
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਖੇਮੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਕਬੂਲਨਾਮੇ ਦੇ ਸਿਲਸਿਲੇ ਵਿਚ ਗੁਨਾਹਾਂ ਦੀ ਤਹਿ ਤੱਕ ਜਾਇਆ ਜਾਵੇ।
ਅੰਮ੍ਰਿਤਸਰ: ਪੰਥਕ ਅਸੈਂਬਲੀ ਅਤੇ ਪੰਥਕ ਤਾਲਮੇਲ ਸੰਗਠਨ ਨਾਲ ਸੰਬੰਧਿਤ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅਤੇ ਜਸਵਿੰਦਰ ਸਿੰਘ ਐਡਵੋਕੇਟ ਦੀ ਅਗਵਾਈ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਇਕ ਮੰਗ ਪੱਤਰ ਸੌਪਿਆ ਗਿਆ ਹੈ। ਪੱਤਰ ਵਿੱਚ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇਕ ਖੇਮੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਕਬੂਲਨਾਮੇ ਦੇ ਸਿਲਸਿਲੇ ਵਿਚ ਗੁਨਾਹਾਂ ਦੀ ਤਹਿ ਤੱਕ ਜਾਇਆ ਜਾਵੇ।
"ਜਥੇਦਾਰ ਕੋਈ ਵੀ ਫ਼ੈਸਲਾ ਲਵੇ ਉਹ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਰਾਹੀਂ ਲੈਣ"
ਪੱਤਰ ਵਿੱਚ ਮੰਗ ਕੀਤੀ ਗਈ ਹੈ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵਲੋਂ ਕੋਈ ਵੀ ਫ਼ੈਸਲਾ ਵਿਸ਼ਵ ਭਰ ਵਿਚ ਵਸਦੇ ਸਿੱਖ ਜਗਤ ਦੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਰਾਹੀਂ ਹੀ ਲਿਆ ਜਾਵੇ। ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਅਕਾਲੀ ਦਲ ਵਿਵਾਦ ਬਾਰੇ ਫ਼ੈਸਲੇ ਸਮੇਂ ਉਸ ਵੇਲੇ ਦੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਤਫਤੀਸ਼ ਵਿਚ ਸ਼ਾਮਿਲ ਕੀਤਾ ਜਾਵੇ। ਇਸ ਮੰਗ ਪੱਤਰ ’ਤੇ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸੁਖਦੇਵ ਸਿੰਘ ਭੌਰ, ਐਡਵੋਕੇਟ ਨਵਕਿਰਨ ਸਿੰਘ, ਖੁਸ਼ਹਾਲ ਸਿੰਘ, ਹਰਜੀਤ ਸਿੰਘ ਤੇ ਰਾਣਾ ਇੰਦਰਜੀਤ ਸਿੰਘ ਸਮੇਤ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਦਸਤਖ਼ਤ ਹਨ।