
ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ 'ਚ ਡੁੱਬਣ ਨਾਲ ਹੋਈ ਮੌਤ
ਗੁਰਦਾਸਪੁਰ: ਵਿਦੇਸ਼ ’ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਸਮੁੰਦਰ ’ਚ ਡੁੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਬਟਾਲਾ ਦੇ ਪਿੰਡ ਹਸਨਪੁਰਾ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਮੁੰਦਰ ’ਚ ਨਹਾਉਣ ਗਿਆ ਸੀ ਜਿੱਥੇ ਉਸਦੀ ਡੁੱਬਣ ਕਾਰਨ ਮੌਤ ਹੋ ਗਈ ਹੈ, ਮ੍ਰਿਤਕ ਨੌਜਵਾਨ ਦੀ ਪਹਿਚਾਣ ਮਲਕੀਤ ਸਿੰਘ(32) ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖਬਰ ਸੁਣ ਕੇ ਜਿਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਉੱਥੇ ਹੀ ਪੂਰੇ ਪਿੰਡ ਅਤੇ ਇਲਾਕੇ ’ਚ ਮਾਤਮ ਛਾ ਗਿਆ ਹੈ| ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਲਕੀਤ ਸਿੰਘ ਪਿਛਲੇ 7 ਸਾਲਾਂ ਤੋਂ ਹਾਂਗ ਕਾਂਗ ’ਚ ਰਹਿ ਰਿਹਾ ਸੀ। ਮ੍ਰਿਤਕ ਦੇ ਦੋਸਤਾਂ ਨੇ ਮ੍ਰਿਤਕ ਦੇ ਘਰ ਫ਼ੋਨ ਲਗਾ ਕੇ ਮਲਕੀਤ ਦੀ ਮੌਤ ਦੀ ਖਬਰ ਦਿੱਤੀ। ਮ੍ਰਿਤਕ ਨੌਜਵਾਨ ਦੇ ਪਿਤਾ ਬਾਵਾ ਸਿੰਘ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਮ੍ਰਿਤਕ ਬੇਟੇ ਮਲਕੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂ ਜੋ ਉਹ ਉਸਦਾ ਅੰਤਿਮ ਸਸਕਾਰ ਕਰ ਸਕਣ।