
ਪਾਣੀ ਦੀ ਵੰਡ ਵੇਲੇ ਪੰਜਾਬ ਨਾਲ ਕੀਤਾ ਗਿਆ ਧੱਕਾ : ਰਾਜੇਵਾਲ, ਸਿਆਊ
5 ਅਗੱਸਤ ਦੀ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਕਿਸਾਨ ਆਗੂਆਂ ਨੇ
ਐਸ ਏ ਐਸ ਨਗਰ, 28 ਜੁਲਾਈ (ਨਰਿੰਦਰ ਸਿੰਘ ਝਾਂਮਪੁਰ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਾਇਆ ਹੈ ਕਿ ਜਦੋਂ ਵੀ ਪਾਣੀਆਂ ਦੀ ਵੰਡ ਹੋਈ, ਪੰਜਾਬ ਨਾਲ ਹਰ ਵਾਰ ਧੱਕਾ ਕੀਤਾ ਜਾਂਦਾ ਰਿਹਾ ਹੈ | ਸ. ਰਾਜੇਵਾਲ ਅੱਜ ਫ਼ੇਜ਼ 8 ਵਿਚ ਪੰਜ ਕਿਸਾਨ ਜਥੇਬੰਦੀਆਂ ਵਲੋਂ 5 ਅਗੱਸਤ ਨੂੰ ਕੀਤੀ ਜਾਣ ਵਾਲੀ ਪੰਜਾਬ ਬਚਾਉ ਪਾਣੀ ਬਚਾਉ ਰੈਲੀ ਵਾਲੀ ਥਾਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਇਸ ਮੌਕੇ ਸ. ਰਾਜੇਵਾਲ ਨੇ ਕਿਹਾ ਕਿ ਕੇਂਦਰ ਵਿਚ ਜਿਹੜੀ ਵੀ ਸਰਕਾਰ ਬਣੀ, ਹਰ ਸਰਕਾਰ ਨੇ ਪੰਜਾਬ ਨਾਲ ਧੱਕਾ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਣੀ ਦਿਨੋਂ ਦਿਨ ਘਟਦਾ ਜਾ ਰਿਹਾ ਹੈ, ਧਰਤੀ ਹੇਠਾਂ ਪਾਣੀ ਖ਼ਤਮ ਹੋਣ ਵਾਲਾ ਹੈ ਜਿਸ ਕਾਰਨ ਪੰਜਾਬ ਦੀ ਧਰਤੀ ਬੰਜਰ ਹੁੰਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ 60 ਸਾਲ ਪਹਿਲਾਂ ਪੰਜਾਬ ਦੇ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਸੀ, ਪਰ ਹੁਣ ਪੰਜਾਬ ਦੇ ਖੇਤਾਂ ਤੋਂ 5 ਕਿਲੋਮੀਟਰ ਪਹਿਲਾਂ ਹੀ ਨਹਿਰੀ ਪਾਣੀ ਖ਼ਤਮ ਹੋ ਜਾਂਦਾ ਹੈ | ਪੰਜਾਬ ਦੇ ਵੱਡੀ ਗਿਣਤੀ ਰਜਬਾਹੇ ਅਤੇ ਸੂਏ ਗਾਰ ਅਤੇ ਗੰਦਗੀ ਨਾਲ ਭਰੇ ਪਏ ਹਨ, ਇਨ੍ਹਾਂ ਦੀ ਸਫ਼ਾਈ ਸਰਕਾਰ ਤੇ ਪ੍ਰਸ਼ਾਸਨ ਵਲੋਂ ਕਾਗ਼ਜ਼ਾਂ ਵਿਚ ਹੀ ਕਰਵਾਈ ਜਾਂਦੀ ਹੈ | ਇਨ੍ਹਾਂ ਰਜਬਾਹਿਆਂ ਵਿਚ ਗਾਰ ਅਤੇ ਗੰਦਗੀ
ਕਾਰਨ ਪਾਣੀ ਘੱਟ ਆਉਂਦਾ ਹੈ | ਇਸ ਤੋਂ ਇਲਾਵਾ ਰਜਬਾਹਿਆਂ ਵਿਚ ਭਾਰੀ ਮਾਤਰਾ ਵਿਚ ਘਾਹ ਅਤੇ ਦਰਖਤ ਉਗੇ ਹੋਏ ਹਨ, ਜਿਸ ਕਾਰਨ ਪਾਣੀ ਨੂੰ ਅੱਗੇ ਜਾਣ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਇਲਾਕਿਆਂ ਵਿਚ ਨਹਿਰੀ ਪਾਣੀ ਪਹੁੰਚਦਾ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਸੇ ਜਿੰਨਾ ਪਾਣੀ ਆਉਂਦਾ ਹੈ, ਉਹ ਤਾਂ ਪੰਜਾਬ ਦੇ ਸਾਰੇ ਖੇਤਾਂ ਤਕ ਪਹੁੰਚਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ 1955 ਵਿਚ ਪਾਣੀਆਂ ਦੀ ਵੰਡ ਕੀਤੀ ਗਈ, ਉਸ ਸਮੇਂ ਵੀ ਪੰਜਾਬ ਨਾਲ ਵੱਡਾ ਧੱਕਾ ਅਤੇ ਨੁਕਸਾਨ ਕੀਤਾ ਗਿਆ | ਧੱਕੇ ਨਾਲ ਹੀ ਪੰਜਾਬ ਦੇ ਪਾਣੀ ਨੂੰ ਰਾਜਸਥਾਨ ਨੂੰ ਦਿਤਾ ਗਿਆ, ਉਹ ਵੀ ਬਿਲਕੁਲ ਮੁਫ਼ਤ | ਉਹਨਾਂ ਕਿਹਾ ਕਿ ਉਹਨਾਂ ਕੋਲ ਦਸਤਾਵੇਜੀ ਸਬੂਤ ਹਨ ਕਿ ਹਿਮਾਚਲ ਪ੍ਰਦੇਸ਼ ਨੇ ਦਿੱਲੀ ਨਾਲ ਪਾਣੀ ਸਪਲਾਈ ਸਮਝੌਤਾ ਕੀਤਾ ਹੈ, ਜਿਸ ਤਹਿਤ ਹਿਮਾਚਲ ਵਲੋਂ ਦਿੱਲੀ ਨੂੰ 32 ਰੁਪਏ ਪਰ ਕਿਊਬਕ ਪਾਣੀ ਵੇਚਿਆ ਜਾ ਰਿਹਾ ਹੈ | ਇਹ ਐਗਰੀਮਾੈਟ 25 ਸਾਲ ਲਈ ਕੀਤਾ ਗਿਆ ਹੈ | ਹਰ ਸਾਲ ਦਿੱਲੀ ਵਲੋਂ ਹਿਮਾਚਲ ਨੂੰ ਚਾਰ ਕਰੋੜ ਰੁਪਏ ਐਡਵਾਂਸ ਦਿਤੇ ਜਾ ਰਹੇ ਹਨ ਪਰ ਪੰਜਾਬ ਨੂੰ ਉਸ ਦੇ ਪਾਣੀ ਦੇ ਬਦਲੇ ਧੇਲਾ ਵੀ ਨਹੀਂ ਦਿਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਹਿਮਾਚਲ ਤਾਂ ਅਪਣਾ ਪਾਣੀ ਵੇਚ ਰਿਹਾ ਹੈ ਪਰੰਤੂ ਪੰਜਾਬ ਦੇ ਪਾਣੀ ਨੂੰ ਸਰਕਾਰਾਂ ਵਲੋਂ ਧੱਕੇ ਨਾਲ ਰਾਜਸਥਾਨ ਅਤੇ ਹਰਿਆਣਾ ਨੂੰ ਮੁਫ਼ਤ ਵਿਚ ਦਿਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਬਲਕਿ ਪੰਜਾਬ ਵਿਚ ਪਾਣੀ ਦੀ ਪਹਿਲਾਂ ਤੋਂ ਘਾਟ ਹੈ |
ਐਸਏਐਸ-ਨਰਿੰਦਰ-28-2