
ਛਿੰਦਾ ਨੇ 26 ਜੁਲਾਈ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ
ਲੁਧਿਆਣਾ : ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੇ ਟਰੱਕ ਵਿਚ ਲਿਜਾਇਆ ਗਿਆ ਸੀ। ਟਰੱਕ ਦੇ ਅੱਗੇ ਛਿੰਦੇ ਦੀ ਤਸਵੀਰ ਵੀ ਚਿਪਕਾਈ ਗਈ ਸੀ। ਛਿੰਦਾ ਦੇ ਸਮਰਥਕਾਂ ਨੇ ਖੁੱਲ੍ਹੇ ਟਰੱਕ ਵਿਚ ਬੈਠ ਕੇ ਉਨ੍ਹਾਂ ਦੇ ਅੰਤਿਮ ਸਸਕਾਰ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀਆਂ ਹਸਤੀਆਂ ਪਹੁੰਚ ਰਹੀਆਂ ਹਨ।
ਇਸ ਵਿਚ ਪੰਜਾਬੀ ਲੋਕ ਗਾਇਕ ਮੁਹੰਮਦ ਸਦੀਕ, ਗਾਇਕ ਫਿਰੋਜ਼ ਖਾਨ, ਅਦਾਕਾਰ ਹੌਬੀ ਧਾਲੀਵਾਲ ਅਤੇ ਵਿਧਾਇਕ ਗੁਰਪ੍ਰੀਤ ਗੋਗੀ, ਗੁੱਗੂ ਗਿੱਲ, ਕੇ.ਐਸ ਮੱਖਣ ਆਦਿ ਸ਼ਾਮਲ ਸਨ।
ਗਾਇਕ ਤੇ ਐਮਪੀ ਮੁਹੰਮਦ ਸਦੀਕ ਨੇ ਭਾਵੁਕ ਹੁੰਦਿਆਂ ਕਿਹਾ ਕਿ ਦੁਖ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਸੁਰਿੰਦਰ ਛਿੰਦਾ ਨੇ ਦੁਨੀਆਂ ਚ ਅਪਣੇ ਸੰਗੀਤ ਰਾਹੀਂ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦਸਿਆ ਕਿ ਸੁਰਿੰਦਰ ਛਿੰਦਾ ਨਾਲ 11-12 ਜੂਨ ਨੂੰ ਆਖ਼ਰੀ ਵਾਰ ਮੁਲਾਕਾਤ ਹੋਈ ਸੀ। ਜਿਸ ਦੌਰਾਨ ਉਨ੍ਹਾਂ ਨੇ ਕੀਮਤੀ ਪਲ ਇਕ ਦੂਜੇ ਨਾਲ ਬਿਤਾਏ ਸਨ।
ਗਾਇਕ ਪੰਮੀ ਬਾਈ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਉੱਚ ਚੋਟੀ ਦੇ ਕਲਾਕਾਰ ਸਨ। 29 ਜੁਲਾਈ 1981 ਵਿਚ ਉਨ੍ਹਾਂ ਦੋਵਾਂ ਦੀ ਪੁੱਟ ਜੱਟਾਂ ਦੇ ਬੁਲਾਉਂਦੇ ਬੱਕਰੇ ਦੌਰਾਨ ਨੇੜਤੇ ਵਧੀ ਸੀ। ਇਸ ਫਿਲਮ ਨੂੰ ਪੰਮੀ ਬਾਈ ਨੇ ਕ੍ਰੋਰੋਓਗ੍ਰਾਫ ਕੀਤਾ ਸੀ ਤੇ ਸੁਰਿੰਦਰ ਛਿੰਦਾ ਨੇ ਇਸ ਫਿਲਮ ਦੇ ਗੀਤ ਗਾਏ ਸਨ। ਉਨ੍ਹਾਂ ਕਿਹਾ ਕਿ ਪੁੱਤ ਜੱਟਾ ਦੇ... ਫਿਲਮ 29 ਜੁਲਾਈ ਨੂੰ ਹੀ ਰਿਲੀਜ਼ ਹੋਈ ਸੀ ਤੇ ਅੱਜ 29 ਜੁਲਾਈ ਨੂੰ ਹੀ ਉਨ੍ਹਾਂ ਦੀ ਅੰਤਿਮ ਵਿਦਾਈ ਹੋਈ ਹੈ। ਪੰਮੀ ਬਾਈ ਨੇ ਦਸਿਆ ਕਿ ਉਨ੍ਹਾਂ ਦੀ ਸੁਰਿੰਦਰ ਛਿੰਦਾ ਨਾਲ ਡੇਢ ਕੁ ਮਹੀਨਾ ਪਹਿਲਾਂ ਮੁਲਾਕਾਤ ਹੋਈ ਸੀ।
ਇਸ ਦੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੇ ਵੱਡੀ ਗਿਣਤੀ 'ਚ ਅੰਤਿਮ ਯਾਤਰਾ 'ਚ ਸ਼ਾਮਲ ਹੋਏ। ਛਿੰਦਾ ਨੇ 26 ਜੁਲਾਈ ਬੁੱਧਵਾਰ ਨੂੰ ਡੀਐਮਸੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ। ਛਿੰਦੇ ਦਾ ਬੇਟਾ ਸਿਮਰਨ ਅਤੇ ਬੇਟੀ ਵਿਦੇਸ਼ ਰਹਿੰਦੇ ਹਨ। ਇਸ ਲਈ ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੀ ਮੌਤ ਦੇ 3 ਦਿਨ ਬਾਅਦ ਕੀਤਾ ਗਿਆ ਹੈ। ਛਿੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਲੋਕ ਗਾਇਕਾਂ ਵਿਚ ਸੋਗ ਦੀ ਲਹਿਰ ਹੈ।
ਪੰਜਾਬੀ ਫਿਲਮ ਇੰਡਸਟਰੀ ਦੇ ਇਸ ਮਹਾਨ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਬੁੱਧਵਾਰ ਤੋਂ ਹੀ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਦੌੜ ਗਈ ਹੈ। ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਫਿਲਮੀ ਸਿਤਾਰਿਆਂ ਨੇ ਲੁਧਿਆਣਾ ਪਹੁੰਚ ਕੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ।