
ਨੌਜਵਾਨਾਂ ਨੂੰ ਰੁਜ਼ਗਾਰ ਦੇਣਾ 'ਰਾਜਾ' ਦੇ ਵੱਸ ਦੀ ਗੱਲ ਨਹੀਂ : ਰਾਹੁਲ ਗਾਂਧੀ
ਨਵੀਂ ਦਿੱਲੀ, 28 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀ ਲਈ 22.05 ਕਰੋੜ ਅਰਜ਼ੀਆਂ ਮਿਲਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਇਲਜ਼ਾਮ ਲਗਾਇਆ ਹੈ ਕਿ ਰੁਜ਼ਗਾਰ ਦੇਣਾ 'ਰਾਜਾ' ਦੇ ਵੱਸ ਦੀ ਗੱਲ ਨਹੀਂ ਹੈ |
ਉਨ੍ਹਾਂ ਟਵੀਟ ਕੀਤਾ, ''22 ਕਰੋੜ ਨੌਜਵਾਨ ਸਰਕਾਰੀ ਨੌਕਰੀਆਂ ਲਈ 8 ਸਾਲਾਂ ਵਿਚ ਕਤਾਰ 'ਚ ਲੱਗੇ, 7.22 ਲੱਖ ਨੂੰ ਨੌਕਰੀਆਂ ਮਿਲੀਆਂ, ਯਾਨੀ 1000 'ਚੋਂ ਸਿਰਫ਼ 3 | ਬੇਰੁਜ਼ਗਾਰੀ ਬਾਰੇ ਸਵਾਲ ਪੁੱਛਣ 'ਤੇ ਰਾਜਾ ਨੂੰ ਗੁੱਸਾ ਆ ਜਾਂਦਾ ਹੈ | ਸੱਚਾਈ ਇਹ ਹੈ ਕਿ ਰੁਜ਼ਗਾਰ ਦੇਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ |'' ਰਾਹੁਲ ਗਾਂਧੀ ਨੇ ਕਿਹਾ, ''ਨੌਜਵਾਨ ਦੇਸ਼ ਦੀ ਸੰਪਤੀ ਹਨ, ਭਾਜਪਾ ਉਨ੍ਹਾਂ ਨੂੰ ਦੇਣਦਾਰੀ ਦਿਖਾ ਰਹੀ ਹੈU | ਇਕ ਸਵਾਲ ਦੇ ਲਿਖਤੀ ਜਵਾਬ ਵਿਚ ਸਰਕਾਰ ਨੇ ਲੋਕ ਸਭਾ ਨੂੰ ਦਸਿਆ ਕਿ ਸਾਲ 2014 ਤੋਂ 2022 ਦੌਰਾਨ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀਆਂ ਲਈ 22.05 ਕਰੋੜ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਅਤੇ ਭਰਤੀ ਏਜੰਸੀਆਂ ਵਲੋਂ ਭਰਤੀ ਲਈ 7.22 ਲੱਖ ਉਮੀਦਵਾਰਾਂ
ਦੀ ਸਿਫਾਰਸ਼ ਕੀਤੀ ਗਈ ਹੈ | ਇਹ ਜਾਣਕਾਰੀ ਪ੍ਰਸੋਨਲ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਲੋਕ ਸਭਾ ਵਿਚ ਏ ਰੇਵੰਤ ਰੈਡੀ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ | ਰੈਡੀ ਨੇ 2014 ਤੋਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ ਪੱਕੀ ਨੌਕਰੀ ਹਾਸਲ ਕਰਨ ਵਾਲੇ ਲੋਕਾਂ ਦੇ ਵੇਰਵੇ ਮੰਗੇ ਸਨ | ਮੰਤਰੀ ਨੇ ਦਸਿਆ ਕਿ ਸਾਲ 2014 ਤੋਂ ਹੁਣ ਤਕ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀ ਲਈ ਭਰਤੀ ਏਜੰਸੀਆਂ ਵਲੋਂ ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਗਿਣਤੀ 7,22,311 ਹੈ | (ਏਜੰਸੀ)