
ਸਥਾਨਕ ਨਵੀਂ ਆਬਾਦੀ ਵਿਚ ਇਕ ਪਿਤਾ ਵਲੋਂ ਅਪਣੀ ਮਾਸੂਮ ਧੀ ਨੂੰ ਕਈ ਮਹੀਨਿਆਂ ਤਕ ਬੰਧਕ ਬਣਾ ਕੇ ਰੱਖਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਤਾਂ ਮੁਹੱਲਾ ਵਾਸੀਆਂ..........
ਅਬੋਹਰ: ਸਥਾਨਕ ਨਵੀਂ ਆਬਾਦੀ ਵਿਚ ਇਕ ਪਿਤਾ ਵਲੋਂ ਅਪਣੀ ਮਾਸੂਮ ਧੀ ਨੂੰ ਕਈ ਮਹੀਨਿਆਂ ਤਕ ਬੰਧਕ ਬਣਾ ਕੇ ਰੱਖਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਤਾਂ ਮੁਹੱਲਾ ਵਾਸੀਆਂ ਨੇ ਇਸ ਦੀ ਸੂਚਨਾ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਕਮੇਟੀ ਮੈਂਬਰਾਂ ਨੂੰ ਦਿਤੀ। ਉਨ੍ਹਾਂ ਬੀਤੀ ਦੇਰ ਰਾਤ ਉਕਤ ਬੱਚੀ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਅਤੇ ਬਾਲ ਸੁਰੱਖਿਆ ਵਿਭਾਗ ਦੇ ਮੈਂਬਰਾਂ ਨੂੰ ਦਿਤੀ।
ਇਸ ਬਾਬਤ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੁੱਖ ਸੇਵਾਦਾਰ ਰਾਜੂ ਚਰਾਇਆ ਨੇ ਦਸਿਆ ਕਿ ਨਵੀਂ ਆਬਾਦੀ ਗਲੀ ਨੰਬਰ 1 ਵੱਡੀ ਪੌੜੀ ਵਾਸੀ ਕਰੀਬ 12 ਸਾਲਾ ਹਿਨਾ ਦਾ ਪਿਤਾ ਚਮਨ ਲਾਲ ਜੋ ਹਨੂੰਮਾਨਗੜ੍ਹ ਰੋਡ ਸਥਿਤ ਇਕ ਪ੍ਰਸਿੱਧ ਸਕੂਲ ਦੀ ਕੰਟੀਨ ਵਿਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਉਸ ਨੂੰ ਕਰੀਬ 2-3 ਸਾਲ ਪਹਿਲਾਂ ਛੱਡ ਕੇ ਜਾ ਚੁੱਕੀ ਹੈ। ਰਾਜੂ ਚਰਾਇਆ ਨੇ ਦਸਿਆ ਕਿ ਹਿਨਾ ਦਾ ਪਿਤਾ ਪਿਛਲੇ ਕਈ ਮਹੀਨਿਆਂ ਤੋਂ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਕੰਮ 'ਤੇ ਚਲਾ ਜਾਂਦਾ ਸੀ ਜਿਸ ਕਾਰਨ ਬੱਚੀ ਨੂੰ ਸਹੀ ਰੂਪ ਨਾਲ ਖਾਣਾ ਪਾਣੀ ਨਾ ਮਿਲਣ ਅਤੇ ਉਸ ਦੀ ਦੇਖਭਾਲ ਨਾ ਹੋਣ ਕਾਰਨ ਉਸ ਦੀ ਹਾਲਤ ਤਰਸਯੋਗ ਹੋ ਚੁੱਕੀ ਸੀ।
ਬੀਤੀ ਸ਼ਾਮ ਮੁਹੱਲੇ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਉਨ੍ਹਾਂ ਨੂੰ ਦਿਤੀ ਤਾਂ ਰਾਤ ਉਹ ਅਪਣੀ ਟੀਮ ਸਣੇ ਉਕਤ ਵਿਅਕਤੀ ਦੇ ਘਰ ਪਹੁੰਚੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਬੱਚੀ ਦੀ ਹਾਲਤ ਇੰਨੀ ਖਰਾਬ ਸੀ ਕਿ ਉਹ ਹੁਣ ਮਰਨ ਅਵਸਥਾ 'ਤੇ ਚਾਰਪਾਈ 'ਤੇ ਲੇਟੀ ਹੋਈ ਸੀ ਅਤੇ ਉਸ ਦੀਆਂ ਅੱਖਾਂ ਪਿਛਲੇ ਕਰੀਬ ਇਕ ਮਹੀਨੇ ਤੋਂ ਬੰਦ ਪਈਆਂ ਸਨ ਅਤੇ ਭੁੱਖ ਦੀ ਵਜ੍ਹਾ ਕਾਰਨ ਉਹ ਬੰਦ ਅੱਖਾਂ ਨਾਲ ਵਾਰ-ਵਾਰ ਅਪਣਾ ਮੂੰਹ ਕੁਝ ਖਾਣ ਲਈ ਖੋਲ੍ਹਦੀ ਸੀ। ਉਨ੍ਹਾਂ ਤੁਰੰਤ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ।
ਦੇਰ ਰਾਤ ਬਾਲ ਰੋਗ ਮਾਹਰ ਡਾ. ਸਾਹਿਬ ਰਾਮ ਸਰਕਾਰੀ ਹਸਪਤਾਲ ਪਹੁੰਚੇ ਤਾਂ ਉਹ ਵੀ ਬੱਚੀ ਦੀ ਇਸ ਹਾਲਤ ਨੂੰ ਵੇਖ ਕੇ ਹੈਰਾਨ ਹੋਏ। ਉਨ੍ਹਾਂ ਕਿਹਾ ਕਿ ਅਪਣੀ ਜ਼ਿੰਦਗੀ ਵਿਚ ਉਨ੍ਹਾਂ ਪਹਿਲਾਂ ਅਜਿਹਾ ਕੇਸ ਨਹੀਂ ਵੇਖਿਆ ਕਿ ਕੋਈ ਬਾਪ ਅਪਣੀ ਬੱਚੀ ਨੂੰ ਇਸ ਕਦਰ ਤੜਫਾ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਜੇ ਇਸ ਪਿਤਾ ਤੋਂ ਅਪਣੀ ਬੱਚੀ ਨਹੀਂ ਸਾਂਭੀ ਜਾਂਦੀ ਸੀ ਤਾਂ ਕਿਸੇ ਸੰਸਥਾ ਨੂੰ ਸੌਂਪ ਦਿੰਦਾ। ਰਾਜੂ ਚਰਾਇਆ ਨੇ ਦਸਿਆ ਕਿ ਬੀਤੀ ਦੇਰ ਰਾਤ ਉਨ੍ਹਾਂ ਦੀ ਟੀਮ ਨੇ ਬੱਚੀ ਨੂੰ ਕੁਝ ਖਾਣਾ ਖਿਲਾਇਆ ਤਾਂ ਉਸ ਵਿਚ ਕੁਝ ਸੁਧਾਰ ਹੋਇਆ ਪਰ ਫਿਰ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।