
ਪੰਜਾਬ 'ਚ ਕੋਰੋਨਾ ਨਾਲ ਮੌਤਾਂ ਅਤੇ ਪਾਜ਼ੇਟਿਵ ਮਾਮਲਿਆਂ ਵਿਚ ਉਛਾਲ
ਚੰਡੀਗੜ੍ਹ, 28 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਨਾਲ ਮੌਤਾਂ ਤੇ ਪਾਜ਼ੇਟਿਵ ਮਾਮਲਿਆਂ ਵਿਚ ਇਕ ਦਮ ਉਛਾਲ ਆਉਣਾ ਸ਼ੁਰੂ ਹੋ ਗਿਆ ਹੈ। ਬੀਤੇ 24 ਘੰਟਿਆਂ ਦੌਰਾਨ ਇਕੋ ਦਿਨ ਵਿਚ ਮੌਤਾਂ ਦੀ ਗਿਣਤੀ 19 ਤਕ ਪਹੁੰਚ ਗਈ ਹੈ ਜਦ ਕਿ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਵੀ ਇਕੋ ਦਿਨ ਵਿਚ 600 ਤੋਂ ਪਾਰ ਹੋ ਗਈ ਹੈ। ਲੁਧਿਆਣਾ ਵਿਚ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧਣ ਲੱਗੀ ਹੈ। ਅੱਜ ਜ਼ਿਲ੍ਹੇ ਲੁਧਿਆਣਾ ਵਿਚ ਛੇ ਮੌਤਾਂ ਹੋਇਆ ਜਦ ਕਿ ਪਿਛਲੇ ਦਿਨਾਂ ਵਿਚ ਵੀ ਅੰਕੜਾ ਪੰਜ ਤਕ ਰਿਹਾ ਹੈ। ਪਟਿਆਲਾ ਵਿਚ ਅੱਜ ਤਿੰਨ, ਅੰਮ੍ਰਿਤਸਰ ਵਿਚ ਤਿੰਨ, ਸੰਗਰੂਰ ਤੇ ਤਰਨਤਾਰਨ ਵਿਚ ਵੀ ਤਿੰਨ-ਤਿੰਨ ਅਤੇ ਹੁਸ਼ਿਆਪੁਰ ਵਿਚ ਇਕ ਮੌਤ ਹੋਈ ਹੈ।
Corona Virus
ਹੁਣ ਸੂਬੇ ਵਿਚ ਮੌਤਾਂ ਦੀ ਕੁਲ ਗਿਣਤੀ 339 ਅਤੇ ਪਾਜ਼ੇਟਿਵ ਮਾਮਲਿਆਂ ਦਾ ਕੁਲ ਅੰਕੜਾ 14738 ਤਕ ਪਹੁੰਚ ਗਿਆ ਹੈ। ਇਸ ਸਮੇਂ ਸੱਭ ਤੋਂ ਵੱਧ ਮੌਤਾਂ 70 ਅੰਮ੍ਰਿਤਸਰ ਤੇ ਉਸ ਤੋਂ ਬਾਅਦ ਜ਼ਿਲ੍ਹਾ ਲੁਧਿਆਣੇ ਵਿਚ 70 ਹੋਈਆ ਹਨ। ਜਲੰਧਰ ਵਿਚ 39 ਅਤੇ ਇਸ ਤੋਂ ਬਾਅਦ ਪਟਿਆਲਾ ਵਿਚ 25 ਅਤੇ ਸੰਗਰੂਰ ਵਿਚ 26 ਮੌਤਾਂ ਹਨ। 9752 ਮਰੀਜ਼ ਠੀਕ ਹੋਏ ਹਨ। ਇਲਾਜ ਅਧੀਨ 4290 ਵਿਚੋਂ 126 ਦੀ ਹਾਲਤ ਗੰਭੀਰ ਹੈ। ਇਨ੍ਹਾਂ ਵਿਚੋਂ 14 ਵੈਂਟੀਲੇਟਰ ਉਪਰ ਹਨ।
ਸੱਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ਵਿਚ 142. ਅੰਮ੍ਰਿਤਸਰ ਵਿਚ 73 ਤੇ ਪਟਿਆਲਾ ਵਿਚ 66 ਹੋਰ ਪਾਜ਼ੇਟਿਵ ਮਾਮਲੇ ਆਏ ਹਨ। ਜਲੰਧਰ ਵਿਚ 57 ਨਵੇਂ ਮਾਮਲੇ ਆਏ ਹਨ।
ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵਿਚ ਵੀ ਕੋਰੋਨਾ ਦੀ ਦਸਤਕ- ਹੁਣ ਪੰਜਾਬ ਸਕੱਤਰੇਤ ਤੇ ਸਰਕਾਰ ਦੇ ਹੋਰ ਦਫ਼ਤਰਾਂ ਬਾਅਦ ਚੰਡੀਗੜ੍ਹ ਦੇ ਸੈਕਟਰ 17 ਸਥਿਤ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਇਸ ਦੀ ਪੁਸ਼ਟੀ ਖ਼ੁਦ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦਸਿਆ ਕਿ ਦਫ਼ਤਰ ਦੇ ਇਕ ਮੁਲਾਜ਼ਮ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ 29 ਜੁਲਾਈ ਨੂੰ ਸਮੂਹ ਸਟਾਫ਼ ਨੂੰ ਦਫ਼ਤਰ ਆਉਣ ਦੀ ਥਾਂ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਦਫ਼ਤਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਵਾਇਆ ਜਾ ਸਕੇ।