
ਬੀਐਸਐਫ ਦੀ ਕੰਡਿਆਲੀ ਤਾਰ ਥਾਂ-ਥਾਂ ਤੋਂ ਟੁੱਟੀ ਹੋਣ ਕਰ ਕੇ ਦਾਖਲ ਹੋਇਆ ਜੰਗਲੀ ਸੂਰ
ਫਿਰੋਜ਼ਪੁਰ - ਫਿਰੋਜ਼ਪੁਰ 'ਚ ਸਤਲੁਜ ਦਰਿਆ 'ਚ ਆਏ ਹੜ੍ਹ ਕਾਰਨ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦਾ ਪਤਾ ਨਹੀਂ ਲੱਗ ਰਿਹਾ ਹੈ। ਬੀਐਸਐਫ ਦੀ ਕੰਡਿਆਲੀ ਤਾਰ ਵੀ ਕਈ ਥਾਵਾਂ ਤੋਂ ਡੁੱਬ ਗਈ ਹੈ ਜਾਂ ਕੁੱਝ ਹਿੱਸਿਆਂ ਤੋਂ ਟੁੱਟ ਗਈ ਹੈ ਇਸ ਕਰ ਕੇ ਹੀ ਕਿਸੇ ਇਕ ਥਾਂ ਤੋਂ ਪਾਕਿਸਤਾਨੀ ਜੰਗਲੀ ਸੂਰ ਫਿਰੋਜ਼ਪੁਰ ਦੀ ਭਾਰਤੀ ਸਰਹੱਦ ਵਿਚ ਦਾਖ਼ਲ ਹੋ ਗਿਆ। ਇੱਥੇ ਉਸ ਨੇ ਇਕ ਵਿਅਕਤੀ 'ਤੇ ਹਮਲਾ ਵੀ ਕੀਤਾ।
ਪਿੰਡ ਟਿੰਡੀਵਾਲਾ ਦੇ ਵਸਨੀਕ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਦੋਂ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਲੱਗਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਦੇ ਲੋਕਾਂ ਦੀ ਡਿਊਟੀ ਲਗਾਈ ਗਈ। ਉਨ੍ਹਾਂ ਨੂੰ ਦਰਿਆ ਦੇ ਵਹਾਅ ਨੂੰ ਮੋੜਨ ਲਈ ਬਣਾਏ ਗਏ ਪੁਆਇੰਟਾਂ ਦੀ ਲਗਾਤਾਰ ਨਿਗਰਾਨੀ ਕਰਨ ਲਈ ਕਿਹਾ ਗਿਆ। ਉਹ ਸਵੇਰੇ ਛੇ ਵਜੇ ਪਿੰਡ ਵਾਸੀਆਂ ਨਾਲ ਇਸ ਨਾਕੇ ਨੂੰ ਦੇਖਣ ਗਿਆ ਸੀ। ਜਦੋਂ ਉਹ ਟੁੱਟੇ ਹੋਏ ਬੰਨ੍ਹ 'ਤੇ ਮਿੱਟੀ ਦਾ ਗੱਟਾ ਲਗਾ ਰਿਹਾ ਸੀ ਤਾਂ ਪਾਕਿਸਤਾਨੀ ਜੰਗਲੀ ਸੂਰ ਉਥੇ ਆ ਗਿਆ ਅਤੇ ਉਸ 'ਤੇ ਹਮਲਾ ਕਰ ਦਿੱਤਾ।
ਜਿਸ ਕਾਰਨ ਉਹ ਕਈ ਫੁੱਟ ਉੱਪਰ ਉਛਲ ਕੇ ਹੇਠਾਂ ਡਿੱਗ ਗਿਆ ਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ। ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਕੋਲ ਇਲਾਜ ਲਈ ਪੈਸੇ ਨਹੀਂ ਸਨ। ਉਸ ਨੂੰ ਘਰ ਵਿਚ ਰੱਖੀ ਕਣਕ ਦੀਆਂ ਦੋ ਬੋਰੀਆਂ ਵੇਚਣੀਆਂ ਪਈਆਂ। ਹੁਣ ਉਸ ਕੋਲ ਇਲਾਜ ਲਈ ਹੋਰ ਪੈਸੇ ਨਹੀਂ ਹਨ, ਕੋਈ ਉਸ ਦੀ ਮਦਦ ਲਈ ਨਹੀਂ ਆਇਆ।
ਉਹ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਸ ਦੀ ਮਦਦ ਕੀਤੀ ਜਾਵੇ ਕਿਉਂਕਿ ਉਹ ਮੰਜੇ 'ਤੇ ਪਿਆ ਹੈ ਅਤੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਹੈ। ਉਸ ਦੀਆਂ ਪੰਜ ਧੀਆਂ ਅਤੇ ਇੱਕ ਪੁੱਤਰ ਹੈ, ਜੋ ਸਾਰੇ ਛੋਟੀ ਉਮਰ ਦੇ ਹਨ। ਸਾਬਕਾ ਸੀਪੀਐਸ ਸੁਖਪਾਲ ਸਿੰਘ ਨੰਨੂ ਮੁਖਤਿਆਰ ਸਿੰਘ ਦਾ ਹਾਲ-ਚਾਲ ਪੁੱਛਣ ਪੁੱਜੇ ਅਤੇ ਉਨ੍ਹਾਂ ਆਪਣੇ ਪੱਧਰ ’ਤੇ ਮਦਦ ਦਾ ਭਰੋਸਾ ਦੇਣ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਮਦਦ ਲੈਣ ਦੀ ਕੋਸ਼ਿਸ਼ ਕਰਨ ਦੀ ਗੱਲ ਕਹੀ।