
ਰਾਜ ਸਭਾ ਦੇ 31 ਫ਼ੀ ਸਦੀ ਸਾਂਸਦਾਂ ਵਿਰੁਧ ਦਰਜ ਹਨ ਅਪਰਾਧਿਕ ਮਾਮਲੇ : ਰਿਪੋਰਟ
ਰਾਜ ਸਭਾ ਦੇ 226 ਮੈਂਬਰਾਂ ਵਿਚੋਂ 197 ਮੈਂਬਰ ਹਨ ਕਰੋੜਪਤੀ
ਨਵੀਂ ਦਿੱਲੀ, 28 ਜੂਨ : ਰਾਜ ਸਭਾ ਦੇ ਮੌਜੂਦਾ ਮੈਂਬਰਾਂ ਵਿਚੋਂ 31 ਫ਼ੀ ਸਦੀ 'ਤੇ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਉਪਰਲੇ ਸਦਨ ਦੇ ਮੈਂਬਰਾਂ ਦੀ ਔਸਤ ਜਾਇਦਾਦ 79.54 ਕਰੋੜ ਰੁਪਏ ਹੈ | ਚੋਣ ਸੁਧਾਰ ਲਈ ਕੰਮ ਕਰਨ ਵਾਲੀ ਸੰਸਥਾ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ)-ਨੈਸ਼ਨਲ ਇਲੈਕਸ਼ਨ ਵਾਚ ਦੀ ਤਾਜ਼ਾ ਰਿਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ |
ਏਡੀਆਰ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਮੌਜੂਦਾ 233 ਰਾਜ ਸਭਾ ਮੈਂਬਰਾਂ ਵਿਚੋਂ 226 ਵਿਰੁਧ ਦਰਜ ਅਪਰਾਧਿਕ ਮਾਮਲਿਆਂ ਅਤੇ ਉਨ੍ਹਾਂ ਦੀ ਵਿੱਤੀ ਅਤੇ ਹੋਰ ਸਬੰਧਤ ਜਾਣਕਾਰੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਹੈ | ਇਸ ਵੇਲੇ ਰਾਜ ਸਭਾ ਵਿਚ ਇਕ ਸੀਟ ਖ਼ਾਲੀ ਹੈ | ਦੋ ਸੰਸਦ ਮੈਂਬਰਾਂ ਦੀ ਜਾਣਕਾਰੀ ਦੀ ਸਮੀਖਿਆ ਨਹੀਂ ਕੀਤੀ ਜਾ ਸਕੀ ਕਿਉਂਕਿ ਉਨ੍ਹਾਂ ਦੇ ਹਲਫ਼ਨਾਮੇ ਉਪਲਬਧ ਨਹੀਂ ਸਨ ਅਤੇ ਜੰਮੂ-ਕਸ਼ਮੀਰ ਦੀਆਂ ਚਾਰ ਰਾਜ ਸਭਾ ਸੀਟਾਂ ਅਜੇ ਵੀ ਪ੍ਰੀਭਾਸ਼ਤ ਨਹੀਂ ਹਨ |
ਰਿਪੋਰਟ ਮੁਤਾਬਕ ਰਾਜ ਸਭਾ ਦੇ 226 ਮੈਂਬਰਾਂ ਵਿਚੋਂ 197 ਭਾਵ 87 ਫ਼ੀ ਸਦੀ ਕਰੋੜਪਤੀ ਹਨ ਅਤੇ ਰਾਜ ਸਭਾ ਮੈਂਬਰਾਂ ਦੀ ਔਸਤ ਜਾਇਦਾਦ 79.54 ਕਰੋੜ ਰੁਪਏ ਹੈ | ਇਸ ਮੁਤਾਬਕ 226 ਮੈਂਬਰਾਂ ਵਿਚੋਂ 71 ਜਾਂ 31 ਫ਼ੀ ਸਦੀ ਨੇ ਅਪਣੇ ਹਲਫਨਾਮਿਆਂ ਵਿਚ ਅਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ ਜਦਕਿ 37 ਜਾਂ 16 ਫ਼ੀ ਸਦੀ ਨੇ ਗੰਭੀਰ ਅਪਰਾਧਿਕ ਮਾਮਲੇ ਹੋਣ ਦੀ ਪੁਸ਼ਟੀ ਕੀਤੀ ਹੈ | ਰਿਪੋਰਟ ਮੁਤਾਬਕ ਰਾਜ ਸਭਾ ਦੇ ਦੋ ਮੈਂਬਰਾਂ 'ਤੇ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕਤਲ ਦੇ ਕੇਸ ਦਰਜ ਹਨ, ਜਦਕਿ ਚਾਰ ਮੈਂਬਰ ਅਜਿਹੇ ਹਨ, ਜਿਨ੍ਹਾਂ ਵਿਰੁਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਹੈ |
ਰਿਪੋਰਟ ਮੁਤਾਬਕ ਭਾਜਪਾ ਨੂੰ 85 'ਚੋਂ 20 ਯਾਨੀ 24 ਫ਼ੀ ਸਦੀ, ਕਾਂਗਰਸ ਦੇ 31 'ਚੋਂ 12 ਯਾਨੀ 39 ਫ਼ੀ ਸਦੀ, ਤਿ੍ਣਮੂਲ ਕਾਂਗਰਸ ਦੇ 13 'ਚੋਂ ਤਿੰਨ ਯਾਨੀ 23 ਫ਼ੀ ਸਦੀ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਛੇ 'ਚੋਂ ਪੰਜ ਯਾਨੀ 83 ਫ਼ੀ ਸਦੀ, ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਪੰਜ ਵਿਚੋਂ ਚਾਰ ਭਾਵ 80 ਫ਼ੀ ਸਦੀ, ਆਮ ਆਦਮੀ ਪਾਰਟੀ (ਆਪ) ਦੇ 10 ਵਿਚੋਂ ਤਿੰਨ ਭਾਵ 30 ਫ਼ੀ ਸਦੀ, ਵਾਈਐਸਆਰ ਕਾਂਗਰਸ ਦੇ ਨੌਂ ਵਿਚੋਂ ਤਿੰਨ ਭਾਵ 33 ਫ਼ੀ ਸਦੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਚਾਰ ਵਿਚੋਂ ਦੋ ਯਾਨੀ 50 ਫ਼ੀ ਸਦੀ ਨੇ ਅਪਣੇ ਹਲਫਨਾਮਿਆਂ ਵਿਚ ਅਪਰਾਧਿਕ ਕੇਸ ਦਰਜ ਹੋਣ ਦਾ ਐਲਾਨ ਕੀਤਾ ਹੈ |
ਰਾਜ-ਵਾਰ ਅੰਕੜੇ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਜ ਸਭਾ ਵਿਚ ਉੱਤਰ ਪ੍ਰਦੇਸ਼ ਦੇ 31 ਵਿਚੋਂ 7 ਯਾਨੀ 23 ਫ਼ੀ ਸਦੀ, ਮਹਾਰਾਸ਼ਟਰ ਦੇ 19 ਵਿਚੋਂ 12 ਯਾਨੀ 63 ਫ਼ੀ ਸਦੀ, ਤਾਮਿਲਨਾਡੂ ਦੇ 18 ਵਿਚੋਂ 6 ਯਾਨੀ 33 ਫ਼ੀ ਸਦੀ, ਪਛਮੀ ਬੰਗਾਲ ਦੇ 16 ਵਿਚੋਂ 3 ਯਾਨੀ 19 ਫ਼ੀ ਸਦੀ,
ਕੇਰਲਾ ਦੇ ਨੌਂ ਵਿਚੋਂ ਛੇ ਯਾਨੀ 67 ਫ਼ੀ ਸਦੀ ਅਤੇ ਬਿਹਾਰ ਦੇ 16 ਵਿਚੋਂ 10 ਯਾਨੀ 63 ਫ਼ੀ ਸਦੀ ਨੇ ਆਪੋ-ਅਪਣੇ ਹਲਫਨਾਮਿਆਂ ਵਿਚ ਅਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ | (ਏਜੰਸੀ)