ ਅਤੇ ਕੇਂਦਰ ਸਰਕਾਰ ਇਸ ਤਰਾਂ ਪ੍ਰਵਾਸੀਆਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਜੁਰਮ ਤੋਂ ਅਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ।
Central Government
ਉਨ੍ਹਾਂ ਇਸ ਮੌਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਹਰੇਕ ਗਰੀਬ ਪਰਵਾਰ ਦੇ ਬੈਂਕ ਖਾਤੇ ਵਿਚ ਤੁਰਤ 10 ਹਜ਼ਾਰ ਰੁਪਏ ਜਾਰੀ ਕਰੇ ਕਿਉਂਕਿ ਲਾਕਡਾਊਨ ਕਾਰਨ ਹਰ ਵਰਗ ਦੀ ਆਰਥਿਕਤਾ ਤਬਾਹ ਹੋ ਚੁੱਕੀ ਹੈ ਅਤੇ ਇਸ ਦੀ ਸੱਭ ਤੋਂ ਵੱਧ ਮਾਰ ਗ਼ਰੀਬ ਲੋਕਾਂ 'ਤੇ ਪਈ ਹੈ। ਉਨ੍ਹਾਂ ਛੋਟੇ ਵਪਾਰੀਆਂ, ਦੁਕਾਨਦਾਰਾਂ ਲਈ ਵੀ ਰਾਹਤ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਰਗ ਨੂੰ ਪੈਕੇਜ ਦੀ ਨਹੀਂ ਕਾਰੋਬਾਰ ਚਲਦਾ ਰਖਣ ਲਈ ਪੈਸੇ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਵਲੋਂ ਐਲਾਨੇ ਤਥਾਕਥਿਤ 20 ਲੱਖ ਕਰੋੜ ਦੇ ਪੈਕੇਜ ਤੇ ਟਿਪਣੀ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਇਸ ਪੈਕੇਜ ਵਿਚ ਕਿਸਾਨਾਂ ਲਈ ਕੀ ਹੈ।
Sunil Kumar Jakhar
ਉਨ੍ਹਾਂ ਕਿਹਾ ਕਿ ਦੇਸ਼ ਦੀ 60 ਫ਼ੀ ਸਦੀ ਆਬਾਦੀ ਖੇਤੀ ਤੇ ਨਿਰਭਰ ਹੈ ਪਰ ਇਸ ਪੈਕੇਜ ਵਿਚ ਕਿਸਾਨਾਂ ਲਈ ਕੁੱਝ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਰਜ ਲੈਣ ਦੀ ਸਲਾਹ ਤਾਂ ਕੋਈ ਸਿਆਣਾ ਬੰਦਾ ਦੁਸ਼ਮਣ ਨੂੰ ਵੀ ਨਹੀਂ ਦਿੰਦਾ ਜਦਕਿ ਮੋਦੀ ਸਰਕਾਰ ਕਰਜ ਸਕੀਮਾਂ ਨੂੰ ਹੀ ਰਾਹਤ ਪੈਕੇਜ ਕਹਿ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਦੇਸ਼ ਦੇ ਕਿਸਾਨਾਂ ਦਾ 3 ਲੱਖ ਕਰੋੜ ਦਾ ਕਰਜ ਕੇਂਦਰ ਸਰਕਾਰ ਮਾਫ਼ ਕਰੇ। ਉਨ੍ਹਾਂ ਕਿਹਾ ਕਿ ਜਦ ਪੰਜਾਬ ਦੀ ਕਾਂਗਰਸ ਸਰਕਾਰ ਅਪਣੇ ਸੀਮਤ ਸਾਧਨਾਂ ਦੇ ਬਾਵਜੂਦ 6 ਲੱਖ ਕਿਸਾਨਾਂ ਦਾ ਕਰਜ ਮਾਫ਼ ਕਰ ਸਕਦੀ ਹੈ ਤਾਂ ਕੇਂਦਰ ਸਰਕਾਰ ਅਜਿਹਾ ਕਿਉਂ ਨਹੀਂ ਕਰ ਸਕਦੀ ਹੈ।