
ਸੁਖਬੀਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਤੁਰਤ ਅਸਤੀਫ਼ੇ ਦੇਣ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਤੇ ਸਬੰਧਤ ਅਧਿਕਾਰੀਆਂ ਤੋਂ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਵਿਰੁਧ ਪਰਚੇ ਦਰਜ ਕਰ ਕੇ, ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
Jathedar Ranjit Singh Brahmpura
ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਚੜ੍ਹਦੀਕਲਾ ਲਈ ਅਤੇ ਧਰਮ ਦੀ ਸੇਵਾ ਕਰਨ ਲਈ ਬਣੀ ਸੀ। ਅੰਗਰੇਜ਼ ਸਾਮਰਾਜ ਦੌਰਾਨ ਜੋ ਭਾਰਤੀਆਂ ਨੇ ਤਸੀਹੇ ਸਹੇ ਸੀ, ਉਹ ਕਿਸੇ ਤੋਂ ਲੁਕੇ ਨਹੀਂ ਹਨ। ਉਨ੍ਹਾਂ ਸਮੇਂ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਵਿਰੁਧ ਮੋਰਚੇ ਲਾ ਕੇ ਸ਼੍ਰੋਮਣੀ ਕਮੇਟੀ ਬਣਾਈ ਸੀ ਪਰ ਹੁਣ ਵਾੜ ਹੀ ਖੇਤ ਨੂੰ ਖਾਣ ਲੱਗ ਗਈ ਹੈ।
Sukhbir Badal
ਸ. ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਇਨ੍ਹਾਂ ਸੱਭ ਕਾਰਿਆਂ ਦਾ ਮੁੱਖ ਦੋਸ਼ੀ ਸੁਖਬੀਰ ਸਿੰਘ ਬਾਦਲ ਹੈ ਜਿਸ ਤੋਂ ਬਿਨਾਂ ਤਾਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਕਮੇਟੀ ਪੱਤਾ ਨਹੀਂ ਹਿਲਦਾ ਤਾਂ ਇਨਾਂ ਵੱਡਾ ਸੰਗੀਨ ਅਪਰਾਧ ਕਿਵੇਂ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੁਨੀਆਂ ਭਰ ਵਿਚ ਬਦਨਾਮ ਕਰ ਦਿਤਾ ਹੈ।
gobind singh longowal
ਉਨ੍ਹਾਂ ਸੁਖਬੀਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਅਪਣੀਆਂ ਕੋਝੀਆਂ ਹਰਕਤਾਂ ਤੋਂ ਉਹ ਬਾਜ਼ ਆਵੇ ਨਹੀਂ ਤਾਂ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਵੇ। ਸ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਜਾਂਚ ਵਾਲੀ ਰਿਪੋਰਟ ਜਨਤਕ ਕਰੇ ਤੇ ਦੱਸੇ ਕਿ ਆਖਿਰ 328 ਸਰੂਪ ਹੈ ਕਿਥੇ?