
ਪ੍ਰਦੇਸ਼ ਕਾਂਗਰਸ ਪ੍ਰਧਾਨ ਤੇ ਪਲਟਵਾਰ ਕਰਦਿਆਂ 'ਆਪ' ਨੇ ਲਗਾਏ ਗੰਭੀਰ ਇਲਜ਼ਾਮ
ਚੰਡੀਗੜ੍ਹ, 25 ਮਈ 2020 - ''ਪੰਜਾਬ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ (ਅਬੋਹਰ ਤੋਂ ਗੁਰਦਾਸਪੁਰ) ਲੋਕਾਂ ਵੱਲੋਂ ਹਰਾ ਕੇ ਨਕਾਰੇ ਜਾ ਚੁੱਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਾਲੀ ਕੁਰਸੀ ਵੀ ਖ਼ਤਰੇ 'ਚ ਹੈ। ਸਰਕਾਰ 'ਚ ਲਗਾਤਾਰ ਘੱਟ ਰਹੀ ਵੁੱਕਤ ਤੋਂ ਪਰੇਸ਼ਾਨ ਸੁਨੀਲ ਜਾਖੜ ਬੁਰੀ ਤਰਾਂ ਬੁਖਲਾ ਚੁੱਕੇ ਹਨ। ਆਪਣੀ ਖਿਸਕਦੀ ਜਾ ਰਹੀ ਜ਼ਮੀਨ ਅਤੇ ਮਾਫ਼ੀਆ ਅੱਗੇ ਨਿਲਾਮ ਹੋਈ ਮਰੀ ਜ਼ਮੀਰ ਨੂੰ ਜਿੰਦਾ ਦਿਖਾਉਣ ਲਈ ਸੁਨੀਲ ਜਾਖੜ ਨੇ ਪੰਜਾਬ ਅਤੇ ਪੰਜਾਬੀਆਂ ਦਰਪੇਸ਼ ਮੁੱਦੇ ਛੱਡ ਕੇ ਦਿੱਲੀ ਸਰਕਾਰ ਦੇ ਅਫ਼ਸਰਾਂ ਵੱਲੋਂ ਹੋਈ ਚੂਕ ਨੂੰ ਵੱਡਾ ਮੁੱਦਾ ਬਣਾ ਕੇ ਪੇਸ਼ ਕਰਨ ਦੀ ਗੈਰ ਜਿੰਮੇਦਾਰਨਾ ਕੋਸ਼ਿਸ਼ ਕੀਤੀ ਹੈ।
sunil jhakar
ਆਮ ਆਦਮੀ ਪਾਰਟੀ ਵਿਰੁੱਧ ਕੀਤੀ ਇਸ ਘਟੀਆ ਸ਼ਰਾਰਤ ਲਈ ਜਾਖੜ ਨੂੰ ਮੁਆਫ਼ੀ ਮੰਗਣੀ ਪਵੇਗੀ।'' ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਇਹ ਤਿੱਖਾ ਸ਼ਬਦੀ ਹਮਲਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਰਾਜਧਾਨੀ 'ਚ ਪ੍ਰੈਸ ਕਾਨਫ਼ਰੰਸ ਰਾਹੀਂ ਕੀਤਾ। ਸੁਨੀਲ ਜਾਖੜ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ 'ਤੇ ਟਵਿੱਟਰ ਰਾਹੀਂ ਉਸ ਟਿੱਪਣੀ ਨੂੰ 'ਆਪ' ਨੇ ਇਹ ਤਿੱਖਾ ਪਲਟਵਾਰ ਕੀਤਾ। ਜਿਸ 'ਚ ਪੰਜਾਬ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਨੂੰ ਵੱਖਵਾਦੀ ਅਤੇ ਦੇਸ਼ ਵਿਰੋਧੀ ਦੱਸਿਆ ਸੀ।
File photo
ਹਰਪਾਲ ਸਿੰਘ ਚੀਮਾ ਨੇ ਪਾਰਟੀ ਦੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਅਤੇ ਵਪਾਰ ਵਿੰਗ ਦੀ ਸੂਬਾ ਪ੍ਰਧਾਨ ਨੀਨਾ ਮਿੱਤਲ ਨਾਲ ਮੀਡੀਆ ਦੇ ਮੁਖ਼ਾਤਬ ਹੁੰਦਿਆਂ ਸਪਸ਼ਟ ਕੀਤਾ ਕਿ ਜਿਸ ਇਸ਼ਤਿਹਾਰ ਨੂੰ ਲੈ ਕੇ ਜਾਖੜ ਊਟ-ਪਟਾਂਗ ਟਿੱਪਣੀਆਂ ਕਰ ਰਹੇ ਹਨ, ਦਿੱਲੀ ਸਰਕਾਰ ਨੇ ਮਾਮਲਾ ਧਿਆਨ 'ਚ ਆਉਣ ਸਾਰ ਨਾ ਕੇਵਲ ਉਹ ਇਸ਼ਤਿਹਾਰ ਵਾਪਸ ਲਿਆ ਸਗੋਂ ਸੰਬੰਧਿਤ ਅਧਿਕਾਰੀ ਨੂੰ ਮੁਅੱਤਲ ਕਰਕੇ ਉਸ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਵੱਲੋਂ ਇੱਕ ਭਰਤੀ ਬਾਰੇ ਜਾਰੀ ਇਸ਼ਤਿਹਾਰ 'ਚ ਸੰਬੰਧਿਤ ਅਫ਼ਸਰਾਂ ਦੀ ਚੂਕ ਨਾਲ ਸਿੱਕਮ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਸੀ।
arvind kejriwal
ਚੀਮਾ ਨੇ ਕਿਹਾ ਕਿ ਬਾਬੂਆਂ ਦੇ ਪੱਧਰ 'ਤੇ ਹੋਈ ਗ਼ਲਤੀ ਨੂੰ ਸੁਨੀਲ ਜਾਖੜ ਨੇ ਜਿਸ ਸ਼ਰਾਰਤਾਨਾ ਅੰਦਾਜ਼ 'ਚ ਜਾਖੜ ਨੇ ਆਮ ਆਦਮੀ ਪਾਰਟੀ ਦੀ ਨੀਅਤ ਅਤੇ ਨੀਤੀਆਂ 'ਤੇ ਉਗਲ ਉਠਾਈ ਹੈ, ਇਹ ਬੇਹੱਦ ਮੰਦਭਾਗੀ ਅਤੇ ਗੈਰ-ਜਿੰਮੇਦਾਰਨਾ ਹਰਕਤ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇਸ਼ ਵਿਰੋਧੀ ਜਾਂ ਵੱਖਵਾਦੀ ਹੁੰਦੀ ਤਾਂ ਦਿੱਲੀ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਲਗਾਤਾਰ ਤੀਜੀ ਵਾਰ ਵੱਡੀ ਜਿੱਤ ਨਾ ਦਰਜ ਕਰ ਸਕਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਬਿਹਤਰੀ ਲਈ ਲੋਟੂ ਅਤੇ ਭ੍ਰਿਸ਼ਟ ਨਿਜ਼ਾਮ ਵਿਰੁੱਧ ਚੱਲੇ ਅੰਦੋਲਨ 'ਚੋਂ ਪੈਦਾ ਹੋਈ ਪਾਰਟੀ ਹੈ।
File Photo
ਪੂਰੀ ਦੁਨੀਆ 'ਚ ਫੈਲੀ ਕੋਰੋਨਾ ਮਹਾਂਮਾਰੀ ਵਿਰੁੱਧ ਜਿਸ ਸਫਲਤਾ ਨਾਲ ਕੇਜਰੀਵਾਲ ਸਰਕਾਰ ਨੇ ਕੰਮ ਕੀਤੇ ਹਨ, ਉਸ ਦੀ ਸ਼ਲਾਘਾ ਨਾ ਕੇਵਲ ਦੇਸ਼ ਸਗੋਂ ਪੂਰੀ ਦੁਨੀਆ 'ਚ ਹੋ ਰਹੀ ਹੈ। ਚੀਮਾ ਨੇ ਜਾਖੜ ਨੂੰ ਪੁੱਛਿਆ ਕਿ ਜੇਕਰ ਆਮ ਆਦਮੀ ਪਾਰਟੀ ਦਾ ਪਿਛੋਕੜ ਦੇਸ਼ ਵਿਰੋਧੀ ਹੈ ਤਾਂ ਸਾਢੇ ਤਿੰਨ ਸਾਲਾਂ ਦੇ ਕਾਂਗਰਸੀ ਕਾਰਜਕਾਲ ਦੌਰਾਨ 'ਆਪ' ਦੇ ਆਗੂਆਂ ਵਿਰੁੱਧ ਕੇਸ ਦਰਜ਼ ਕਿਉਂ ਨਹੀਂ ਕੀਤੇ? ਕੀ ਅਜਿਹੇ ਗੈਰ ਜਿੰਮੇਵਾਰਨਾ ਬਿਆਨ ਆਪਣੀ ਕੁਰਸੀ ਬਚਾਉਣ ਅਤੇ ਅਸਲ ਮੁੱਦਿਆਂ ਖ਼ਾਸ ਕਰਕੇ ਕਾਂਗਰਸੀ ਖ਼ਾਨਾ-ਜੰਗੀ ਤੋਂ ਧਿਆਨ ਹਟਾਉਣ ਲਈ ਨਹੀਂ ਦਿੱਤਾ ਗਿਆ?
sunil jhakar
ਚੀਮਾ ਨੇ ਚੁਨੌਤੀ ਦਿੱਤੀ ਕਿ ਜੇਕਰ ਜਾਖੜ ਦੀ ਆਪਣੀ ਸਰਕਾਰ 'ਚ ਮਾੜੀ-ਮੋਟੀ ਵੀ ਪੁੱਛ-ਪ੍ਰਤੀਤ ਹੈ ਤਾਂ ਉਹ 'ਆਪ' ਦੇ ਕਥਿਤ 'ਦੇਸ਼ ਵਿਰੋਧੀ' ਆਗੂਆਂ 'ਤੇ ਪਰਚੇ ਕਿਉਂ ਨਹੀਂ ਦਰਜ਼ ਕਰਾਉਂਦੇ? ਚੀਮਾ ਨੇ ਕਿਹਾ ਕਿ ਜਾਂ ਤਾਂ ਜਾਖੜ ਆਪਣੇ ਦੋਸ਼ ਸਾਬਤ ਕਰਨ ਜਾਂ ਫਿਰ ਕਿ ਹਫ਼ਤੇ ਦੇ ਅੰਦਰ ਅੰਦਰ ਆਪਣਾ ਬਿਆਨ ਵਾਪਸ ਲੈ ਕੇ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗਣ। ਅਜਿਹਾ ਨਾ ਕਰਨ ਦੀ ਸੂਰਤ 'ਚ ਸੂਬਾ ਪੱਧਰੀ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਤੌਰ ਕਾਂਗਰਸ ਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਕੋਲ ਕਿਸੇ ਵੀ ਪਾਰਟੀ ਦੇ ਪਿਛੋਕੜ 'ਤੇ ਉਗਲੀ ਉਠਾਉਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ ਹੈ।
Congress
ਦੇਸ਼ ਦੀ ਵੰਡ ਤੋਂ ਲੈ ਕੇ ਅੱਜ ਤੱਕ ਕਾਂਗਰਸ ਦੇ ਫ਼ਿਰਕੂ ਪਿਛੋਕੜ ਤੋਂ ਬੱਚਾ-ਬੱਚਾ ਜਾਣੂ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਦਾ ਜੋ ਹਾਲ ਅੱਜ ਸਭ ਦੇ ਸਾਹਮਣੇ ਹੈ, ਉਸ ਨੇ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੂੰ ਸਭ ਤੋਂ ਨਖਿੱਧ ਮੁੱਖ ਮੰਤਰੀ ਅਤੇ ਸੁਨੀਲ ਜਾਖੜ ਨੂੰ ਪੰਜਾਬ ਦਾ 'ਪੱਪੂ' ਸਾਬਤ ਕਰ ਦਿੱਤਾ ਹੈ। ਸੁਨੀਲ ਜਾਖੜ 'ਤੇ ਸੂਬੇ ਦੇ ਮਾਫ਼ੀਆ ਅੱਗੇ ਆਪਣੀ ਜ਼ਮੀਰ ਵੇਚੇ ਜਾਣ ਦੇ ਦੋਸ਼ ਲਗਾਉਂਦੇ ਹੋਏ ਚੀਮਾ ਨੇ ਕਿਹਾ ਕਿ ਜਾਖੜ ਨੇ ਵੀ ਬਿਜਲੀ ਮਾਫ਼ੀਆ ਨਾਲ ਕੈਪਟਨ ਅਤੇ ਬਾਦਲਾਂ ਵਾਂਗ ਆਪਣੀ ਹਿੱਸਾ-ਪੱਤੀ ਤੈਅ ਕਰ ਲਈ ਹੈ,
electricity
ਇਹੋ ਕਾਰਨ ਹੈ ਕਿ ਬਾਦਲਾਂ ਦੇ ਰਾਜ ਦੌਰਾਨ ਲੋਟੂ ਬਿਜਲੀ ਸਮਝੌਤਿਆਂ ਵਿਰੁੱਧ ਨਿੱਤ ਪ੍ਰੈੱਸ ਕਾਨਫ਼ਰੰਸ ਕਰਨ ਵਾਲੇ ਜਾਖੜ ਆਪਣੀ ਸਰਕਾਰ ਆਉਣ 'ਤੇ ਚੁੱਪ ਹੋ ਗਏ। ਚੀਮਾ ਨੇ ਕਿਹਾ ਕਿ ਜੇਕਰ ਜਾਖੜ 'ਚ ਰੱਤੀ ਭਰ ਵੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਦਰਦ ਹੈ ਤਾਂ ਉਹ ਮਾਰੂ ਬਿਜਲੀ ਸਮਝੌਤੇ ਰੱਦ ਕਿਉਂ ਨਹੀਂ ਕਰਾਉਂਦੇ। ਜੇਕਰ ਕੈਪਟਨ ਸਰਕਾਰ ਉਨ੍ਹਾਂ ਦੀ ਨਹੀਂ ਮੰਨਦੀ ਤਾਂ ਉਹ ਪ੍ਰਧਾਨਗੀ ਦੀ ਕੁਰਸੀ ਨਾਲ ਕਿਉਂ ਚਿਪਕੇ ਹੋਏ ਹਨ?
File photo
ਇਸ ਤੋਂ ਪਹਿਲਾਂ ਚੀਮਾ ਨੇ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੋਨ ਰੱਖ ਕੇ ਇਸ ਹਾਕੀ ਖਿਡਾਰੀ ਨੂੰ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਚੀਮਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਗੈਰੀ ਬੜਿੰਗ, ਸੁਖਵਿੰਦਰ ਸੁੱਖੀ ਅਤੇ ਬੁਲਾਰੇ ਗੋਬਿੰਦਰ ਮਿੱਤਲ ਵੀ ਮੌਜੂਦ ਸਨ।