
ਪਿੰਡ ਲੌਂਗੋਵਾਲ ਤੋਂ ਮਾਮਲਾ ਆਇਆ ਸਾਹਮਣੇ
ਬਟਾਲਾ - ਬਟਾਲਾ ਦੇ ਨਜ਼ਦੀਕ ਪਿੰਡ ਲੌਂਗੋਵਾਲ ਦੇ ਰਹਿਣ ਵਾਲੇ 18 ਸਾਲਾਂ ਨੌਜਵਾਨ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਨੂੰ ਗੰਭੀਰ ਹਾਲਤ ਵਿਚ ਬਟਾਲਾ ਦੇ ਹਸਪਤਾਲ ਵਿਚ ਦਾਖਲ਼ ਕਰਵਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਰ ਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
ਘਟਨਾ ਸਬੰਧੀ ਨੌਜਵਾਨ ਆਰੀਅਨ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦਾ ਇਹ ਹਾਲ ਕੁਝ ਨੌਜਵਾਨਾਂ ਨੇ ਕੀਤਾ ਹੈ ਜੋ ਪਿੰਡ ਤੋਂ ਬਾਹਰ ਦੇ ਹਨ। ਨੌਜਵਾਨ ਦੀ ਮਾਂ ਨੇ ਦੱਸਿਆ ਕਿ ਨੌਜਵਾਨ ਪਹਿਲਾਂ ਵੀ ਉਸ ਦੇ ਪੁੱਤ ਨੂੰ ਧਮਕੀਆਂ ਦਿੰਦੇ ਸਨ ਅਤੇ ਉਹ ਰੰਜ਼ਿਸ਼ ਇਹ ਰੱਖਦੇ ਸਨ ਕਿ ਉਹਨਾਂ ਦੇ ਬੇਟੇ ਦੀ ਪਿੰਡ ਦੀ ਇਕ ਲੜਕੀ ਨਾਲ ਪਹਿਲਾਂ ਦੋਸਤੀ ਸੀ ਤੇ ਉਸ ਤੋਂ ਬਾਅਦ ਉਹ ਪਿੱਛੇ ਹਟ ਗਿਆ ਤੇ ਉਸ ਤੋਂ ਬਾਅਦ ਉਸ ਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਆਰੀਅਨ ਨੂੰ ਧਮਕੀਆਂ ਦੇ ਰਹੇ ਸਨ। ਕੁਝ ਲੋਕਾਂ ਨੇ ਰਾਤ ਵੀ ਝਗੜਾ ਕੀਤਾ ਅਤੇ ਅੱਜ ਜਦੋਂ ਉਹਨਾਂ ਦਾ ਬੇਟਾ ਘਰ ਤੋਂ ਬਾਹਰ ਗਿਆ ਤਾਂ ਉਸ 'ਤੇ ਹਮਲਾ ਕਰ ਦਿੱਤਾ ਗਿਆ।
ਆਰੀਅਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਹੁਣ ਉਸ ਨੇ ਬਾਰਵੀ 'ਚ ਦਾਖਲਾ ਲੈਣਾ ਸੀ। ਆਰੀਅਨ ਦਾ ਪਰਿਵਾਰ ਉਸ ਨੂੰ ਵਿਦੇਸ਼ ਭੇਜਣ ਲਈ ਪਾਸਪੋਰਟ ਬਣਵਾਉਣ ਲਈ ਅਪਲਾਈ ਕਰਨ ਦੀ ਤਿਆਰੀ ਕਰ ਰਿਹਾ ਸੀ ਉਧਰ ਪਿੰਡ ਦੀ ਸਰਪੰਚ ਕੰਵਲਜੀਤ ਕੌਰ ਨੇ ਪੁਸ਼ਟੀ ਕੀਤੀ ਕਿ ਆਰੀਅਨ ਸਵੇਰੇ ਗੰਭੀਰ ਹਾਲਾਤ 'ਚ ਅੰਮ੍ਰਿਤਸਰ ਹਸਪਤਾਲ 'ਚ ਦਾਖਲ ਸੀ ਪਰ ਹੁਣ ਸ਼ਾਮ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਪਰਿਵਾਰ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਹਮਲਾ ਕਰਨ ਵਾਲਿਆਂ ਖਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ ਹੈ।