
ਈ.ਡੀ. ਨੇ ਸੰਜੇ ਰਾਊਤ ਨੂੰ ਧਨ ਸੋਧ ਮਾਮਲੇ ਵਿਚ ਪੁਛਗਿਛ ਲਈ 1 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ
ਮੁੰਬਈ, 28 ਜੂਨ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਮੁੰਬਈ ਵਿਚ ਇਕ 'ਚੌਲ' ਦੇ ਪੁਨਰ ਵਿਕਾਸ ਅਤੇ ਉਸ ਦੀ ਪਤਨੀ ਅਤੇ ਦੋਸਤਾਂ ਨਾਲ ਜੁੜੇ ਹੋਰ ਵਿੱਤੀ ਲੈਣ-ਦੇਣ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਪੁਛਗਿਛ ਲਈ ਮੰਗਲਵਾਰ ਨੂੰ ਨਵਾਂ ਨੋਟਿਸ ਜਾਰੀ ਕੀਤਾ ਅਤੇ ਸ਼ੁਕਰਵਾਰ ਨੂੰ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ |
ਇਸ ਤੋਂ ਪਹਿਲਾਂ, ਕੇਂਦਰੀ ਏਜੰਸੀ ਨੇ ਰਾਜ ਸਭਾ ਦੇ ਮੈਂਬਰ ਰਾਉਤ ਨੂੰ ਮੰਗਲਵਾਰ ਨੂੰ ਦਖਣੀ ਮੁੰਬਈ ਵਿਚ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਵਿਚ ਅਪਣੇ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਅਪਣਾ ਬਿਆਨ ਦਰਜ ਕਰਨ ਲਈ ਕਿਹਾ ਸੀ |
ਰਾਉਤ ਨੇ ਅੱਜ ਏਜੰਸੀ ਦੇ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥਾ ਜਾਹਰ ਕੀਤੀ ਅਤੇ ਈਡੀ ਨੂੰ ਪੇਸ਼ ਹੋਣ ਲਈ ਨਵੀਂ ਤਰੀਕ ਦੇਣ ਲਈ ਕਿਹਾ | ਉਨ੍ਹਾਂ ਨੇ ਇਸ ਲਈ ਸਰਕਾਰੀ ਵਚਨਬੱਧਤਾਵਾਂ ਅਤੇ ਅਲੀਬਾਗ ਵਿਚ ਇਕ ਜਨਤਕ ਮੀਟਿੰਗ ਵਿਚ ਸ਼ਾਮਲ ਹੋਣ ਦਾ ਹਵਾਲਾ ਦਿਤਾ | ਉਸ ਦੇ ਵਕੀਲਾਂ ਨੇ ਮੰਗਲਵਾਰ ਨੂੰ ਮੁੰਬਈ ਵਿਚ ਈਡੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਪੇਸ਼ੀ ਲਈ 14 ਦਿਨਾਂ ਦਾ ਸਮਾਂ ਮੰਗਿਆ, ਪਰ ਏਜੰਸੀ ਨੇ ਉਸ ਨੂੰ ਇਸ ਮਹੀਨੇ ਦੇ ਅੰਤ ਤਕ ਰਾਹਤ ਦੇ ਦਿਤੀ | ਰਾਉਤ ਨੇ ਸੋਮਵਾਰ ਨੂੰ ਈਡੀ ਦੇ ਸੰਮਨ ਨੂੰ ਸਾਜ਼ਸ਼ ਕਰਾਰ ਦਿਤਾ ਸੀ ਅਤੇ ਉਸ ਨੂੰ ਗਿ੍ਫ਼ਤਾਰ ਕਰਨ ਲਈ ਕਿਹਾ ਸੀ | ਹਾਲਾਂਕਿ, ਉਨ੍ਹਾਂ ਨੇ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੀ ਗੱਲ ਵੀ ਕੀਤੀ ਸੀ | (ਏਜੰਸੀ)