ਸਿੱਖਾਂ ਨੂੰ ਹਥਿਆਰ ਚੁੱਕਣ ਦੀ ਸਲਾਹ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਹੱਥਾਂ 'ਚ ਹਥਿਆਰ ਫੜਾਉਣ- ਸੁਖਜਿੰਦਰ ਰੰਧਾਵਾ
Published : May 29, 2022, 11:24 am IST
Updated : May 29, 2022, 11:24 am IST
SHARE ARTICLE
 Sukhjinder Randhawa
Sukhjinder Randhawa

'ਪੰਜਾਬ 'ਚ ਫ਼ੈਲੇ ਨਸ਼ੇ ਲਈ ਮੈਂ SGPC ਨੂੰ ਦੋਸ਼ੀ ਮੰਨਦਾ, ਇਨ੍ਹਾਂ ਦੇ ਆਕਾ ਹੀ ਨਸ਼ਾ ਮਾਫ਼ੀਆ ਚਲਾਉਂਦੇ ਨੇ'

 

ਚੰਡੀਗੜ੍ਹ -ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਬਿਆਨ ਕਿ 'ਸਿੱਖ ਲਾਇਸੈਂਸੀ ਹਥਿਆਰ ਚੁੱਕਣ' ਦਾ ਕੁਝ ਲੋਕ ਵਿਰੋਧ ਕਰ ਰਹੇ ਹਨ। ਸਾਰੇ ਸਿੱਖ ਜਥੇਦਾਰ ਦੇ ਇਸ ਬਿਆਨ ਨਾਲ ਸਹਿਮਤੀ ਨਹੀਂ ਰੱਖ ਰਹੇ।  ਜਥੇਦਾਰ ਦੇ ਇਸ ਬਿਆਨ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਹਨਾਂ ਨਾਲ ਹੋਈ ਗੱਲਬਾਤ ਦੇ ਵਿਸ਼ੇਸ਼ ਅੰਸ਼:

 

 Sukhjinder RandhawaSukhjinder Randhawa

ਪ੍ਰਸ਼ਨ- ਬਤੌਰ ਇਕ ਸਿੱਖ ਤੁਸੀਂ ਅਜਿਹੇ ਅਹੁਦੇ ਸੰਭਾਲੇ ਤੇ ਤੁਸੀਂ ਅੰਦਰਲੇ ਹਾਲਾਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਕੀ ਅੱਜ ਇਹੋ ਜਿਹੀ ਲੋੜ ਹੈ ਕਿ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਦਿੱਤਾ ਜਾਵੇ ਕਿ ਸਾਰੇ ਸਿੱਖ ਲਾਇਸੈਂਸੀ  ਹਥਿਆਰ ਰੱਖਣ?

ਜਵਾਬ- ਜਥੇਦਾਰ ਵਲੋਂ ਦਿੱਤਾ ਬਿਆਨ ਕਿ ਸਾਰੇ ਸਿੱਖ ਲਾਇਸੈਂਸੀ ਹਥਿਆਰ ਰੱਖਣ ਇਹ ਬਹੁਤ ਹੀ ਮੰਦਭਾਗਾ ਹੈ।  ਸਿੱਖ ਇਕ ਬਹਾਦਰ ਤੇ ਸੂਰਬੀਰ ਕੌਮ ਹੈ। ਜਿਸਨੇ ਕਦੇ ਵੀ ਨਿਹੱਥੇ 'ਤੇ ਵਾਰ ਨਹੀਂ ਕੀਤਾ। ਜਥੇਦਾਰ ਦੇ ਦਿੱਤੇ ਬਿਆਨ ਪਿੱਛੇ ਸਿਆਸੀ ਤਰਕ ਵੀ ਹਨ। ਮੈਂ ਉਹਨਾਂ ਨੂੰ ਇਕ ਚੀਜ਼ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸਿੱਖ ਕੌਮ ਨੂੰ ਖ਼ਤਰੇ ਵਿਚ  ਵੇਖ ਰਹੇ ਹੋ ਤਾਂ ਉਸ ਬਾਰੇ ਪੂਰੀ ਸਿੱਖ ਕੌਮ ਨੂੰ ਜਾਣੂ ਕਰਵਾਓ ਤੇ ਦੱਸੋ ਸਿੱਖਾਂ ਨੂੰ ਅੱਗੇ ਇਹ ਖਤਰਾ ਹੈ ਤੇ ਉਹ ਆਪਣੀ ਰੱਖਿਆ ਆਪ ਕਰਨ।  ਜਥੇਦਾਰ ਸਾਬ੍ਹ ਤੁਸੀਂ ਤਾਂ ਆਪ ਗੰਨਮੈਨ ਨਾਲ ਘਿਰੇ ਰਹਿੰਦੇ ਹੋ। ਜਿਸ ਤਖ਼ਤ ਤੇ ਤੁਸੀਂ ਬੈਠਦੇ ਹੋ। ਉਥੇ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ।  ਹਰਿਮੰਦਰ ਸਾਹਿਬ ਵਿਖੇ ਹਰ ਧਰਮ ਦਾ ਬੰਦਾ ਮੱਥਾ ਟੇਕਦਾ। ਜੇ ਜਥੇਦਾਰ ਜੀ ਤੁਹਾਨੂੰ ਗੰਨਮੈਨਾਂ ਦੀ ਲੋੜ ਹੈ ਤਾਂ ਫਿਰ ਕਿੱਥੇ ਜਾ ਕੇ ਮੱਥਾ ਟੇਕਾਂਗੇ। ਕਿਸ ਵੱਲ ਵੇਖਾਂਗੇ ਕਿ ਇਹ ਬੰਦਾ ਸਾਡੀ ਰੱਖਿਆ ਕਰੇਗਾ। ਤੁਸੀਂ ਤਾਂ ਆਪ ਹੀ ਗੰਨਮੈਨਾਂ ਵਿਚ ਘਿਰੇ ਹੋਏ ਹੋ। ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਇਆ ਸੀ ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਕ ਅਪੀਲ ਕੀਤੀ ਸੀ ਕਿ ਜਿਹੜੇ ਸਿੱਖ ਫੌਜੀ ਨੇ ਉਹ ਫੌਜ ਤੋਂ ਬਾਹਰ ਆ ਜਾਣ। ਕਈ ਥਾਵਾਂ ਤੋਂ ਸਿੱਖ ਫੌਜੀ ਆਪਣੀਆਂ ਗੱਡੀਆਂ ਲੈ ਕੇ ਅੰਮ੍ਰਿਤਸਰ ਨੂੰ ਚੱਲ ਪਏ।  ਉਹਨਾਂ ਤੇ ਤਸ਼ੱਸਦ ਹੋਇਆ। ਕਈ ਦੇ ਗੋਲੀਆਂ ਲੱਗੀਆਂ। ਕਈ ਸ਼ਹੀਦ ਹੋ ਗਏ। ਮੈਂ ਪੁੱਛਣਾ ਚਾਹੁੰਦਾ ਜਥੇਦਾਰ ਸਾਬ੍ਹ ਜਿਹੜੇ ਸੁਖਬੀਰ ਬਾਦਲ ਨੂੰ ਕੋਲ ਬਿਠਾ ਕੇ ਇਹੋ ਜਿਹੇ ਬਿਆਨ ਦੇ ਰਹੇ ਹੋ।  ਉਹਨਾਂ ਦੇ ਪਿਤਾ ਨੂੰ ਬਾਦਲ ਪਿੰਡ ਜਾ ਕੇ ਪੁੱਛਿਆ ਕਿ ਜਿਹੜੇ ਧਰਮੀ ਫੌਜੀ ਹਨ ਉਹ ਕਿਵੇਂ ਹਨ। ਉਹਨਾਂ ਦੇ ਪਰਿਵਾਰਿਕ ਮੈਂਬਰ ਕਿਵੇਂ ਹਨ। ਕਿਹੋ ਜਿਹੇ ਹਾਲਾਤਾਂ 'ਚੋਂ ਨਿਕਲ ਰਹੇ ਹਨ। ਉਹਨਾਂ ਦੀ ਆਰਥਿਕ ਸਥਿਤੀ ਕੀ ਹੈ?

 Sukhjinder RandhawaSukhjinder Randhawa

 

ਪ੍ਰਸ਼ਨ- ਮੈਨੂੰ ਯਾਦ ਹੈ ਮੈਂ ਜਦੋਂ ਛੋਟੀ ਸੀ ਮੇਰੇ ਪਿਤਾ ਜੀ ਮੈਗਜ਼ੀਨ ਚਲਾਉਂਦੇ ਸਨ ਉਦੋਂ ਉਹਨਾਂ ਨੇ ਸਾਰੇ ਪੈਸੇ ਇਕੱਠੇ ਕਰਕੇ ਧਰਮੀ ਫੌਜੀਆਂ ਨੂੰ ਦਿੱਤੇ ਕਿਉਂਕਿ ਉਦੋਂ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ। ਸਪੋਕਸਮੈਨ ਜਿੰਨ੍ਹੇ ਪੈਸੇ ਇਕੱਠੇ ਕਰ ਸਕਦਾ ਸੀ ਉਨੇ ਕੀਤੇ। ਧਰਮੀ ਫੌਜੀਆਂ ਨੂੰ ਬਾਅਦ ਵਿਚ ਸਨਮਾਨ ਕੀਤਾ ਗਿਆ ਪਰ ਪਹਿਲਾਂ ਤਾਂ ਨਹੀਂ ਉਹਨਾਂ ਨੂੰ ਸਨਮਾਨ ਕੀਤਾ ਗਿਆ।

  ਜਵਾਬ-  ਹੁਣ ਲਿਸਟਾਂ ਕੱਢ ਕੇ ਵੇਖ ਲਵੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੋ ਟਾਸਕ ਫਰੋਸ ਬਣੀ ਹੈ। ਉਸ ਵਿਚ ਵੇਖ ਲਵੋ ਕਿੰਨੇ ਕੁ ਧਰਮੀ ਫੌਜੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਰੱਖੇ ਨੇ। ਬਾਦਲ ਸਾਬ੍ਹ ਲਗਾਤਾਰ 3 ਸਾਲ ਮੁੱਖ ਮੰਤਰੀ ਰਹੇ। ਬਾਦਲ ਪਰਿਵਾਰ ਨੇ ਉਹਨਾਂ ਬਾਰੇ ਕਦੇ ਸੋਚਿਆ ਹੀ ਨਹੀਂ। ਜਿਨ੍ਹਾਂ ਨੂੰ ਆਪਾਂ ਖਾੜਕੂ ਕਹਿ ਦਿੰਦੇ ਹਨ। ਜਥੇਦਾਰ ਨੇ ਉਹਨਾਂ  ਦੇ ਪਰਿਵਾਰਾਂ ਦੇ ਹਾਲਾਤਾਂ ਨੂੰ ਕਦੇ ਵੇਖਿਆ। ਮੈਂ ਜਥੇਦਾਰ ਸਾਬ੍ਹ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਵੀ ਤੁਸੀਂ ਬਿਆਨ ਦਿੰਦੇ ਹੋ ਤਾਂ ਸਿੱਖ ਕੌਮ ਨੂੰ ਬਚਾਉਣ ਵੱਲ ਘਟ ਤੇ ਬਾਦਲ ਪਰਿਵਾਰ ਨੂੰ  ਬਚਾਉਣ ਵੱਲ ਤੁਹਾਡਾ ਜ਼ਿਆਦਾ ਧਿਆਨ ਹੁੰਦਾ ਹੈ। ਸਿੱਖ ਬਹੁਤ ਵੱਡੀ ਗੱਲ ਹੈ। ਸਿੱਖ ਕਹਿਣਾ ਹੀ ਮਾਣ ਵਾਲੀ ਗੱਲ ਹੈ। ਗੁਰੂ ਨਾਨਕ ਦੇ ਸਮੇਂ 16 ਕਰੋੜ ਸਿੱਖ ਸਨ।  ਉਸ ਵਿਚ ਸਿੰਧੀ ਵੀ ਸੀ, ਉਸ ਵਿਚ ਹਿੰਦੂ ਵੀ ਸਨ, ਸੱਜਣ ਠੱਗ ਵਰਗਿਆਂ ਨੇ ਵੀ ਗੁਰੂ ਦੀ ਗਲਵਕੜੀ ਵਿਚ ਆ ਕੇ ਗਲਤ ਕੰਮ ਛੱਡ ਦਿੱਤੇ ਤੇ ਸਿੱਧੇ ਰਾਹ ਆ ਗਏ ਸਨ। ਅੱਜ ਕੀ ਗੱਲ ਹੋਈ ਕਿ ਬਾਬੇ ਨਾਨਕ ਦੀ ਸਿੱਖੀ 16 ਕਰੋੜ ਚੋਂ ਮੁੱਠੀ ਭਰ ਰਹਿ ਗਈ।  ਉਹ ਵੀ ਸਿਮਟ ਕਿ ਪੰਜਾਬ ਵਿਚ ਰਹਿ ਗਏ। ਕਿਤੇ ਇਹ ਤੇ ਬਾਕੀ ਸਾਰੇ ਉਹਨਾਂ ਲੋਕਾਂ ਨਾਲ ਤਾਂ ਨਹੀਂ ਮਿਲ ਗਏ ਜਿਹੜੇ ਸਿੱਖੀ ਨੂੰ ਖ਼ਤਮ ਕਰਨਾ ਚਾਹੁੰਦੇ ਹੋਣ। ਇਹ ਬੜੀ ਸੋਚਣ ਵਾਲੀ ਗੱਲ ਹੈ।

Nimrat Kaur Nimrat Kaur

ਪ੍ਰਸ਼ਨ- ਅਸੀਂ ਬੜੀ ਦਲੇਰ ਕੌਮ ਹਾਂ, ਅਸੀਂ ਮਾਰਸ਼ਲ ਕੌਮ ਹਾਂ ਨਾਲ ਹੀ ਅਸੀਂ ਬੜੀ ਸਿਆਣੀ ਕੌਮ ਹਾਂ ਟਿਕਸ਼ਿਲਾ ਯੂਨੀਵਰਸਿਟੀ ਵੀ ਤਾਂ ਪਹਿਲਾਂ ਪੰਜਾਬ ਵਿਚ ਆਈ ਸੀ  ਉਦੋਂ ਸਮੇਂ ਦੀ ਲੋੜ ਸੀ ਤਾਂ ਹਥਿਆਰ ਚੁੱਕੇ ਸੀ ਕੀ ਅੱਜ ਸਮੇਂ ਦੀ ਲੋੜ ਹੈ ਸਾਨੂੰ?

  ਜਵਾਬ- ਸਮੇਂ ਦੀ ਕੋਈ ਲੋੜ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਉਹਨਾਂ ਨੇ ਨਾਮ ਕਮਾਇਆ ਤੇ ਉਹਨਾਂ ਨੂੰ ਅੱਜ ਵੀ ਸ਼ੇਰੇ-ਏ-ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਤੱਕ ਕੋਈ ਵੀ ਰਾਜਾ ਕਿਸੇ ਵੀ ਧਰਮ ਦਾ ਹੋਇਆ ਉਹ ਸ਼ੇਰ ਨਹੀਂ ਬਣਿਆ ਤੇ ਨਾ ਹੀ ਕਿਸੇ ਨੂੰ ਸ਼ੇਰੇ ਦਾ ਖਿਤਾਬ ਦਿੱਤਾ ਗਿਆ। ਇਕ ਮਹਾਰਾਜਾ ਰਣਜੀਤ ਸਿੰਘ ਹੀ ਸਨ ਜਿਹਨਾਂ ਨੂੰ ਸ਼ੇਰੇ-ਏ-ਪੰਜਾਬ ਦਾ ਖਿਤਾਬ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਹਰ ਧਰਮ ਦੀ ਰੱਖਿਆ ਕੀਤੀ ਤੇ ਉਸ ਦਾ ਸਤਿਕਾਰ ਕੀਤਾ ਤੇ ਅੱਜ ਇਕ ਪਾਸੇ ਹਿੰਦੂ ਰਾਜ ਦੀ ਗੱਲ ਚੱਲ ਰਹੀ ਹੈ ਤੇ ਦੂਜੇ ਪਾਸੇ ਜਥੇਦਾਰ ਸਾਬ੍ਹ ਇਹੋ ਜਿਹੀ ਗੱਲ ਕਰਨਗੇ ਤਾਂ ਬਾਹਰਲੇ ਰਾਜਾਂ ਵਿਚ ਸਿੱਖਾਂ ਨੂੰ ਕਿਸ ਨਜ਼ਰੀਏ ਨਾਲ ਵੇਖਣਗੇ। ਕੌਣ ਇਹਨਾਂ ਨੂੰ ਲਾਇਸੈਂਸ ਬਣਾ ਕੇ ਦੇਵੇਗਾ।  ਕਿਹੜੇ ਬੱਚਿਆਂ ਲਈ ਇਹ ਨੌਕਰੀ ਲੈਣ ਲਈ ਜਾਣਗੇ। ਮੈਂ ਜਥੇਦਾਰ ਸਾਬ੍ਹ ਨੂੰ ਇਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਥੇਦਾਰ ਜੀ ਅਸੀਂ ਇਕ-ਇਕ ਪਿੰਡ ਵਿਚ ਚਾਰ- ਚਾਰ ਗੁਰਦੁਆਰੇ ਬਣਾਏ ਨੇ। ਉਹਨਾਂ ਨੂੰ ਪਹਿਲਾਂ ਇਕ ਗੁਰਦੁਆਰਾ ਤਾਂ ਕਰ ਲਵੋ। ਸਾਰੇ ਸਿੱਖ ਇਕ ਗੁਰਦੁਆਰੇ ਵਿਚ ਬੈਠ ਕੇ  ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾ 'ਤੇ ਚੱਲਣ।  ਫਿਰ ਸਾਰੇ ਪਿੰਡਾਂ ਵਿਚ ਵੱਖੋ-ਵੱਖਰਾ ਸਮਸ਼ਾਨ ਘਾਟ ਹੈ। ਉਹਨਾਂ ਨੂੰ ਤਾਂ ਇਕ ਕਰ ਲਈਏ। ਜਿਉਂਦੇ ਜੀਅ ਤਾਂ ਇਕ ਨਹੀਂ ਹੋਏ ਮਰਨ ਲੱਗੇ ਹੀ ਇਕ ਹੋ ਜਾਈਏ। ਇਹਨਾਂ ਚੀਜ਼ਾਂ 'ਤੇ ਜਥੇਦਾਰ ਸਾਬ੍ਹ ਦਾ ਕਦੇ ਵੀ ਧਿਆਨ ਨਹੀਂ ਗਿਆ। ਧਰਮ ਪ੍ਰਚਾਰ ਦੇ ਨਾਮ 'ਤੇ ਪੰਜਾਬ ਵਿਚ ਕਦੇ ਵੀ ਕੋਈ ਧਰਮ ਦਾ ਪ੍ਰਚਾਰ ਕਰਨ ਲਈ ਨਹੀਂ ਗਿਆ। ਸ਼੍ਰੋਮਣੀ ਕਮੇਟੀ ਵਿਚੋਂ ਕੋਈ ਨਹੀਂ ਗਿਆ। ਇਹਨਾਂ ਨੇ ਇਕ ਕਮੇਟੀ ਬਣਾਈ ਜਿਸ ਵਿਚ ਬੰਦੀ ਸਿੰਘ ਬਾਰੇ, ਰਾਮ ਰਹੀਮ ਦੇ ਕੇਸਾਂ ਲਈ ਕੀ ਕੀਤਾ ਉਹ ਸਭ ਸੀ। ਮੈਂ ਦਾਦੂਵਾਲ ਤੇ ਸਰਨਾ ਸਾਬ੍ਹ ਨੂੰ ਕਾਲ ਕੀਤੀ ਕਿ ਮੈਨੂੰ ਵੀ ਪੇਸ਼ ਕਰੋ ਤੇ ਪੁੱਛੋਂ ਕਿ ਤੁਹਾਡੇ ਡਿਪਟੀ ਸੀਐਮ ਮੈਂਬਰ ਨੇ ਕੀ ਕੀਤਾ ਤੇ ਜਿਹੜਾ ਬਾਅਦ ਵਿਚ ਤਿੰਨ ਮਹੀਨਿਆਂ ਲਈ ਡਿਪਟੀ ਸੀਐਮ ਬਣਿਆ ਉਸ ਨੇ ਸਿੱਖਾਂ ਲਈ ਕੀ ਕੀਤਾ। 

 Sukhjinder RandhawaSukhjinder Randhawa

ਮੈਨੂੰ ਕਹਿੰਦੇ ਤੁਸੀਂ ਸਟੇਟਮੈਂਟ ਦੇਵੋ। ਮੈਂ ਕਿਹਾ ਸਟੇਟਮੈਂਟ ਕਿਉਂ ? ਮੈਂ ਤੁਹਾਡੇ ਸਾਹਮਣੇ ਕਿਉਂ ਨਹੀਂ ਗੱਲ ਕਰ ਸਕਦਾ। ਮੇਰੇ ਕੋਲ ਲਿਸਟ ਹੈ ਜੋ ਇਹਨਾਂ ਨੇ ਮਤਾ ਕੀਤਾ ਸੀ ਸਰਬਤ ਖਾਲਸਾ। ਉਸ ਵਿਚ ਸੱਤਵਾਂ ਨੰਬਰ ਸੀ ਕਿ ਸਰਬੱਤ ਖਾਲਸਾ ਤਗੀਦ ਕਰਦਾ ਹੈ ਕਿ ਜੇਲ੍ਹਾਂ ਵਿਚ ਬੰਦੀ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਤੇ ਵੀ ਕੋਈ ਨੋਟਿਸ ਲਿਆ।  ਮੈਂ ਕਹਿਣਾ ਹਾਂ ਕਿ ਬਿਲਕੁਲ ਵੀ ਨਹੀਂ ਲਿਆ। ਦੂਜੀ ਚੀਜ਼ ਇਹਨਾਂ ਨੇ ਇਹ ਜ਼ਰੂਰ ਕਿਹਾ ਜਿਸ ਵੇਲੇ ਦਵਿੰਦਰ ਪਾਲ ਭੁੱਲਰ ਦੀ ਸਿਹਤ ਖਰਾਬ ਸੀ ਉਦੋਂ ਬਾਦਲ ਸਾਬ੍ਹ ਨੇ ਡੀਜੀਪੀ ਨੂੰ ਉਦੋਂ ਸੁਮੇਧ ਸੈਣੀ ਡੀਜੀਪੀ ਸੀ ਉਸ ਨੂੰ ਲਿਖ ਕੇ  ਭੇਜਿਆ ਕਿ ਦਵਿੰਦਰ ਪਾਲ ਭੁੱਲਰ ਦੇ ਪੰਜਾਬ ਵਿਚ ਆਉਣ ਨਾਲ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ। ਮਤਾ ਨੰਬਰ ਚਾਰ ਵਿਚ ਇਹਨਾਂ ਨੇ ਕਿਹਾ ਕਿ ਸਰਬਤ ਖਾਲਸਾ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰ-ਏ-ਕੌਮ ਅਤੇ ਪੰਥ ਰਤਨ ਅਵਾਰਡ ਵਾਪਸ ਲੈਣ ਦਾ ਫੈਸਲਾ ਕਰਦੀ ਹੈ।  ਇਹਨਾਂ ਨੇ ਜੋ ਮਤੇ ਵਿਚ ਲਿਖਿਆ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਜੋ ਤੁਸੀਂ ਲਿਖਿਆ  ਉਸ ਹਿਸਾਬ ਨਾਲ ਤੁਸੀਂ ਹੁਣ ਹਰਮੀਤ ਸਿੰਘ  ਨੂੰ ਜਥੇਦਾਰ ਅਕਾਲ ਤਖਤ  ਮੰਨਦੇ ਹੋ ਜਾਂ ਫਿਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਹੋ ਇਹ ਤਾਂ ਕਲੀਅਰ ਕਰ ਦੇਵੋ। ਨਾਲ ਇਹ ਵੀ ਪੁੱਛਣਾ ਚਾਹੁੰਦਾ ਹਾਂ 15 ਦੇ ਵਿਚ ਜਦੋਂ ਸਰਬਤ ਖਾਲਸਾ ਹੋਇਆ ਦਾਦੂਵਾਲ ਤੇ ਮਾਨ ਸਾਬ੍ਹ ਦੋ ਮੈਂਬਰ ਨੇ ਉਹ ਸੁਖਬੀਰ ਬੀਦਲ ਨੂੰ ਇਹੀ ਪੁੱਛ ਲੈਣ ਕਿ ਦੇਸ਼ ਧ੍ਰੋਹੀ ਦਾ ਮੁਕੱਦਮਾ ਤਾਂ ਤੂੰ ਸਾਡੇ 'ਤੇ ਕਰਵਾਇਆ। ਇਹ ਦੋਵੇਂ ਜਾਣੇ ਪਤਾ ਨਹੀਂ ਕਿਸ ਮੂੰਹ ਨਾਲ ਉਥੇ ਬੈਠੇ ਨੇ ਤੇ ਉਹ ਵੀ ਪਤਾ ਨਹੀਂ ਕਿਸ ਮੂੰਹ ਨਾਲ ਇਹਨਾਂ ਨਾਲ ਗੱਲ ਕਰਦਾ। ਸਰਨਾ ਸਾਬ੍ਹ ਨੂੰ ਬਾਹਰ ਕੱਢਿਆ। ਜੀ ਕੇ ਨੂੰ ਬਾਹਰ ਕੱਢਿਆ। ਬੰਗਲਾ ਸਾਹਿਬ ਵਿਖੇ ਜੋ ਅਕਾਲੀ ਦਲ ਦਾ ਦਫਤਰ ਸੀ ਉਹ ਬੰਦ ਕਰ ਦਿੱਤਾ।

ਪ੍ਰਸ਼ਨ-  ਇਹ ਸਾਰੇ ਇਕੱਠੇ ਹੋ ਗਏ ਕਿਉਂਕਿ ਪੰਥ ਨੂੰ ਨਹੀਂ ਇਹਨਾਂ ਨੂੰ ਖ਼ਤਰਾ

ਜਵਾਬ-  ਜਦੋਂ ਮੇਰੇ ਕੋਲ ਜੇਲ੍ਹ ਮੰਤਰੀ ਦਾ ਅਹੁਦਾ ਸੀ ਤਾਂ ਧਿਆਨ ਸਿੰਘ ਮੰਡ ਸਨ, ਦਾਦੂਵਾਲ, ਗੁਰਦੀਪ ਸਿੰਘ ਬਠਿੰਡੇ ਤੋਂ, ਕਾਹਨ ਸਿੰਘ ਵਾਲ ਸਮੇਤ 15-16 ਜਾਣੇ ਮੈਨੂੰ ਮਿਲਣ ਲਈ ਆਏ ਕਿ ਸਾਡੇ ਸਿੱਖ ਜੋ ਅੰਦਰ ਬੰਦ ਹਨ ਉਹਨਾਂ ਦੀਆਂ  ਸਜ਼ਾਵਾਂ ਪੂਰੀਆਂ ਹੋ ਗਈਆਂ ਹਨ। ਇਹ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ। ਕਿਸੇ ਨੂੰ ਕੀਤੇ ਦੀ ਸਜ਼ਾ ਮਿਲ ਗਈ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹ ਜੇਲ੍ਹਾਂ ਵਿਚ ਬੰਦ ਹਨ। ਇਹਨਾਂ ਗੱਲਾਂ ਦੇ ਮੈਂ ਵੀ ਖਿਲਾਫ਼ ਹਾਂ। ਮੈਂ ਅੱਤਵਾਦ ਦੇ ਖਿਲਾਫ਼ ਹਾਂ ਕਿਉਂਕਿ ਉਸ ਨਾਲ ਸਾਡਾ ਬਹੁਤ ਨੁਕਸਾਨ ਹੋਇਆ। ਬਹੁਤ ਘਰ ਉਜਾੜੇ ਗਏ।  ਪੰਜਾਬ ਦਾ ਜੋ ਉਸ ਸਮੇਂ ਨੁਕਸਾਨ ਹੋਇਆ ਉਹ ਅਸੀਂ ਹਜੇ ਤੱਕ ਨਹੀਂ ਪੂਰਾ ਕਰ ਸਕੇ।

ਪ੍ਰਸ਼ਨ- ਸਾਨੂੰ ਕਦੇ ਤਾਂ ਆਪਣਾ ਦਿਲ ਮਜਬੂਤ ਕਰ ਆਪਣੀਆਂ ਤੇ ਦੂਜਿਆਂ ਦੀਆਂ ਗਲਤੀਆਂ ਮੰਨਣੀਆਂ ਪੈਣਗੀਆਂ

ਜਵਾਬ- ਜੋ ਗਲਤੀ ਦਰਬਾਰ ਸਾਹਿਬ ਵਿਖੇ ਹੋਈ ਹੈ ਉਹ ਇੰਨਾ ਵੱਡਾ ਕਲੰਕ ਹੈ ਉਹ ਕਦੇ ਹਟ ਨਹੀਂ ਸਕਦਾ। ਗੁਰੂ ਸਾਹਿਬ ਨੇ ਤਾਂ ਔਰੰਗਜ਼ੇਬ ਨੂੰ ਜਾ ਕੇ ਜ਼ਬਰਨਾਮਾ ਲਿਖ ਦਿੱਤਾ ਕਿ ਤੂੰ ਕਾਂਗੜ ਆ ਜਾ, ਦੀਨੇ ਆ ਜਾ ਮੈਂ ਤੈਨੂੰ ਬਖਸ਼ ਦੇਵਾਂਗੇ। ਨਾਲ ਇਹ ਵੀ ਲਿਖ ਦਿੱਤਾ ਕਿ ਤੈਨੂੰ ਦੀਨੇ ਕੋਈ ਖ਼ਤਰਾ ਨਹੀਂ ਹੋਵੇਗਾ। ਜਿਸ ਕਰਕੇ ਸਿੱਖ ਕੌਮ ਕਿਸੇ ਨਾਲ ਈਰਖਾ ਰੱਖਦੀ ਹੀ ਨਹੀਂ। ਜਦੋਂ ਮੈਂ ਜੇਲ੍ਹ ਮੰਤਰੀ ਸੀ ਤਾਂ ਮੈਂ  ਲਾਲ ਸਿੰਘ ਛੱਡਿਆ। ਦਵਿੰਦਰ ਪਾਲ ਸਿੰਘ ਦੀ ਰਿਹਾਈ ਲਈ ਕੇਜਰੀਵਾਲ ਨੂੰ ਚਿੱਠੀ ਲਿਖੀ।  ਫਿਰ ਉਹਨਾਂ ਨੇ ਜਵਾਬ  ਭੇਜਿਆ। ਨੰਦ ਸਿੰਘ ਪੁੱਤਰ ਖੁਸ਼ਹਾਲ ਸਿੰਘ ਨੂੰ ਰਿਹਾਅ ਕੀਤਾ।  ਸੁਭੇਗ ਸਿੰਘ ਪੁੱਤਰ ਸੇਵਾ ਸਿੰਘ ਨੂੰ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕੀਤਾ। ਬਾਬਾ ਬਲਬੀਰ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਤੋਂ ਰਿਹਾਅ ਕੀਤਾ। ਹਰਜਿੰਦਰ ਸਿੰਘ ਨੂੰ ਨਾਭੇ ਤੋਂ, ਵਰਿਆਮ ਸਿੰਘ ਨੂੰ ਕੇਂਦਰੀ ਜੇਲ੍ਹ ਪਟਿਆਲੇ ਤੋਂ ਰਿਹਾਅ ਕੀਤਾ। ਇਹ ਕਾਂਗਰਸ ਦੇ ਰਾਜ ਵਿਚ ਹੋਇਆ। ਮੈਂ ਇਹਨਾਂ ਗੱਲਾਂ ਦਾ ਪ੍ਰਚਾਰ ਨਹੀਂ ਕੀਤਾ। ਤਿੰਨ ਮਹੀਨਿਆਂ ਵਿਚ ਮੈਂ ਜੋ ਬੁਰਜ ਜਵਾਹਰ ਸਿੰਘ ਵਾਲੇ ਤੇ ਮਲਕੇ ਪਿੰਡ ਵਿਚ ਜੋ ਇਸ਼ਤਿਹਾਰ ਲੱਗੇ ਸੀ ਜਿਸ ਤੇ ਲਿਖਿਆ ਸੀ 'ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਲੱਭ ਲਵੋ'। ਬਾਦਲਾਂ ਨੇ ਇਕ ਦਿਨ ਵੀ ਇਹਨਾਂ ਦੀ ਲਿਖਾਈ ਦੀ ਜਾਂਚ ਨਹੀਂ ਕਰਵਾਈ। ਉਹ ਇਸ਼ਤਿਹਾਰ ਇਕ ਮਹੀਨਾ ਪੂਰਾ ਪਿੰਡ ਵਿਚ ਲੱਗੇ ਰਹੇ ਤੇ ਮੇਰੇ ਹਿਸਾਬ ਨਾਲ ਜੇ ਦੋਵਾਂ ਪਿੰਡਾਂ ਦੇ ਲੋਕਾਂ ਦੀ ਲਿਖਾਈ ਦੀ ਜਾਂਚ ਕਰਵਾ ਲੈਂਦੇ ਤਾਂ ਸਾਡੇ ਗੁਰੂ ਦੀ ਬੇਅਦਬੀ ਨਾ ਹੁੰਦੀ। ਮੈਂ ਉਸ ਇਸ਼ਤਿਹਾਰ 'ਤੇ ਲਿਖੀ ਲਿਖਾਈ ਦੀ ਜਾਂਚ ਕਰਵਾਈ। ਕੈਪਟਨ ਸਰਕਾਰ ਵੇਲੇ  9 ਲੋਕ ਫੜੇ ਗਏ ਸਨ। ਮੈਂ ਉਹਨਾਂ 9 ਲੋਕਾਂ ਦੀ ਲਿਖਾਈ  ਇਸ਼ਤਿਹਾਰ ਨਾਲ ਮੈਚ ਕਰਵਾਈ ਉਹਨਾਂ ਵਿਚੋਂ ਇਕ ਜਿਸਦਾ ਨਾਮ ਸੁਖਜਿੰਦਰ ਸਿੰਘ ਹੈ ਦੀ ਲਿਖਾਈ ਮੈਚ ਕਰ ਗਈ।

ਪ੍ਰਸ਼ਨ- ਬਤੌਰ ਸਿੱਖ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਜੋ ਤੁਸੀਂ ਕੀਤਾ

ਜਵਾਬ-  ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਅਖੌਤੀ ਸਿੱਖ ਬੈਠੇ ਨੇ ਇਹ ਮੇਰੇ ਨਾਲ ਗੱਲ ਤਾਂ ਕਰਨ ਇਹ ਸਾਨੂੰ ਸਿੱਖ ਹੀ ਨਹੀਂ ਮੰਨਣਗੇ। ਤੁਹਾਡਾ ਕੀ ਕਸੂਰ ਸੀ। ਸਿੱਖੀ ਲਈ ਤੁਹਾਡਾ ਅਖ਼ਬਾਰ ਰੋਜ਼ਾਨਾ ਸਪੋਕਸਮੈਨ ਲਿਖਦਾ ਸੀ ਤੁਹਾਨੂੰ ਪੰਥ ਚੋਂ ਛੇਕ ਦਿੱਤਾ। 

ਪ੍ਰਸ਼ਨ-  ਮਸਜਿਦ ਦਾ ਸ਼ੋਰ ਪੈ ਰਿਹਾ ਕਿ ਉਥੇ ਪੁਰਾਣੀਆਂ ਪੇਂਟਿੰਗਸ ਨੇ ਜਿਸ ਵਿਚ ਲੱਗਦਾ ਹੈ ਕਿ ਇਹ ਸ਼ਾਇਦ ਹਿੰਦੂ ਧਰਮ ਦੀ ਹੈ ਅੱਜ ਜਦੋਂ ਦਰਬਾਰ ਸਾਹਿਬ ਦੇ ਬਾਹਰ ਜਾਈਏ ਤਾਂ ਨਿਕਾਸੀ ਬਦਲੀ ਗਈ ਉਹਨਾਂ ਵਿਚ ਜੋ ਤਸਵੀਰਾਂ ਲੱਗੀਆਂ ਹਨ ਉਹ ਸਿੱਥ ਧਰਮ ਨਾਲ ਮੇਲ ਨਹੀਂ ਖਾਂਦੀਆਂ ਉਹ ਕਿਸੇ ਹੋਰ ਧਰਮ ਨਾਲ ਮੈਚ ਕਰਦੀਆਂ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਖ਼ਤਰਾ ਸਾਡੇ ਤੇ ਵੀ ਆ ਸਕਦਾ ਹੈ

ਜਵਾਬ-  ਜਿਹੜੇ ਪਾਸੇ ਤੁਰ ਪਏ ਨੇ ਇਸ ਨਾਲ ਦੇਸ਼ ਦਾ ਨੁਕਸਾਨ ਹੋਵੇਗਾ।

ਪ੍ਰਸ਼ਨ- ਪਰ ਜਦੋਂ ਦਰਬਾਰ ਸਾਹਿਬ ਦੀ ਦੁਬਾਰਾ ਨਿਕਾਸੀ ਹੋਈ ਤਾਂ ਤੁਸੀਂ ਉਹ ਤਸਵੀਰਾਂ ਪਾ ਦਿੱਤੀਆਂ ਜਿਸ ਵਿਚ ਕੋਈ ਸੰਤ ਬੈਠਾ ਹੋਇਆ ਇਹ ਨਿਕਾਸੀ ਪਹਿਲਾਂ ਨਹੀਂ ਸੀ ਉਹ ਬਦਲੀ ਗਈ

ਜਵਾਬ- ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਦੇਖਣਾ ਹੋਵੇਗਾ ਕਿ ਇਹ ਬਦਲੀ ਕਿਸ ਨੇ ਕੀਤੀ। ਅੱਜ ਸਾਡਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਗਿਆ ਕਿ ਅਸੀਂ ਆਪਣੀਆਂ ਵਿਰਾਸਤਾਂ ਨੂੰ ਠਾਹ-ਠਾਹ ਉਸ ਉਤੇ ਮਾਰਬਲ ਲਾਉਣਾ ਸ਼ੁਰੂ ਕਰ ਦਿੱਤਾ। ਸਾਡੀ ਹੋਂਦ ਕਿੱਥੋਂ ਕਿੱਥੇ ਰਹਿ ਗਈ ਹੈ। ਪੁਰਾਣੀਆਂ ਜੋ ਨਿਕਾਸੀਆਂ ਹੋਈਆਂ ਸਨ ਉਸ 'ਤੇ ਇਤਿਹਾਸ ਲਿਖਿਆ ਸੀ।

ਪ੍ਰਸ਼ਨ-ਨਾਢਾ ਸਾਹਿਬ ਜਾਂਦੇ ਸੀ ਤਾਂ ਦਿਲ ਨੂੰ ਸਕੂਨ ਮਿਲਦਾ ਸੀ ਪਰ ਹੁਣ ਉਤੇ ਜਾਣ ਨੂੰ ਦਿਲ ਨਹੀਂ ਕਰਦਾ

ਜਵਾਬ- ਤੁਸੀਂ ਚਮਕੌਰ ਸਾਹਿਬ ਚਲ ਜਾਓ ਉਥੇ ਕੀ ਕਰ ਦਿੱਤਾ। ਡੇਰਾ ਬਾਬਾ ਨਾਨਕ ਦਾ ਗੁਰਦੁਆਰਾ ਵੇਖ ਲਵੋ। ਉਥੇ ਪੁਰਾਣਾ ਖੂਹ ਠਾਹ ਦਿੱਤਾ। ਉਸ ਨੂੰ ਨਵਾਂ ਬਣਾ ਦਿੱਤਾ।

ਪ੍ਰਸ਼ਨ- ਨਨਕਾਣਾ ਸਾਹਿਬ ਜਾਓ ਤਾਂ ਉਥੇ ਅੱਜ ਵੀ ਪੁਰਾਣਾ ਖੂਹ ਹੀ ਹੈ 

  ਜਵਾਬ- ਬਿਲਕੁਲ ਉਹਨਾਂ ਨੇ ਉਵੇਂ ਹੀ ਰੱਖਿਆ। ਮੈਂ ਤੁਹਾਨੂੰ ਇਤਿਹਾਸਕ ਗੱਲ ਦੱਸਦਾ ਹਾਂ। ਮੈਂ ਨਨਕਾਣਾ ਸਾਹਿਬ  2004 ਜਾਂ 2005 'ਚ ਗਿਆ। ਉਦੋਂ ਸਰਨਾ ਸਾਬ੍ਹ ਸੋਨੇ ਦੀ ਪਾਲਕੀ ਲੈ ਕੇ ਗਏ ਸੀ ਨਾਲ ਹੀ ਕੈਪਟਨ ਅਮਰਿੰਦਰ ਸਿੰਘ  ਗਏ ਸਨ। ਉਥੇ ਉਹ ਖੜੇ ਹੋ ਗਏ ਕਿ ਉਹਨਾਂ ਨੇ ਪਹਿਲਾਂ ਵਾਲੀ ਪਾਲਕੀ ਬਾਹਰ ਕੱਢ ਕੇ ਉਥੇ ਸੋਨੇ ਦੀ ਪਾਲਕੀ ਲਾਉਣੀ ਸੀ। ਉਥੇ 6 ਸਿੱਖ ਸਨ ਜੋ ਮੇਰੇ ਪਿੰਡ ਧਾਰੋਵਾਲੀ ਦੇ ਸਨ ਤੇ ਸਾਡੇ ਨਾਲ ਜ਼ੁਲਫਕਾਰ ਅਲੀ ਖੜੇ ਸਨ ਜੋ ਮੇਜਰ ਜਨਰਲ ਸਨ ਤੇ ਅਕਾਲ ਬੋਰਡ ਦੇ ਚੇਅਰਮੈਨ ਸਨ। ਜ਼ੁਲਫਕਾਰ ਅਲੀਮੈਨੂੰ ਕਹਿੰਦੇ ਸਰਦਾਰ ਸਾਬ੍ਹ ਅੱਜ ਤੁਸੀਂ ਆਪਣੇ ਪੁਰਖਿਆਂ ਦਾ ਨਾਮੋ ਨਿਸ਼ਾਨ ਮਿਟਾਉਣ ਆਏ ਹੋ। ਉਹ ਜੋ ਅੰਦਰ ਪਾਲਕੀ ਹੈ ਉਸ 'ਤੇ ਗੋਲੀਆਂ ਲੱਗੀਆਂ ਹਨ ਤੇ ਉਹੀ ਗੋਲੀਆਂ ਤੁਹਾਡੇ ਬਜ਼ੁਰਗ ਨੂੰ ਲੱਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਹੀ ਕਹਿ ਦਿੱਤਾ ਕਿ ਉਥੇ ਪਾਲਕੀ ਨਹੀਂ ਲਾਉਣੀ ਬਾਹਰ ਰੱਖ ਦਿਓ। ਅਸੀਂ ਆਪ ਵੇਖਿਆ ਪਾਲਕੀ 'ਤੇ 4-5 ਗੋਲੀਆਂ ਵੱਜੀਆਂ ਹੋਈਆਂ ਸਨ। ਜੇ ਅਸੀਂ ਵੀ ਕਾਰ ਸੇਵਾ ਵਾਂਗੂ ਕਰਦੇ ਅਸੀਂ ਉਹ ਪਾਲਕੀ ਬਾਹਰ ਕੱਢ ਦੇਣੀ ਸੀ ਤੇ ਨਵੀਂ ਸੋਨੇ ਵਾਲੀ ਪਾਲਕੀ ਉਥੇ ਲਾ ਦੇਣੀ ਸੀ। ਅੱਜ ਇਹ ਵੀ ਚਿੰਤਾਜਨਕ ਗੱਲ ਹੈ ਕਿ ਅੱਜ ਅਸੀਂ ਆਪਣੇ ਗੁਰਦੁਆਰੇ ਠਾਹ ਕੇ ਨਵੇਂ ਬਣਾ ਰਹੇ ਹਾਂ ਤੇ ਆਪਣਾ ਇਤਿਹਾਸ ਖ਼ਤਮ ਕਰ ਰਹੇ ਹਾਂ। ਤੁਸੀਂ ਸਰਹਿੰਦ ਹੀ ਚਲੇ ਜਾਓ ਵੇਖ ਲਵੋ ਪਹਿਲਾਂ ਕੀ ਸੀ ਤੇ ਹੁਣ ਕੀ ਹੈ।

ਪ੍ਰਸ਼ਨ- ਤੁਸੀਂ ਪੰਜਾਬ ਦੇ ਤਿੰਨ ਮਹੀਨੇ  ਗ੍ਰਹਿ ਮੰਤਰੀ ਰਹੇ ਕੀ ਸਚਮੁੱਚ ਪੰਜਾਬ ਦੇ ਅੰਦਰੂਨੀ ਹਾਲਤ ਇੰਨੇ ਮਾੜੇ ਹਨ?

   ਜਵਾਬ-ਬਿਲਕੁਲ, ਪੰਜਾਬ ਦੇ ਹਾਲਤ ਮਾੜੇ ਹਨ।  ਤੁਸੀਂ 2007 ਤੋਂ ਪਹਿਲਾਂ ਚਲੇ ਜਾਓ। ਸਰਦਾਰ ਪ੍ਰਕਾਸ਼ ਸਿੰਘ  ਬਾਦਲ ਮੁੱਖ ਮੰਤਰੀ ਬਣਦੇ ਰਹੇ ਸਨ। ਕਦੇ ਮਾਫੀਆਂ ਦਾ ਨਾਮ ਨਹੀਂ ਸੀ ਸੁਣਿਆ ਸੀ ਤੇ 2007 ਤੋਂ ਬਾਅਦ 2012 ਵਿਚ ਸਰਕਾਰ ਬਣੀ ਤਾਂ ਚਿੱਟਾ ਉਦੋਂ ਆਇਆ, ਰੇਤਾ ਮਾਫੀਆਂ, ਕੇਬਲ ਮਾਫੀਆਂ  ਉਦੋਂ ਆਇਆ। ਮਾਫੀਆਂ ਪੰਜਾਬ ਦਾ ਮਜਬੂਤ ਹੋ ਗਿਆ। ਇਸ ਵਿਚ ਤਿੰਨ ਬੰਦੇ ਰਲ ਗਏ। ਸਿਆਸੀ, ਪੁਲਿਸ ਤੇ ਜੋ ਮਾਫੀਆਂ ਵਾਲੇ ਕੰਮ ਕਰਦੇ ਨੇ ਉਹ। ਇਹ ਤਿੰਨੋ ਰਲ ਗਏ ਇਹਨਾਂ ਨੂੰ ਤੋੜਨਾ ਬਹੁਤ ਔਖਾ ਹੈ। ਜੋ ਬੰਦਾ ਇਸ ਨੂੰ ਖ਼ਤਮ ਕਰਨਾ ਚਾਹੁੰਦਾ ਉਹ ਸੋਚ ਲਵੇ ਮੈਂ ਦੁਬਾਰਾ ਪਾਵਰ ਵਿਚ ਨਹੀਂ ਆਉਣਾ ਪਰ ਇਸ ਨੂੰ ਖ਼ਤਮ ਕਰਾਂਗਾ ਕਿਉਂਕਿ ਜੋ ਇਸ ਨੂੰ ਖ਼ਤਮ ਕਰੇਗਾ ਉਹ ਵੀ ਖ਼ਤਮ ਹੋ ਜਾਵੇਗਾ ਪਰ ਇਸ ਇਕ ਗੱਲ ਹੈ ਪੰਜਾਬ ਸੌਖਾ ਹੋ ਜਾਵੇਗਾ। ਸਾਹ ਔਖਾ ਆਉਣ ਲੱਗ ਪਵੇਗਾ।  ਜਥੇਦਾਰ ਕਹਿੰਦੇ ਨੇ ਕਿ ਪੰਜਾਬ ਵਿਚ ਨਸ਼ੇ ਬਹੁਤ ਫੈਲ ਰਹੇ ਹਨ। ਜਥੇਦਾਰ ਸਾਬ੍ਹ ਦੱਸਣ ਕੇ  ਉਹ ਕਦੇ ਕਿਸੇ ਪਿੰਡ ਵਿਚ ਗਏ ਨੇ ਤੇ ਕਿਸੇ ਸਿੱਖ ਨੌਜਵਾਨ ਨੂੰ ਉਹਨਾਂ ਨੇ ਕਦੇ ਪੁੱਛਿਆ ਕਿ ਉਹ ਨਸ਼ੇ ਕਿਉਂ ਕਰਦਾ? ਜਥੇਦਾਰ ਸਾਬ੍ਹ ਮੇਰੇ ਨਾਲੋਂ ਉਮਰ ਵਿਚ ਛੋਟੇ ਹਨ ਪਰ ਮੈਂ ਜਿੰਨ੍ਹੇ ਵਾਰ ਵੀ ਮਿਲਦਾ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਕਿਉਂਕਿ ਉਹ ਉਸ ਤਖ਼ਤ ਦੇ ਮਾਲਕ ਹਨ ਜਿਥੇ ਸਾਰਿਆਂ ਦਾ ਸਿਰ ਝੁਕਦਾ। ਮੈਂ ਕਹਿਣਾ ਹਾਂ ਕਿ ਜੇ ਜਥੇਦਾਰ ਸਾਬ੍ਹ ਉਸ ਨੌਜਵਾਨ ਜੋ ਨਸ਼ੇ ਕਰਦਾ ਦੇ ਸਿਰ ਤੇ ਹੱਥ ਰੱਖ ਦੇਣ ਤਾਂ ਉਹ ਨੌਜਵਾਨ ਨਸ਼ੇ ਛੱਡ ਦੇਵੇਗਾ। ਦੁਬਾਰਾ ਨਸ਼ੇ ਨਹੀਂ ਕਰੇਗਾ ਪਰ ਇਹ ਡਰਦੇ ਨੇ ਕਿਉਂਕਿ ਇਹਨਾਂ ਦੇ ਆਕਾ ਆਪ ਕਰਦੇ ਸੀ। ਜਥੇਦਾਰ ਨੇ ਕਿਹਾ ਕਿ ਹਥਿਆਰ ਖਰੀਦੋ ਮੈਂ ਪੁੱਛਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਤਾਂ ਆਪਣੇ ਬੱਚੇ  ਬਾਹਰ ਪੜ੍ਹਾ ਰਿਹਾ ਹੈ। ਉਹਨਾਂ ਨੂੰ ਵੀ ਕਹੋ ਕਿ ਉਹ ਹਥਿਆਰ ਖਰੀਦਣ। ਜਦੋਂ ਅੱਤਵਾਦ ਦਾ ਸਮਾਂ ਆਇਆ ਸੀ ਤਾਂ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੇਵੇ ਬਾਹਰ ਚਲੇ ਗਏ ਸਨ। ਉਦੋਂ ਭੋਲੇ ਭਾਲੇ ਲੋਕ ਮਰਾ ਦਿੱਤੇ। ਇਹ ਕਿਉਂ ਹੋ ਰਿਹਾ। ਜਿਹੜੀ ਉਥੇ 11 ਮੈਂਬਰੀਂ ਕਮੇਟੀ ਬੈਠੀ ਹੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਕੋਈ ਦਿੱਲੀ ਬੈਠਾ, ਕੋਈ ਕਾਨਪੁਰ ਬੈਠਾ, ਕੋਈ ਮਹਾਰਾਸ਼ਟਰਾਂ 'ਚ ਬੈਠਾ। ਅਸੀਂ 16 ਕਰੋੜ ਤੋਂ ਮੁੱਠੀ ਭਰ ਹੋ ਗਏ ਸਗੋਂ 16 ਕਰੋੜ ਸਿੱਖਾਂ ਤੋਂ 32 ਕਰੋੜ ਸਿੱਖ ਬਣਨੇ ਚਾਹੀਦੇ ਸਨ।  ਸੋਚਣ ਵਾਲੀਆਂ ਤਾਂ ਇਹ ਗੱਲਾਂ ਨੇ ਤੁਸੀਂ ਹਥਿਆਰ ਚੁੱਕਣ ਵਾਲੀਆਂ ਗੱਲਾਂ ਕਰੀ ਜਾਂਦੇ ਹੋ।  

ਪ੍ਰਸ਼ਨ- ਇਸ ਤੋਂ ਬਾਅਦ ਕੁਝ ਕਹਿ ਨਹੀਂ ਸਕਦੇ ਜਥੇਦਾਰ ਸਾਬ੍ਹ ਸਾਡੀਆਂ ਗੱਲਾਂ ਸੁਣਨ ਤੇ ਸਮਝਣ ਅਸੀਂ ਦੁਖੀ ਹਿਰਦੇ ਨਾਲ ਕਹਿ ਰਹੇ ਹਾਂ

ਜਵਾਬ-ਜਥੇਦਾਰ ਸਾਬ੍ਹ ਨਾਲ ਮੇਰਾ ਬਹੁਤ ਪਿਆਰ ਹੈ। ਮੈਂ ਟੈਲੀਫੋਨ 'ਤੇ ਵੀ ਗੱਲਾਂ ਕਰਦਾ ਰਿਹਾ। ਮੈਂ ਮਿਲਦਾ ਵੀ ਰਿਹਾ ਪਰ ਪਤਾ ਨਹੀਂ ਜਦੋਂ ਸਾਡੇ ਵਿਚ ਬੈਠਦੇ ਨੇ ਉਦੋਂ ਹੋਰ ਗੱਲਾਂ ਕਰਦੇ ਨੇ। ਜਦੋਂ ਬਾਹਰ ਆ ਜਾਂਦੇ ਨੇ ਉਦੋਂ ਉਹਨਾਂ ਦਾ ਰੰਗ ਰੂਪ ਹੀ ਬਦਲ ਜਾਂਦਾ ਹੈ। ਮੈਂ ਇਹਨਾਂ ਨੂੰ ਕਿੰਨੀਆਂ ਚਿੱਠੀਆਂ ਲਿਖੀਆਂ ਪਰ ਇਹਨਾਂ ਨੇ ਅੱਜ ਤਾਂ ਹੀ ਕਿਸੇ ਇਕ ਚਿੱਠੀ ਦਾ ਜਵਾਬ ਨਹੀਂ ਦਿੱਤਾ।  ਫੋਨ ਤੇ ਵਧੀਆਂ ਪਿਆਰ ਨਾਲ ਗੱਲਾਂ ਹੁੰਦੀਆਂ ਸਨ ਪਰ ਚਿੱਠੀਆਂ ਤੋਂ ਬਾਅਦ ਪਤਾ ਨਹੀਂ ਕੀ ਹੋਇਆ। ਵੇਖੋ  ਜੇ ਮੈਨੂੰ ਮੇਰਾ ਕੋਈ ਵਰਕਰ ਆ ਕੇ ਕਹੇਗਾ ਕਿ ਤੁਸੀਂ ਗਲਤ ਹੋ ਮੈਨੂੰ  ਵੀ ਬੁਰਾ ਲੱਗੇਗਾ। ਜਥੇਦਾਰ ਸਾਬ੍ਹ ਤੁਸੀਂ ਬੜੇ ਵਿਸ਼ਾਲ ਹਿਰਦੇ ਵਾਲੇ ਹੋ। ਚਲੋ ਅਸੀਂ ਬਾਦਲਾਂ ਜਿੰਨੇ ਸਿੱਖ ਤਾਂ ਨਹੀਂ ਕਿਉਂਕਿ ਉਹ ਮਹਾਨ ਹਸਤੀ ਨੇ। ਫਕਰ-ਏ-ਕੌਮ ਨੇ। ਸਾਨੂੰ ਛੋਟੇ-ਮੋਟੇ ਕੀੜੇ ਸਮਝ ਕੇ ਹੀ ਸਾਡੀਆਂ ਕਦੇ ਗੱਲ ਸੁਣਨ ਲਿਆ ਕਰੋ। ਸਿੱਖੀ ਬਚਾਉਣ ਵਾਲੇ ਪਾਸੇ ਚੱਲੀਏ।

ਪ੍ਰਸ਼ਨ- ਕਈ ਵਾਰ ਤੁਸੀਂ ਉਚਾਈ ਤੇ ਜਾ ਕੇ ਜ਼ਮੀਨੀ ਹਕੀਕਤ ਤੋਂ ਦੂਰ ਹੋ ਜਾਂਦੇ ਹੋ ਮੈਂ ਜਦੋਂ ਕੰਮ ਸ਼ੁਰੂ ਕੀਤਾ ਤਾਂ ਮੈਂ ਇਕ ਸੋਸ਼ਲ ਵਰਕਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਸੀ ਤੇ ਉਦੋਂ ਮੈਂ ਨਿਸ਼ਕਾਮ, ਜੋਤੀ ਸਰੂਪ, ਕੰਨਿਆ ਆਸ਼ਰਮ ਵਿਚ ਕੰਮ ਕੀਤਾ ਧਰਮੀ ਫੌਜੀ ਜਿਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਬੱਚੇ ਅਨਾਥ ਹੋ ਗਏ ਸਨ ਉਹਨਾਂ ਲਈ ਆਸ਼ਰਮ ਸੀ ਮੈਨੂੰ ਉਥੇ ਜਾ ਕੇ ਜੋ ਮਹਿਸੂਸ ਹੋਇਆ ਉਸ ਤੋਂ ਬਾਅਦ ਮੈਂ ਧਰਮ ਨਾਲ ਜਿਆਦਾ ਨਹੀਂ ਜੁੜ ਸਕੀ ਕਿਉਂਕਿ ਮੈਨੂੰ ਲੱਗਾ ਕਿ ਜਿਹਨਾਂ ਨੇ ਧਰਮ ਪਿੱਛੇ ਆਪਣੀ ਜਾਨ ਦੇ ਦਿੱਤੀ, ਪੰਜਾਬ ਪਿੱਛੇ ਆਪਣੀ ਜਾਨ ਦੇ ਦਿੱਤੀ ਉਹਨਾਂ ਦੇ ਬੱਚਿਆਂ ਨੂੰ ਕੋਈ ਵੀ ਪੁੱਛਣ ਨਹੀਂ ਆਉਂਦਾ ਸੀ ਇਕ ਕਮਰਾ ਹੁੰਦਾ ਸੀ ਤੇ 16 ਬੱਚੇ ਹੁੰਦੇ ਸਨ ਇਕ ਕੰਘੀ, ਇਕ ਕੇਅਰ ਟੇਕਰ, ਦੋ ਰਜਾਈਆਂ ਤੁਸੀਂ ਸੋਚੋ ਉਹ ਬੱਚੇ ਕਿਵੇਂ  ਰਹੇ ਰਹੇ ਸਨ 

ਜਵਾਬ- ਮੈਂ ਸ਼ੁਰੂ ਵਿਚ ਹੀ ਇਹੀ ਗੱਲ ਕੀਤੀ ਸੀ ਕਿ ਧਰਮੀ ਫੌਜੀ ਜਾਂ ਖਾੜਕੂ ਸੀ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ।  ਮੈਂ ਮਨੁੱਖਤਾ ਦੀ ਸੇਵਾ ਵਾਲੇ ਹਰਪ੍ਰੀਤ ਸਿੰਘ ਨੂੰ ਫੋਨ ਕੀਤਾ ਤੇ ਕਿਹਾ ਕਿ ਜੋ ਕੰਮ ਅਸੀਂ ਸੱਤਾ ਵਿਚ ਹੁੰਦਿਆਂ ਨਹੀਂ ਕਰ ਸਕੇ ਉਹ ਤੁਸੀਂ ਕੰਮ ਕਰ ਕਰੇ ਹੋ। ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ। ਆਪਾਂ ਗੁਰੂ ਰਾਮਦਾਸ ਹਸਪਤਾਲ ਤਾਂ ਖੋਲ੍ਹ ਦਿੱਤਾ ਪਰ ਉਥੇ ਕਿਸੇ ਦਾ ਇਲਾਜ ਤਾਂ ਨਹੀਂ ਮੁਫਤ ਕਰ ਰਹੇ। ਆਪਾਂ  ਕਿਸੇ ਨੂੰ ਇਲਾਜ ਵਿਚ ਛੋਟ ਤਾਂ ਨਹੀਂ ਦੇ ਰਹੇ।  ਕਿਉਂ ਨਹੀਂ ਦੇ ਰਹੇ। ਇਹ ਤਾਂ ਗੁਰੂ ਦਾ ਹਸਪਤਾਲ ਹੈ। ਇਥੇ ਤਾਂ ਕਿਹਾ ਗਿਆ ਹੈ ਗੁਰੂ ਦੀ ਗੋਲਕ, ਗਰੀਬ ਦਾ ਮੂੰਹ। ਉਥੇ ਤਾਂ ਅਮੀਰਾਂ ਤੋਂ ਵੀ ਮਹਿੰਗਾ ਇਲਾਜ ਹੋ ਰਿਹਾ ਹੈ। ਜਿਹੜੇ ਇਹ ਬੱਚੇ ਹਨ ਇਹਨਾਂ ਨੂੰ ਐਸਜੀਪੀਸੀ ਨੂੰ ਗੋਦ ਲੈਣਾ ਚਾਹੀਦਾ ਸੀ। ਆਪਾਂ ਇਹ ਤਾਂ ਕਹਿਣੇ ਹਾਂ ਸਾਡਾ ਬਾਪ ਗੁਰੂ ਗੋਬਿੰਦ ਸਿੰਘ ਹੈ ਤੇ ਮਾਤਾ ਸਾਹਿਬ ਕੌਰ ਸਾਡੇ ਮਾਤਾ ਹਨ। ਕੀ ਗੱਲ ਗੁਰੂ ਦੇ ਬੱਚੇ ਰੁਲਦੇ ਫਿਰਦੇ ਨੇ।

ਪ੍ਰਸ਼ਨ- ਜੇ ਅੱਜ ਬੰਦੂਕਾਂ ਚੁੱਕ ਲਈਆਂ ਗਈਆਂ ਤਾਂ ਜੋ ਸਾਡੇ ਪਿੱਛੇ ਰਹੇ ਗਏ ਉਹਨਾਂ ਦਾ ਵਾਲੀ ਵਾਰਸ ਕੌਣ ਹੋਵੇਗਾ?

ਜਵਾਬ- ਇਹਨਾਂ ਨੂੰ ਕੀ ਹੈ। ਇਹਨਾਂ ਨੂੰ ਤਾਂ ਗੰਨਮੈਨ ਮਿਲੇ ਹਨ। ਹੋਰ ਸੁਰੱਖਿਆ ਮਿਲ ਜਾਵੇਗੀ।

ਪ੍ਰਸ਼ਨ- ਅੱਜ ਜੇ ਕੋਈ ਕੋਈ ਹਥਿਆਰ ਚਾਹੀਦਾ ਹੈ ਤਾਂ ਉਹ ਸਿਰਫ ਕਿਤਾਬਾਂ ਚਾਹੀਦੀਆਂ ਹਨ ਕਿਉਂਕਿ ਅਸੀਂ  ਨੌਜਵਾਨਾਂ ਨੂੰ ਟੈਕਸੀ ਡਰਾਈਵਰ, ਹੋਰ ਦੇਸ਼ਾਂ ਲਈ ਨੌਜਵਾਨਾਂ ਨੂੰ ਮਜ਼ਦੂਰ ਬਣਾ ਰਹੇ ਹਾਂ ਅੱਜ ਪੰਜਾਬ ਤੋਂ ਬਾਹਰ ਕੋਈ ਵੀ ਡਾਕਟਰ ਨਹੀਂ ਜਾਂਦਾ ਪਹਿਲਾਂ ਪੰਜਾਬ ਤੋਂ ਕਿੰਨੇ ਡਾਕਟਰ ਜਾਂਦੇ ਸਨ ਪਹਿਲਾਂ ਪੰਜਾਬੀ ਡਾਕਟਰਾਂ ਦੀਆਂ ਕਾਨਫਰੰਸਾਂ ਹੁੰਦੀਆਂ ਸਨ 

ਜਵਾਬ- ਮਰਵਾਹਾ ਸਾਬ੍ਹ ਸਭ ਤੋਂ ਪਹਿਲਾਂ ਸ਼ੀਕਾਗੋ ਗਏ ਸਨ। ਉਥੇ ਕੋਈ ਵੀ ਸਿੱਖ ਨਹੀਂ ਸੀ। ਉਥੇ ਚਿੱਟੀ ਪੱਗ ਬੰਨਣ ਕੇ  ਇਕ ਡਾਕਟਰ ਗਿਆ ਸੀ। ਜਿਸ ਨੇ ਸਿੱਖੀ ਦਾ ਨਾਮ ਚਮਕਾਇਆ ਸੀ। ਹੁਣ ਉਥੇ ਕਿੰਨੇ ਸਿੱਖ ਹਨ।  ਸਾਰੇ ਪੰਜਾਬੀ ਸਿੱਖ ਹੀ ਡਾਕਟਰ ਹਨ ਪਰ ਬਦਕਿਸਮਤੀ ਨਾਲ ਪੱਗ ਵਾਲਾ ਕੋਈ ਸਿੱਖ ਨਹੀਂ ਹੈ। ਜਥੇਦਾਰ ਸਾਬ੍ਹ ਲੋਕਾਂ ਨੂੰ ਦੱਸੋ ਪੱਗ ਲਈ ਕਿੰਨੀਆਂ ਕੁਰਬਾਨੀਆਂ ਦਿੱਤੀਆਂ। ਪੱਗ ਲਈ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ। ਉਸ ਲਈ ਅਸੀਂ ਕੁਝ ਕਰ ਨਹੀਂ ਰਹੇ ਤੇ ਕਹਿ ਰਹੇ ਹਾਂ ਚੁੱਕ ਲਵੋ ਹਥਿਆਰ। ਸਿੱਖ ਕੌਮ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ।

 ਪ੍ਰਸ਼ਨ- ਬਹੁਤ ਘਬਰਾਹਟ ਦੀ ਘੜੀ ਹੈ ਤੇ ਉਮੀਦ ਕਰਦੇ ਹਾਂ  ਕਿ ਸਾਡੇ ਲਫਜ਼ਾਂ ਨੂੰ ਠੀਕ ਤਰੀਕੇ ਨਾਲ ਸੁਣਿਆ ਜਾਵੇਗਾ  ਕਿਉਂਕਿ ਸਾਰਿਆਂ ਨੇ ਆਪਣੇ ਉਤੇ ਹੰਢਿਆਈ ਏ ਸਭ ਨੇ ਦੇਖਿਆ ਹੈ ਕਿ ਉਸ ਦਾ ਅਸਰ ਕੀ ਹੁੰਦਾ ਹੈ  ਤੁਸੀਂ ਸਿਆਸਤ ਵਿਚ ਰਹਿ ਕੇ ਵੇਖਿਆ ਮੈਂ  ਪੱਤਰਕਾਰ ਰਹਿ ਕੇ ਵੇਖਿਆ ਪਿੰਡ-ਪਿੰਡ ਜਾ ਕੇ ਵੇਖਦੇ ਹਾਂ ਕਿ  ਕਿਸ ਕਦਰ ਨਸ਼ੇ ਫੈਲ ਰਹੇ ਹਨ ਨੌਜਵਾਨਾਂ ਨੂੰ ਇਕ ਦਿਸ਼ਾ ਦੀ ਲੋੜ ਹੈ

ਜਵਾਬ- ਗੁਰੂ ਗ੍ਰੰਥ ਸਾਹਿਬ ਵਿਚ ਜੋ ਬਾਣੀਆਂ ਦਰਜ ਹਨ ਉਹ ਹੀ ਸਾਡੀਆਂ ਸਿਖਿਆਵਾਂ ਹਨ। ਮੈਂ ਜਥੇਦਾਰ ਸਾਬ੍ਹ ਨੂੰ ਕਹਿੰਦਾ ਹਾਂ ਕਿ  ਨੌਵੇਂ ਮਹੱਲੇ ਦੇ ਸ਼ਲੋਕ ਹੀ ਸਾਨੂੰ ਸਮਝਾ ਦਿਓ। ਉਸ ਦਾ ਹੀ ਸਾਰ ਦੇ ਦਿਓ। ਜਪੁਜੀ ਸਾਹਿਬ ਹੀ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰ ਦੇਵੋ। ਜੇ ਉਹ ਨਹੀਂ ਕਰਨਾ ਤਾਂ ਮੂਲ ਮੰਤਰ ਹੀ ਸਿਖਾਉਣਾ ਸ਼ੁਰੂ ਕਰ ਦੇਣ। ਜਥੇਦਾਰ ਸਾਬ੍ਹ ਆਪ ਇਕ ਮਹੀਨਾ ਕਿਸੇ ਇਕ ਪਿੰਡ ਵਿਚ ਰਹਿਣ। ਬਿਨ੍ਹਾਂ ਏਸੀ ਦੇ ਕਿਸੇ ਘਰ ਵਿਚ ਰਹਿਣ। ਸਿੱਖੀ ਦਾ ਪ੍ਰਚਾਰ ਕਰਨ।

 ਬਹੁਤ ਹੀ ਸੋਚ ਵਿਚਾਰ ਕਰਨ ਦੀ ਘੜੀ ਹੈ। ਉਮੀਦ ਕਰਦੇ ਹਾਂ ਕਿ ਸਾਡੀਆਂ ਗੱਲਾਂ ਨੂੰ ਸਹੀ ਤਰੀਕੇ ਨਾਲ ਸੁਣਿਆ ਜਾਵੇਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement