
ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਜੰਮੂ ਤੋਂ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ ਇਹ ਪਰਿਵਾਰ
Hoshiarpur News : ਹੁਸ਼ਿਆਰਪੁਰ 'ਚ ਸ਼ਨੀਵਾਰ ਸਵੇਰੇ ਗਲਤ ਸਾਈਡ ਤੋਂ ਆ ਰਹੇ ਕੈਂਟਰ ਨੇ ਇਨੋਵਾ ਨੂੰ ਟੱਕਰ ਮਾਰ ਦਿੱਤੀ ਹੈ। ਜਿਸ ਕਾਰਨ ਇਨੋਵਾ 'ਚ ਸਫਰ ਕਰ ਰਹੀ ਇਕ ਲੜਕੀ ਸਮੇਤ 4 ਲੋਕਾਂ ਦੀ ਮੌਤ ਹੋ ਗਈ ,ਜਦੋਂਕਿ ਇੱਕ ਔਰਤ ਗੰਭੀਰ ਜ਼ਖ਼ਮੀ ਹੈ। ਮਰਨ ਵਾਲਿਆਂ ਵਿਚ ਫਾਰੂਕ, ਉਸ ਦਾ ਬੇਟਾ- ਬੇਟੀ ਅਤੇ ਡਰਾਈਵਰ ਸ਼ਾਮਲ ਹਨ। ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨੋਵਾ ਵਿੱਚ ਸਫਰ ਕਰ ਰਿਹਾ ਪਰਿਵਾਰ ਜੰਮੂ ਦੇ ਕਟੜਾ ਤੋਂ ਆਇਆ ਸੀ। ਉਹ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਚੰਡੀਗੜ੍ਹ ਪੀਜੀਆਈ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਕੈਂਟਰ ਡਰਾਈਵਰ ਉਥੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕੈਂਟਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਟਰੱਕ ਅਤੇ ਇਨੋਵਾ ਦੀ ਹੋਈ ਸਿੱਧੀ ਟੱਕਰ
ਟਰੱਕ ਹੁਸ਼ਿਆਰਪੁਰ ਤੋਂ ਟਾਂਡਾ ਵੱਲ ਜਾ ਰਿਹਾ ਸੀ। ਜਦੋਂ ਇਹ ਧੱਤਣ ਪੁਲੀ ਨੇੜੇ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਨਾਲ ਸਿੱਧੀ ਟੱਕਰ ਹੋ ਗਈ। ਇਨੋਵਾ ਜੰਮੂ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਘਟਨਾ ਤੋਂ ਬਾਅਦ ਇਨੋਵਾ ਗੱਡੀ ਕੱਚੀ ਸੜਕ 'ਤੇ ਉਤਰ ਗਈ।
ਥਾਣਾ ਟਾਂਡਾ ਦੇ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸ ਅਤੇ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ 2 ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦਸੂਹਾ ਅਤੇ 2 ਲਾਸ਼ਾਂ ਨੂੰ ਰੰਗੀ ਰਾਮ ਚੈਰੀਟੇਬਲ ਹਸਪਤਾਲ ਟਾਂਡਾ ਵਿਖੇ ਰਖਵਾਇਆ ਗਿਆ ਹੈ। ਪੁਲੀਸ ਥਾਣਾ ਟਾਂਡਾ ਦੇ ਇੰਚਾਰਜ ਗੁਰਮੀਤ ਸਿੰਘ ਵੀ ਆਪਣੀ ਟੀਮ ਨਾਲ ਮੌਕੇ ’ਤੇ ਜਾਂਚ ਲਈ ਪੁੱਜੇ। ਜਲਦੀ ਹੀ ਪੁਲਿਸ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦੇਵੇਗੀ।
ਟਾਂਡਾ ਦੇ ਡੀਐਸਪੀ ਹਰਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੰਮੂ ਦੇ ਕਟੜਾ ਦਾ ਰਹਿਣ ਵਾਲਾ ਫਾਰੂਕ ਆਪਣੀ ਪਤਨੀ, ਪੁੱਤਰ-ਧੀ ਅਤੇ ਡਰਾਈਵਰ ਨਾਲ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਪੀਜੀਆਈ ਚੰਡੀਗੜ੍ਹ ਜਾ ਰਿਹਾ ਸੀ। ਕੈਂਟਰ ਗਲਤ ਸਾਈਡ ਤੋਂ ਆ ਰਿਹਾ ਸੀ। ਉਸ ਨੇ ਗਲਤ ਸਾਈਡ ਤੋਂ ਆ ਕੇ ਇਨੋਵਾ ਨੂੰ ਟੱਕਰ ਮਾਰ ਦਿੱਤੀ। ਅਸੀਂ ਕੈਂਟਰ ਦੇ ਮਾਲਕ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਡਰਾਈਵਰ ਦੀ ਵੀ ਭਾਲ ਕੀਤੀ ਜਾ ਰਹੀ ਹੈ।