
ਟੁੱਟੀ ਭੱਜੀ ਆਰਥਕਤਾ ਨੂੰ ਠੁਮਣਾ ਦੇਣ ਲਈ ਵਿੱਤ ਮੰਤਰੀ ਦਾ 6.29 ਕਰੋੜ ਦਾ ਨਵਾਂ ਪੈਕੇਜ
ਪਹਿਲਾਂ ਦੁਗਣਾ ਪੈਕੇਜ ਦੇਣ ਦਾ ਕੋਈ ਅਸਰ ਨਹੀਂ ਸੀ ਹੋਇਆ, ਹੁਣ ਵੀ ਨਹੀਂ ਹੋਵੇਗਾ-ਆਰਥਕ ਮਾਹਰਾਂ ਦੀ ਰਾਏ
ਨਵੀਂ ਦਿੱਲੀ, 28 ਜੂਨ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੋਮਵਾਰ ਨੂੰ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਝੰਬੇ ਅਰਥਚਾਰੇ ਵਿਚ ਸਿਹਤ, ਸੈਰ ਸਪਾਟਾ, ਨਿਰਯਾਤ ਖੇਤਰ ਸਹਿਤ ਵੱਖ ਵੱਖ ਖੇਤਰਾਂ ਨੂੰ ਸਹਾਰਾ ਦੇਣ ਲਈ ਕੁਲ ਮਿਲਾ ਕੇ 6.29 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ | ਸੰਗਠਤ ਖੇਤਰ ਵਿਚ ਨਵੀਆਂ ਭਰਤੀਆਂ ਨੂੰ ਉਤਸ਼ਾਹਤ ਕਰਨ ਲਈ ਪਿਛਲੇ ਸਾਲ ਅਕਤੂਬਰ ਵਿਚ ਸ਼ੁਰੂ ਕੀਤੀ ਗਈ ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਦੀ ਸਮਾਂ ਹੱਦ ਮਾਰਚ 2022 ਤਕ ਵਧਾ ਦਿਤੀ ਗਈ ਹੈ | ਵਿੱਤ ਮੰਤਰੀ ਨੇ ਕੁਝ ਆਰਥਕ ਰਾਹਤ ਉਪਾਵਾਂ ਅਤੇ ਬੈਂਕ ਨਿਜੀਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਮੈਡੀਕਲ ਸੈਕਟਰ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ | ਵਿੱਤ ਮੰਤਰੀ ਨੇ ਕੋਰੋਨਾ ਮਹਾਂਮਾਰੀ ਦੇ ਦਬਾਅ ਵਿਚ ਆਏ ਸਿਹਤ ਢਾਂਚੇ ਸਹਿਤ ਹੋਰ ਖੇਤਰਾਂ ਲਈ ਇਕ ਲੱਖ 10 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਗਾਰੰਟੀ ਯੋਜਨਾ ਦਾ ਐਲਾਨ ਕੀਤਾ | ਉਥੇ ਹੀ ਪਿਛਲੇ ਸਾਲ ਮਈ ਵਿਚ ਆਤਮ ਨਿਰਭਰ ਭਾਰਤ ਪੈਕੇਜ ਤਹਿਤ ਐਲਾਨੇ ਗਏ ਐਮਰਜੈਂਸੀ ਕਰਜ਼ਾ ਗਰੰਟੀ ਯੋਜਨਾ ਦਾ ਘੇਰਾ 1.50 ਲੱਖ ਕਰੋੜ ਰੁਪਏ ਵਧਾ ਕੇ 4.50 ਲੱਖ ਕਰੋੜ ਰੁਪਏ ਕਰ ਦਿਤਾ ਹੈ |
ਵਿੱਤ ਮੰਤਰੀ ਨੇ ਅਰਥਚਾਰੇ ਨੂੰ ਮੁੜ ਸੁਰਜੀਤ ਕਰਨ ਲਈ ਪੈਕੇਜ ਦਾ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਇਸ ਵਿੱਤੀ ਸਾਲ ਦੀ ਸ਼ੁਰੂਆਤ ਵਿਚ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਕੋਰੋਨਾ ਦੀ ਦੂਜੀ ਲਹਿਰ ਨੇ ਆਮ ਆਦਮੀ ਦੇ ਨਾਲ ਨਾਲ ਅਰਥਚਾਰੇ ਦੇ ਵੱਖ ਵੱਖ ਖੇਤਰਾਂ ਨੂੰ ਹੂੰਝ ਕੇ ਰੱਖ ਦਿਤਾ ਹੈ | ਇਸ ਦੌਰਾਨ ਖ਼ਾਸ ਤੌਰ 'ਤੇ ਸਿਹਤ ਸਹੁਲਤਾਂ ਦੀ ਘਾਟ, ਆਕਸੀਜਨ ਦੀ ਕਮੀ ਅਤੇ ਦਵਾਈਆਂ ਦੀ ਉਲਬਧਤਾ ਸਬੰਧੀ ਸਮੱਸਿਆਵਾਂ ਸਾਹਮਣੇ ਆਈਆਂ | ਇਹੀ ਕਾਰਨ ਹੈ ਕਿ ਵਿੱਤ ਮੰਤਰੀ ਨੇ ਨਵੇਂ ਪੈਕੇਜ ਵਿਚ ਸਿਹਤ ਖੇਤਰ ਵਿਚ ਮੌਜੂਦਾ ਪ੍ਰਾਜੈਕਟਾਂ ਪੂਰੇ ਕਰਨ ਅਤੇ ਨਵੇਂ ਪ੍ਰਾਜੈਕਟਾਂ ਦੇ ਵਿਕਾਸ ਲਈ 50,000 ਕਰੋੜ ਰੁਪਏ ਦੀ ਕਰਜ਼ਾ ਗਰੰਟੀ ਯੋਜਨਾ ਦਾ ਐਲਾਨ ਕੀਤਾ ਹੈ | ਇਸ ਯੋਜਨਾ ਵਿਚ ਮੁੱਖ ਤੌਰ 'ਤੇ ਘੱਟ ਸਹੁਲਤਾਂ ਵਾਲੇ ਅਤੇ ਪਛੜੇ ਜ਼ਿਲਿ੍ਹਆਂ ਵਿਚ ਸਿਹਤ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦਿਤਾ ਜਾਵੇਗਾ | ਇਸ ਵਿਚ 100 ਕਰੋੜ ਰੁਪਏ ਤਕ ਦਾ ਕਰਜ਼ਾ ਹੋਵੇਗਾ ਅਤੇ ਤਿੰਨ ਸਾਲ ਦੀ ਗਰੰਟੀ ਸਮਾਂ ਹੱਦ ਹੋਵੇਗੀ | ਇਹ ਕਰਜ਼ਾ 7.95 ਫ਼ੀਸਦ ਦੀ ਵਿਆਜ ਦਰ 'ਤੇ ਦਿਤਾ ਜਾਵੇਗਾ |