
ਡੇਅਰੀ ਕਿਸਾਨਾਂ ਨੇ ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਦੇ ਮੁਆਵਜ਼ੇ ਦੀ ਸਰਕਾਰ ਤੋਂ ਕੀਤੀ ਮੰਗ
ਮੋਹਾਲੀ: ਪੰਜਾਬ ’ਚ ਲੰਪੀ ਸਕਿਨ ਦੀ ਬਿਮਾਰੀ ਦੀ ਕਹਿਰ ਵੱਧਣ ਕਾਰਨ ਹਜ਼ਾਰਾਂ ਗਾਵਾਂ ਦੀ ਮੌਤ ਹੋ ਚੁੱਕੀ ਹੈ, ਇਸ ਨਾਲ ਹੀ ਦੁੱਧ ਉਤਪਾਦਨ ਵਿਚ ਵੀ 15 ਤੋਂ 20 ਫੀਸਦੀ ਤੱਕ ਗਿਰਾਵਟ ਆਈ ਹੈ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਰੋਜ਼ਾਨਾ 3 ਕਰੋੜ ਲੀਟਰ ਦੁੱਧ ਦਾ ਉਤਪਾਦਨ ਹੁੰਦਾ ਸੀ ਜੋ ਹੁਣ ਘਟ ਕੇ 2.25 ਕਰੋੜ ਲੀਟਰ ਤੱਕ ਪਹੁੰਚ ਗਿਆ ਹੈ।
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੁਆਰਾ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ, ਕੁੱਲ 1.25 ਲੱਖ ਪਸ਼ੂ ਲੰਪੀ ਸਕਿਨ ਤੋਂ ਪ੍ਰਭਾਵਿਤ ਹੋਏ ਹਨ, ਜਦੋਂ ਕਿ ਛੂਤ ਦੀ ਬਿਮਾਰੀ ਕਾਰਨ ਹੁਣ ਤੱਕ 10,000 ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪੀਡੀਐਫਏ ਦਾ ਦਾਅਵਾ ਹੈ ਕਿ ਜੁਲਾਈ ਤੋਂ ਹੁਣ ਤੱਕ ਸੂਬੇ ਵਿਚ ਲੰਪੀ ਸਕਿਨ ਬਿਮਾਰੀ ਕਾਰਨ 1 ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਖਾਸ ਤੌਰ 'ਤੇ ਬਿਮਾਰੀ ਨੇ ਮੁੱਖ ਤੌਰ 'ਤੇ ਗਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ ਅਤੇ ਤਰਨਤਾਰਨ ਸਮੇਤ ਕਈ ਜ਼ਿਲ੍ਹੇ ਸ਼ਾਮਲ ਹਨ।
ਇਹ ਬਿਮਾਰੀ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਰਾਹੀਂ ਪਸ਼ੂਆਂ ਵਿਚ ਤੇਜ਼ੀ ਨਾਲ ਫੈਲਦੀ ਹੈ। ਇਸ ਕਾਰਨ ਪਸ਼ੂ ਦੇ ਸਾਰੇ ਸਰੀਰ ਵਿਚ ਨਰਮ ਛਾਲੇ, ਬੁਖਾਰ, ਨੱਕ ਵਗਣਾ, ਅੱਖਾਂ ਵਿਚ ਪਾਣੀ ਆਉਣਾ, ਲਾਰ ਆਉਣਾ ਅਤੇ ਖਾਣ ਵਿਚ ਦਿੱਕਤ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਪੰਜਾਬ ਵਿੱਚ 22 ਲੱਖ ਦੇ ਕਰੀਬ ਗਾਵਾਂ ਹਨ। ਛੂਤ ਦੀ ਬਿਮਾਰੀ ਨਾਲ ਡੇਅਰੀ ਫਾਰਮਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਡੇਅਰੀ ਕਿਸਾਨਾਂ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ ਅਤੇ ਲੰਪੀ ਸਕਿਨ ਨਾਂ ਦੀ ਬਿਮਾਰੀ ਕਾਰਨ ਮਰਨ ਵਾਲੇ ਪਸ਼ੂ ਪ੍ਰਤੀ 50,000 ਰੁਪਏ ਦੇ ਮੁਆਵਜ਼ੇ ਦੀ ਕਿਸਾਨਾਂ ਨੇ ਮੰਗ ਕੀਤੀ ਸੀ।