
ਖ਼ਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂਆਂ ਵਲੋਂ ਕਾਨੂੰਨੀ ਰਾਜ ਦੀ ਦੁਹਾਈ ਪਾਉਣ ਵਾਲੇ ਹਾਕਮਾਂ ਨੂੰ ਸਵਾਲ
ਅੰਮ੍ਰਿਤਸਰ: ਖ਼ਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਪੰਜਾਬ ਮਨੁਖੀ ਅਧਿਕਾਰ ਸੰਗਠਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਕਿਰਪਾਲ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਸਤਵਿੰਦਰ ਸਿੰਘ, ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਜਦੋਂ ਕਿਤਾਬਾਂ ਬੋਲਦੀਆਂ ਹਨ ਤਾਂ ਦਿੱਲੀ ਦੇ ਦਲਾਲਾਂ ਦੇ ਪਰਦੇ ਖੁਲ੍ਹਦੇ ਹਨ।
photo
ਹੁਣੇ-ਹੁਣੇ ਉਘੇ ਪੱਤਰਕਾਰ ਜਗਤਾਰ ਸਿੰਘ ਦੁਆਰਾ ਲਿਖੀ ਕਿਤਾਬ “ਰਿਵਰਜ ਆਨ ਫ਼ਾਇਰ'' ਬਾਰੇ ਰੌਲਾ ਪੈ ਰਿਹਾ ਹੈ। ਇਸ ਕਿਤਾਬ ਨੇ ਬਾਦਲ ਤੇ ਕੈਪਟਨ ਦਾ ਰੋਲ ਸਾਹਮਣੇ ਲਿਆਂਦਾ ਹੈ ਕਿ ਇਨ੍ਹਾਂ ਨੇ ਦਿੱਲੀ ਦੇ ਮੋਹਰੇ ਬਣ ਕੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇੰਦਰਾ ਕੋਲ ਖਲੋ ਕੇ ਟਕ ਲਗਵਾਏ।
Sikh
ਕੇ.ਪੀ.ਐਸ ਗਿੱਲ ਦੀ ਬਾਇਓਗਰਾਫ਼ੀ “ਕੇ.ਪੀ.ਐਸ .ਗਿੱਲ ਦਾ ਪੈਰਾਮਾਊਟ ਕੌਪ'' ਬੋਲਦੀ ਹੈ ਤਾਂ ਦਸਦੀ ਹੈ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਇਕੋ ਇਕੋ ਸਿੱਖ ਲੀਡਰ ਸੀ ਜੋ ਰਾਤ ਦੇ ਹਨ੍ਹੇਰਿਆਂ ਵਿਚ ਗਿੱਲ ਨਾਲ ਸਿੱਖ ਜਵਾਨੀ ਨੂੰ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰਨ ਲਈ ਘੰਟਿਆਂ ਬੱਧੀ ਮੀਟਿੰਗਾਂ ਕਰਦਾ ਰਹਿੰਦਾ ਸੀ।
Parkash Badal With Sukhbir Badal
ਜਦੋਂ ਅਡਵਾਨੀ ਦੀ ਲਿਖੀ “ਮਾਈ ਕੰਟਰੀ ਮਾਈ ਲਾਈਫ਼'' ਬੋਲਦੀ ਹੈ ਤਾਂ ਬੜੇ ਮਾਣ ਨਾਲ ਭਾਜਪਾਈ ਦਾਅਵਾ ਕਰਦੇ ਹਨ ਕਿ ਉਨ੍ਹਾਂ ਇੰਦਰਾ ਗਾਂਧੀ ਨੂੰ ਸ਼੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਚੜ੍ਹਾਈ ਕਰਨ ਲਈ ਮਜ਼ਬੂਰ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਅਪਣੇ ਦੁਆਰਾ ਲਿਖੀ ਕਿਤਾਬ ਵਿਚ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ 21 ਸਿੱਖ ਨੌਜਵਾਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਕੋਲ ਪੇਸ਼ ਕਰਾਏ ਤੇ ਉਹ ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰ ਦਿਤੇ ਗਏ।
Amarinder Singh
ਦੂਜੀ ਵਾਰ ਮੁੱਖ ਮੰਤਰੀ ਬਣ ਕੇ ਉਨ੍ਹਾਂ ਕੇ.ਪੀ.ਐਸ ਗਿੱਲ ਨੂੰ ਸ਼ਰਧਾਂਜਲੀਆਂ ਦਿਤੀਆਂ, ਝੂਠੇ ਮੁਕਾਬਲੇ ਬਣਾਉਣ ਵਾਲੇ ਖੂਬੀ ਰਾਮ ਨੂੰ ਅਪਣਾ ਸੁਰੱਖਿਆ ਇੰਚਾਰਜ ਲਾਇਆ। ਖ਼ਾਲੜਾ ਮਿਸ਼ਨ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਭਾਈ ਲਾਲ ਸਿੰਘ 21 ਸਾਲ ਦੀ ਲੰਮੀ ਜੇਲ੍ਹ ਕੱਟ ਕੇ ਰਿਹਾਅ ਹੋਏ ਹਨ। ਨੈਲਸਨਮੰਡੇਲਾ ਨਾਲੋਂ ਇਕ ਸਾਲ ਵੱਧ।
ਉਨ੍ਹਾਂ ਕਿਹਾ ਕਿ ਕਾਨੂੰਨ ਦੇ ਰਾਜ ਦੀ ਦੁਹਾਈ ਪਾਉਣ ਵਾਲੇ ਹਾਕਮੋਂ ਦਸੋ, ਬੰਦੀ ਸਿੱਖਾਂ ਨੂੰ ਕਿਹੜੇ ਕਾਨੂੰਨਾਂ ਹੇਠ ਜੇਲ੍ਹਾਂ ਵਿਚ ਰੋਲਿਆ ਜਾ ਰਿਹਾ ਹੈ। ਸੰਗਠਨ ਦੇ ਆਗੂਆਂ ਨੇ ਸਵਾਲ ਕੀਤਾ ਹੈ ਕਿ ਮਾਲੇਗਾਉਂ, ਅਜਮੇਰ ਸ਼ਰੀਫ ਤੇ ਸਮਝੌਤਾ ਐਕਸਪ੍ਰੈਸ ਦੇ ਬੰਬ ਧਮਾਕਿਆਂ ਦੇ ਦੋਸ਼ੀ ਜੇਲ੍ਹਾਂ ਤੋਂ ਬਾਹਰ ਹਨ ਅਤੇ ਪ੍ਰੱਗਿਆ ਠਾਕੁਰ ਭਾਜਪਾ ਦੀ ਮੈਂਬਰ ਪਾਰਲੀਮੈਂਟ ਬਣ ਗਈ ਹੈ, ਕੀ ਇਹ ਹੈ ਕਾਨੂੰਨ ਦਾ ਰਾਜ?
ਘੱਟ ਗਿਣਤੀਆਂ ਨੂੰ 8-8 ਉਮਰ ਕੈਦਾਂ ਸੁਣਾਈਆਂ ਜਾ ਰਹੀਆਂ ਜਦੋਂ ਕਿ ਸੁਮੇਧ ਸੈਣੀ ਵਰਗਿਆਂ ਨੂੰ 302 ਅਧੀਨ ਜ਼ਮਾਨਤ ਮਿਲ ਜਾਂਦੀ ਹੈ। ਜਥੇਬੰਦੀਆਂ ਨੇ ਕਿਹਾ ਕਿ ਸਿੱਖਾਂ ਦੇ ਅਰਦਾਸ ਕਰਨ 'ਤੇ ਵੀ ਪਾਬੰਦੀਆਂ ਲਗਾਈਆਂ ਜਾਂ ਰਹੀਆਂ ਹਨ, ਭਾਵੇਂ ਸਿੱਖ ਅਰਦਾਸ ਵਿਚ ਸਰਬੱਤ ਦਾ ਭਲਾ ਹੀ ਮੰਗਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਵਾਲੇ ਭਾਈ ਗੁਰਮੀਤ ਸਿੰਘ ਨੂੰ ਗ਼ੈਰ ਕਾਨੂੰਨੀ ਹਿਰਾਸਤ ਵਿਚ ਰੱਖ ਕੇ ਕਿਹੜੇ ਕਾਨੂੰਨ ਦੇ ਰਾਜ ਦੀ ਰਾਖੀ ਕੀਤੀ ਜਾ ਰਹੀ ਹੈ?
ਸੰਗਠਨ ਦੇ ਆਗੂਆਂ ਨੇ ਆਖਰ ਵਿਚ ਕਿਹਾ ਕਿ ਜਿਨ੍ਹਾਂ ਪੰਜਾਬ ਦੇ ਪਾਣੀ ਲੁਟਾਏ, ਜਿਨ੍ਹਾਂ ਨੇ ਧਾਰਾ 370 ਰੱਦ ਕਰਨ ਤੇ ਯੂ.ਏ.ਪੀ.ਏ. ਦੇ ਹੱਕ ਵਿਚ ਵੋਟਾਂ ਪਾਈਆਂ, ਜਿਹੜੇ ਖੇਤੀ ਆਰਡੀਨੈਂਸਾਂ ਨੂੰ ਜਾਇਜ ਠਹਿਰਾਅ ਰਹੇ ਹਨ, ਪੰਜਾਬ ਦੇ ਕਿਸਾਨ ਤੇ ਗ਼ਰੀਬ ਨੂੰ ਕੰਗਾਲ ਕਰ ਕੇ ਆਪ ਮਾਲਾਮਾਲ ਹੋ ਰਹੇ ਹਨ, ਉਨ੍ਹਾਂ ਨਾਲੋਂ ਪੰਥ ਤੇ ਪੰਜਾਬ ਦੇ ਲੋਕਾਂ ਨੂੰ ਤੋੜ ਵਿਛੋੜਾ ਕਰਨਾ ਚਾਹੀਦਾ ਹੈ।