
ਕਿਸਾਨਾਂ ਦੀ ਮੌਜੂਦਾ ਹਾਲਤ ਲਈ ਖ਼ੁਦ ਬਾਦਲ ਪ੍ਰਵਾਰ ਜ਼ਿੰਮੇਵਾਰ : ਭਗਵੰਤ ਮਾਨ
ਮਲੋਟ, ਮਿੱਡਾ, 28 ਜੁਲਾਈ (ਹਰਦੀਪ ਸਿੰਘ ਖ਼ਾਲਸਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਭਾਰੀ ਮੀਂਹ ਕਾਰਨ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਜਾਇਜ਼ਾ ਲੈਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਮਿੱਡਾ ਰਾਣੀਵਾਲਾ ਜੋ ਕਿ ਬਾਦਲਾਂ ਦੇ ਗੜ੍ਹ ਰਹੇ ਹਨ ਵਿਚ ਪ੍ਰਭਾਵਤ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਕਿਸਾਨਾਂ ਨੇ ਦਸਿਆ ਕਿ ਅਕਾਲੀ ਦਲ ਦੇ ਰਾਜ ਵਿਚ ਉਨ੍ਹਾਂ ਦੀ ਗੱਲ ਵੀ ਨਹੀਂ ਸੀ ਸੁਣੀ ਜਾਂਦੀ | ਅਕਾਲੀ ਦਲ ਦੇ ਲੀਡਰ ਅਪਣੇ ਹੀ ਹਿਸਾਬ ਨਾਲ ਕੰਮ ਕਰਦੇ ਸਨ | ਕਿਸੇ ਨੂੰ ਵੀ ਚੂੰ ਨਹੀਂ ਸੀ ਕਰਨ ਦਿਤੀ ਜਾਂਦੀ | ਇਲਾਕੇ ਵਿਚ ਸੇਮ ਨਾਲੇ ਵੀ ਅਕਾਲੀਆਂ ਦੇ ਚਹੇਤਿਆਂ ਨੇ ਅਪਣੇ ਹਿਤਾਂ ਨੂੰ ਮੁੱਖ ਰੱਖ ਕੇ ਕੱਢੇ ਗਏ ਸਨ ਜਿਸ ਕਾਰਨ ਇਹ ਹਾਲਾਤ ਬਣੇ ਹੋਏ ਹਨ | ਮੁੱਖ ਮੰਤਰੀ ਨੂੰ ਅਪਣੀਆਂ ਸਮੱਸਿਆਵਾਂ ਦਸਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੌਜੂਦਾ ਹਾਲਤ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਦਸਿਆਂ | ਬਾਦਲ ਪ੍ਰਵਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੌਜੂਦਾ ਹਾਲਤ ਲਈ ਬਾਦਲ ਪ੍ਰਵਾਰ ਜ਼ੁੰਮੇਵਾਰ ਹਨ | ਉਨ੍ਹਾਂ ਕਿਹਾ ਕਿ ਇਹ ਲੰਬੀ ਹਲਕਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਹੈ ਜਦਕਿ ਜਲਾਲਾਬਾਦ ਹਲਕਾ ਸੁਖਬੀਰ ਸਿੰਘ ਬਾਦਲ ਦਾ ਹੈ ਪਰ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਅਪਣੇ ਹਲਕਿਆਂ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਨਹੀ ਕੀਤਾ |