
ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 6 ਸਤੰਬਰ ਨੂੰ ਹੋਣਗੀਆਂ..............
ਚੰਡੀਗੜ੍ਹ : ਪੰਜਾਬ ਯੂਨੀਵਰਸਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ 6 ਸਤੰਬਰ ਨੂੰ ਹੋਣਗੀਆਂ। ਇਹ ਐਲਾਨ ਅੱਜ ਡੀਨ ਵਿਦਿਆਰਥੀ ਭਲਾਈ ਪ੍ਰੋ. ਮੈਨੂਅਲ ਨਾਹਰ ਨੇ ਕੀਤਾ, ਜਾਰੀ ਪ੍ਰੋਗਰਾਮ ਅਨੁਸਾਰ 30 ਸਤੰਬਰ ਨੂੰ ਸਵੇਰੇ 9:30ਵਜੇ ਤੋਂ 10:30 ਵਜੇ ਤਕ ਨਾਮ ਦਾਖ਼ਲ ਕੀਤੇ ਜਾਣਗੇ, ਕਾਗਜ਼ਾਂ ਦੀ ਛਾਣ-ਬੀਣ ਮਗਰੋਂ ਉਮੀਦਵਾਰਾਂ ਦੀ ਸੂਚੀ ਲਾ ਦਿਤੀ ਜਾਵੇਗੀ ਅਤੇ ਇਤਰਾਜ਼ ਦਰਜ ਕੀਤੇ ਜਾਣਗੇ, 31 ਅਗੱਸਤ ਨੂੰ ਉਮੀਦਵਾਰਾਂ ਦੀ ਪ੍ਰਵਾਨਤ ਸੂਚੀ ਜਾਰੀ ਹੋਵੇਗੀ ਅਤੇ ਨਾਮ ਵਾਪਸੀ ਮਗਰੋਂ, ਉਮੀਦਵਾਰਾਂ ਦੀ ਅੰਤਮ ਸੂਚੀ ਜਾਰੀ ਕਰ ਦਿਤੀ ਜਾਵੇਗੀ।
ਵੋਟਾਂ ਦਾ ਕੰਮ 6 ਸਤੰਬਰ ਨੂੰ ਸਵੇਰੇ 11 ਵਜੇ ਤੋਂ ਅਰੰਭ ਹੋਵੇਗਾ, ਵੋਟਾਂ ਦੀ ਗਿਣਤੀ ਉਸੇ ਦਿਨ ਜਿਮਨੇਜ਼ੀਅਮ ਹਾਲ 'ਚ ਅਰੰਭ ਹੋ ਜਾਵੇਗੀ ਅਤੇ ਨਤੀਜੇ ਦੇਰ ਸ਼ਾਮ ਤਕ ਐਲਾਨ ਦਿਤੇ ਜਾਣਗੇ। ਵਿਭਾਗੀ ਪ੍ਰਤੀਨਿਧਾਂ ਦੇ ਨਤੀਜੇ 11 ਸਤੰਬਰ ਨੂੰ ਐਲਾਨੇ ਜਾਣਗੇ ਅਤੇ ਕੌਂਸਲ ਦੀ ਕਾਰਜਕਾਰਨੀ 14 ਸਤੰਬਰ ਨੂੰ ਮੁਕੰਮਲ ਕੀਤੀ ਜਾਵੇਗੀ। ਇਸੇ ਤਰ੍ਹਾਂ ਹਰ ਵਰ੍ਹੇ ਦੀ ਤਰ੍ਹਾਂ ਸ਼ਹਿਰ ਦੇ ਡਿਗਰੀ ਕਾਲਜਾਂ 'ਚ ਵੀ ਵਿਦਿਆਰਥੀ ਕੌਂਸਲ ਚੋਣਾਂ 6 ਸਤੰਬਰ ਨੂੰ ਹੀ ਹੋਣਗੀਆਂ। ਚੋਣ ਪ੍ਰੋਗਰਾਮ ਉਹੀ ਹੋਵੇਗਾ, ਜੋ ਯੂਨੀਵਰਸਟੀ ਵਲੋਂ ਤਿਆਰ ਕੀਤਾ ਹੁੰਦਾ ਹੈ।
ਸ਼ਹਿਰ ਦੇ ਕਈ ਕਾਲਜਾਂ 'ਚ ਚੋਣ ਮਾਹੌਲ ਕਾਫ਼ੀ ਤਣਾਅ ਭਰਪੂਰ ਰਹਿੰਦਾ ਹੈ, ਇਨ੍ਹਾਂ 'ਚ ਡੀ.ਏ.ਵੀ. ਕਾਲਜ ਸੈਕਟਰ 10, ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26, ਐਸ.ਡੀ. ਕਾਲਜ ਸੈਕਟਰ 32 ਅਤੇ ਸਰਕਾਰੀ ਕਾਲਜ ਸੈਕਟਰ 11 ਅਤੇ ਸੈਕਟਰ 46 ਮੁੱਖ ਹਨ। 80 ਹਜ਼ਾਰ ਤੋਂ ਵੱਧ ਵਿਦਿਆਰਥੀ ਚੁਣਨਗੇ 48 ਉਮੀਦਵਾਰ : ਪੰਜਾਬ ਯੂਨੀਵਰਸਟੀ ਵਿਚ ਇਸ ਵੇਲੇ 16 ਹਜ਼ਾਰ ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜੋ ਵੋਟ ਪਾਉਣ ਦਾ ਹੱਕ ਰਖਦੇ ਹਨ। ਇਸੇ ਤਰ੍ਹਾਂ ਸ਼ਹਿਰ ਦੇ 11 ਡਿਗਰੀ ਕਾਲਜਾਂ ਵਿਚ 60 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ ਜੋ ਇਨ੍ਹਾਂ ਵੋਟਾਂ ਵਿਚ ਹਿੱਸਾ ਲੈ ਸਕਦੇ ਹਨ।
ਕੌਂਸਲ ਵਿਚ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਨੂੰ ਮਿਲਾ ਕੇ 4 ਅਹੁਦੇ ਹਨ। ਇਸ ਲਈ 11 ਕਾਲਜਾਂ ਅਤੇ ਯੂਨੀਵਰਸਟੀ ਦੇ ਉਮੀਦਵਾਰਾਂ ਨੇ ਮਿਲ ਕੇ 48 ਦੇ ਕਰੀਬ ਹਨ ਜੋ ਕੌਂਸਲ ਲਈ ਚੁਣੇ ਜਾਣਗੇ। ਜਿਥੇ ਯੂਨੀਵਰਸਟੀ ਵਿਚ ਪਾਰਟੀ ਦੇ ਆਧਾਰ 'ਤੇ ਚੋਣ ਲੜੀ ਜਾਂਦੀ ਹੈ ਉਥੇ ਕਾਲਜਾਂ ਵਿਚ ਸਥਾਨਕ ਪਾਰਟੀਆਂ ਸਰਗਰਮ ਹਨ। ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਚੋਣਾਂ ਕਰਵਾਉਣਾ ਵੱਡੀ ਚੁਨੌਤੀ
ਚੰਡੀਗੜ੍ਹ : ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਵਿਦਿਆਰਥੀ ਕੌਂਸਲ ਚੋਣਾਂ ਕਰਵਾਉਣਾ ਜਿਥੇ ਯੂਨੀਵਰਸਟੀ ਅਤੇ ਕਾਲਜਾਂ ਲਈ ਵੱੜੀ ਚੁਨੌਤੀ ਬਣਿਆ ਹੋਇਆ ਹੈ, ਉਥੇ ਵਿਦਿਆਰਥੀ ਸੰਗਠਨ ਵੀ ਇਨ੍ਹਾਂ ਸਿਫ਼ਾਰਸ਼ਾਂ ਤੋਂ ਦੁਖੀ ਹਨ, ਕਿਉਂਕਿ ਰਵਾਇਤੀ ਨੇਤਾ, ਚੋਣ ਲੜਨ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਉਹ ਉਮੀਦਵਾਰੀ ਲਈ ਤੈਅ ਸ਼ਰਤਾਂ ਪੂਰੀਆਂ ਨਹੀਂ ਕਰਦੇ। ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਉਮਰ 17 ਤੋਂ 22 ਸਾਲ ਹੋਣੀ ਜ਼ਰੂਰੀ ਹੈ,
ਜੋ ਖੋਜ਼ ਸਕਾਲਰਾਂ ਜਾਂ ਪ੍ਰੋਫ਼ੈਸ਼ਨਲ ਕੋਰਸਾਂ ਦੇ ਵਿਦਿਆਰਥੀਆਂ ਲਈ 28 ਸਾਲ ਤਕ ਹੋ ਸਕਦੀ ਹੈ। ਦੂਜੀ ਵੱਡੀ ਸਿਫ਼ਾਰਸ਼ 75 ਫ਼ੀ ਸਦੀ ਹਾਜ਼ਰੀਆਂ ਹੋਣਾ ਜ਼ਰੂਰੀ ਹੈ। ਰਵਾਇਤੀ ਆਗੂ ਲਈ ਇਹ ਸ਼ਰਤ ਕਾਫ਼ੀ ਮੁਸ਼ਕਲ ਹੈ, ਇਸ ਤੋਂ ਇਲਾਵਾ ਉਮੀਦਵਾਰ ਦਾ ਕੋਈ ਅਪਰਾਧਿਕ ਰੀਕਾਰਡ ਨਾ ਹੋਵੇ ਜਾਂ ਫਿਰ ਵਿਦਿਅਕ ਅਦਾਰੇ ਦੁਆਰਾ ਉਸ ਵਿਰੁਧ ਕੋਈ ਅਨੁਸ਼ਾਸਨਿਕ ਕਾਰਵਾਈ ਨਾ ਹੋਈ ਹੋਵੇ, ਵਿਦਿਆਰਥੀ ਦਾ ਅਕਾਦਮਿਕ ਰੀਕਾਰਡ ਵੀ ਠੀਕ ਹੋਵੇ, ਉਸ ਦੀ ਕੋਈ ਰੀਅਪੀਅਰ ਜਾਂ ਕੰਪਾਰਟਮੈਂਟ ਨਾ ਆਈ ਹੋਵੇ, ਕੁਲ ਮਿਲਾ ਕੇ ਉਮੀਦਵਾਰ 8 ਸ਼ਰਤਾਂ ਪੂਰੀਆਂ ਕਰਦਾ ਹੋਵੇ।
ਚੋਣ ਖ਼ਰਚੇ ਦੀ ਹੱਦ ਪੰਜ ਹਜ਼ਾਰ ਰੁਪਏ : ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਇਕ ਉਮੀਦਵਾਰ ਲਈ ਚੋਣ ਖ਼ਰਚੇ ਦੀ ਹੱਦ ਪੰਜ ਹਜ਼ਾਰ ਰੁਪਏ ਤੈਅ ਹੈ, ਜਿਸ ਦਾ ਸਾਰੇ ਵੇਰਵਾ ਵੀ ਉਸ ਨੇ ਨਤੀਜਾ ਆਉਣ ਦੇ ਦੋ ਹਫ਼ਤਿਆਂ ਅੰਦਰ ਪ੍ਰਸ਼ਾਸਨ ਨੂੰ ਸੌਂਪਣਾ ਹੈ ਅਤੇ ਆਮ ਲੋਕਾਂ ਲਈ ਇਸ ਦੇ ਵੇਰਵੇ ਦੋ ਦਿਨਾਂ ਅੰਦਰ ਜਨਤਕ ਕਰਨੇ ਹੋਣੇ ਚਾਹੀਦੇ ਹਨ। ਉਮੀਦਵਾਰ ਕਿਸੇ ਸਿਆਸੀ ਪਾਰਟੀ ਤੋਂ ਫ਼ੰਡ ਵੀ ਨਹੀਂ ਲੈ ਸਕਦੇ। ਜੇਕਰ ਯੂਨੀਵਰਸਟੀ ਪ੍ਰਸ਼ਾਸਨ ਲਿੰਗਦੋਹ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਚਲੇ ਤਾਂ ਇਹ ਚੋਣਾਂ ਸੱਚਮੁਚ ਔਖੀਆਂ ਹਨ।
ਸੋਈ ਦੇ ਇਕ ਆਗੂ ਬਬਲਪ੍ਰੀਤ ਨੇ ਸਪੋਕਸਮੈਨ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਤਾਂ ਚੋਣ ਖ਼ਰਚੇ ਦੀ ਹੱਦ ਬਹੁਤ ਘੱਟ ਹੈ, ਜੋ ਵਿਹਾਰਕ ਨਹੀਂ ਹੈ, ਦੂਜਾ ਚੋਣ ਲੜਨ ਵਾਲੇ ਉਮੀਦਵਾਰ ਤੋਂ 75 ਫ਼ੀ ਸਦੀ ਹਾਜ਼ਰੀਆਂ ਦੀ ਉਮੀਦ ਬਹੁਤ ਜ਼ਿਆਦਾ ਹੈ, ਇਹ ਹੱਦ 50 ਫ਼ੀ ਸਦੀ ਹੋਣੀ ਚਾਹੀਦੀ ਹੈ। ਲਾਅ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਹਾਰਦਿਕ ਆਹਲੂਵਾਲੀਆ ਨੇ ਦਸਿਆ ਕਿ ਕੁਝ ਸਿਫ਼ਾਰਸ਼ਾਂ ਤਾਂ ਠੀਕ ਹਨ, ਪਰੰਤੂ ਹਾਜ਼ਰੀਆਂ ਦੀ 75 ਫੀ ਸਦੀ ਸ਼ਰਤ ਅਤੇ ਚੋਣ ਖ਼ਰਚੇ ਦੀ ਹੱਦ ਬਹੁਤ ਜ਼ਿਆਦਾ ਮੁਸ਼ਕਲ ਹੈ। ਕਈ ਹੋਰ ਸੰਗਠਨਾਂ ਦੇ ਆਗੂਆਂ ਦੇ ਵੀ ਇਸੇ ਤਰ੍ਹਾਂ ਦੇ ਵਿਚਾਰ ਸਨ।