ਮੁੱਖ ਮੰਤਰੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਉਚ-ਤਾਕਤੀ ਕਮੇਟੀ ਦਾ ਗਠਨ
Published : Aug 29, 2025, 7:41 pm IST
Updated : Aug 29, 2025, 7:41 pm IST
SHARE ARTICLE
CM forms high-powered committee to monitor relief and rescue operations in flood-hit areas of Punjab
CM forms high-powered committee to monitor relief and rescue operations in flood-hit areas of Punjab

ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਲਿਆ ਜਾਇਜ਼ਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਤਿੰਨ ਸੀਨੀਅਰ ਅਧਿਕਾਰੀਆਂ ’ਤੇ ਅਧਾਰਿਤ ਇਕ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਹੈ ਜੋ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦੀ ਰੋਜ਼ਾਨਾ ਅਧਾਰ ’ਤੇ ਨਿਗਰਾਨੀ ਕਰੇਗੀ।

ਅੱਜ ਇੱਥੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਵਿਭਾਗ, ਜਲ ਸਰੋਤ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸੀਨੀਅਰ ਅਧਿਕਾਰੀਆਂ ’ਤੇ ਅਧਾਰਿਤ ਕਮੇਟੀ ਅੰਮ੍ਰਿਤਸਰ ਅਤੇ ਹੋਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਪੱਕੇ ਤੌਰ ’ਤੇ ਤਾਇਨਾਤ ਰਹੇਗੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਫਸਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇਸ ਉਚ-ਤਾਕਤੀ ਕਮੇਟੀ ਦੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਕਿ ਹੜ੍ਹ ਪੀੜਤਾਂ ਨੂੰ ਅਤਿ ਲੋੜੀਂਦੀ ਰਾਹਤ ਦਿੱਤੀ ਜਾ ਸਕੇ।

ਭਗਵੰਤ ਸਿੰਘ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢਣ ਲਈ ਪੂਰਨ ਤੌਰ ’ਤੇ ਵਚਨਬੱਧ ਹੈ ਅਤੇ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਬਚਾਅ ਤੇ ਰਾਹਤ ਕਾਰਜਾਂ ਨੂੰ ਹੋਰ ਅਸਰਦਾਇਕ ਢੰਗ ਨਾਲ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੂੰ ਹੜ੍ਹਾਂ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਸਹਾਇਤਾ ਲਈ ਸਰਕਾਰੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਝੋਕ ਦਿੱਤਾ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰਾਹਤ ਕਾਰਜਾਂ ਵਿੱਚ ਵਿਆਪਕ ਪੱਧਰ ’ਤੇ ਤੇਜ਼ੀ ਲਿਆਉਣ ਦਾ ਇਕ ਨੁਕਾਤੀ ਉਦੇਸ਼ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦੇਣ ਦਾ ਹੋਣਾ ਚਾਹੀਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪਹਾੜੀ ਸੂਬਿਆਂ ਤੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧ ਜਾਣ ਨਾਲ ਸੂਬੇ ਵਿੱਚ ਸਥਿਤੀ ਗੰਭੀਰ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਤਰੀਕ ਤੱਕ ਰਾਵੀ ਦਰਿਆ ਵਿੱਚ 14.11 ਲੱਖ ਕਿਊਸਿਕ ਪਾਣੀ ਆਇਆ ਹੈ ਅਤੇ ਹੁਣ ਤੱਕ ਇਸ ਦਰਿਆ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੈ ਅਤੇ ਇੱਥੋਂ ਤੱਕ ਕਿ ਜਦੋਂ ਸੂਬੇ ਵਿੱਚ ਸਾਲ 1988 ਵਿੱਚ ਸਭ ਤੋਂ ਭਿਆਨਕ ਹੜ੍ਹ ਆਏ ਸਨ, ਉਸ ਵੇਲੇ ਵੀ ਇਸ ਦਰਿਆ ਵਿੱਚ 11.20 ਲੱਖ ਕਿਊਸਿਕ ਪਾਣੀ ਆਇਆ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਦਰਿਆਵਾਂ ਤੋਂ ਵੱਧ ਤੋਂ ਵੱਧ ਪਾਣੀ ਲੈਣ ਲਈ ਹਰਿਆਣਾ ਅਤੇ ਰਾਜਸਥਾਨ ਨੂੰ ਪਹਿਲਾਂ ਹੀ ਲਿਖ ਕੇ ਭੇਜ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਵਿੱਚ ਭਾਰਤੀ ਫੌਜ ਨੂੰ ਪਹਿਲਾਂ ਹੀ ਤਾਇਨਾਤ ਕੀਤਾ ਜਾ ਚੁੱਕਾ ਹੈ ਅਤੇ ਸੂਬੇ ਦੀ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਦੀ ਵਰਤੋਂ ਕਰਕੇ ਪ੍ਰਸ਼ਾਸਨ ਵੱਲੋਂ ਫੌਜ ਨਾਲ ਮਿਲ ਕੇ ਰਾਹਤ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਐਨ.ਡੀ.ਆਰ.ਐਫ. ਦੀਆਂ 17 ਟੀਮਾਂ ਨੂੰ ਰਾਹਤ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਪੀੜਤ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਹੜ੍ਹਾਂ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਕਾਰਜ ਕੀਤੇ ਜਾ ਰਹੇ ਹਨ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪਤਾ ਲਾਉਣ ਦੇ ਨਾਲ-ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜਾਂ ਨੂੰ ਪੂਰਾ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਦਿਨ-ਰਾਤ ਲੋਕਾਂ ਦੀ ਮਦਦ ਲਈ ਜੁਟੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਰਿਆਵਾਂ ਦੇ ਨਾਲ ਲੱਗਦੇ ਪਾੜਾਂ ਨੂੰ ਪੂਰਨ ਦੇ ਨਾਲ-ਨਾਲ ਮੈਡੀਕਲ ਟੀਮਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਹਰੇਕ ਪਿੰਡ ਵਿੱਚ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਰਾਹਤ ਕਾਰਜਾਂ ਦੇ ਨਾਲ-ਨਾਲ ਮੈਡੀਕਲ ਟੀਮਾਂ ਆਉਣ ਵਾਲੇ ਸਮੇਂ ਵਿੱਚ ਪਾਣੀ ਦੇ ਨਮੂਨੇ ਲੈਣ, ਘਰਾਂ ਤੇ ਪਿੰਡਾਂ ਦੇ ਅੰਦਰ ਅਤੇ ਬਾਹਰ ਸਪਰੇਅ ਦੇ ਛਿੜਕਾਅ, ਪਾਣੀ ਦੀ ਕਲੋਰੀਨੇਸ਼ਨ, ਬੁਖਾਰ ਦੇ ਸਰਵੇਖਣ, ਮਲੇਰੀਆ ਅਤੇ ਡੇਂਗੂ ਦਾ ਸਮੇਂ ਸਿਰ ਪਤਾ ਲਾਉਣ ਲਈ ਕਾਰਡ ਟੈਸਟ ਅਤੇ ਸੈਨੇਟਰੀ ਨੈਪਕਿਨ ਅਤੇ ਮੱਛਰਦਾਨੀਆਂ ਵੰਡਣ ਦੇ ਕਾਰਜਾਂ ਲਈ ਤਿਆਰ ਰਹਿਣ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ ਵਿੱਚ ਸਾਫ਼ ਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੇ ਟੈਂਕਰਾਂ ਨੂੰ ਉਦੋਂ ਤੱਕ ਸੇਵਾ ਲਈ ਲਾਇਆ ਜਾਵੇ, ਜਦੋਂ ਤੱਕ ਜਲ ਸਪਲਾਈ ਸਕੀਮਾਂ ਰਾਹੀਂ ਸਪਲਾਈ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਜਾਂਦੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਵਾਟਰ ਟੈਸਟਿੰਗ ਟੀਮਾਂ ਨੂੰ ਕਿਸੇ ਵੀ ਮਹਾਂਮਾਰੀ ਦੇ ਫੈਲਾਅ ਤੋਂ ਬਚਣ ਲਈ ਸਾਰੇ ਪਿੰਡਾਂ ਵਿੱਚ ਪਾਣੀ ਦੀ ਗੁਣਵੱਤਾ ਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇ ਨਾਲ-ਨਾਲ ਸੁੱਕੇ ਰਾਸ਼ਨ ਦੀਆਂ ਕਿੱਟਾਂ, ਖੰਡ, ਚੌਲ, ਆਟਾ, ਘਿਓ, ਦੁੱਧ ਪਾਊਡਰ ਮੁਹੱਈਆ ਕਰਵਾਇਆ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਹੇਠਲੇ ਪਿੰਡਾ ‘ਚੋਂ ਪਾਣੀ ਕੱਢਣ ਲਈ ਪੰਪਿੰਗ ਕਾਰਜ ਪਹਿਲਾਂ ਹੀ ਜੰਗੀ ਪੱਧਰ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਮੰਡੀ ਬੋਰਡ ਅਤੇ ਲੋਕ ਨਿਰਮਾਣ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੁਲਾਂ, ਸੜਕਾਂ ਅਤੇ ਸਰਕਾਰੀ ਇਮਾਰਤਾਂ ਨੂੰ ਹੋਏ ਨੁਕਸਾਨ ਦਾ ਵਿਸਥਾਰਤ ਸਰਵੇਖਣ ਕਰਨ ਲਈ ਵੀ ਕਿਹਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਰਾਹਤ ਕੈਂਪਾਂ ਅਤੇ ਮੈਡੀਕਲ ਕੈਂਪਾਂ ਰਾਹੀਂ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਦਰਾਂ 'ਤੇ ਜਾ ਕੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮੋਬਾਈਲ ਮੈਡੀਕਲ ਯੂਨਿਟ ਤਾਇਨਾਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਡੇਂਗੂ ਦੇ ਲਾਰਵੇ ਦਾ ਪਤਾ ਲਾਉਣ ਲਈ ਸਮਰਪਿਤ ਐਂਟੀ ਲਾਰਵਾ ਟੀਮਾਂ ਤਾਇਨਾਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਟੀਮਾਂ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਦਸਤ, ਟਾਈਫਾਈਡ ਅਤੇ ਚਮੜੀ ਦੀਆਂ ਸਮੱਸਿਆਵਾਂ ਵਰਗੀਆਂ ਬਿਮਾਰੀਆਂ ਨੂੰ ਰੋਕਣ ਦੇ ਉਪਾਵਾਂ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਮਾਰੀਆਂ ਦੇ ਮੁਕਾਬਲੇ ਲਈ ਸਮੂਹਿਕ ਯਤਨ ਕਰਨ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਤੇ ਟੀਕਾਕਰਨ, ਜਾਨਵਰਾਂ ਦੇ ਕੀੜੇ ਮਾਰਨ ਅਤੇ ਫੀਡ/ਚਾਰੇ ਦੀ ਵਿਵਸਥਾ ਲਈ ਵੱਡੀ ਗਿਣਤੀ ਵਿੱਚ ਵੈਟਰਨਰੀ ਟੀਮਾਂ ਤਾਇਨਾਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਿਆਪਕ ਪੱਧਰ ’ਤੇ ਸੈਨੀਟਾਈਜ਼ੇਸ਼ਨ ਮੁਹਿੰਮ ਚਲਾਉਣ ਦੇ ਨਾਲ-ਨਾਲ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਫੌਗਿੰਗ ਟੀਮਾਂ ਤਾਇਨਾਤ ਕੀਤੀਆਂ ਜਾਣ ਅਤੇ ਸੈਨੇਟਰੀ ਤੇ ਮਨਰੇਗਾ ਵਰਕਰਾਂ ਨੂੰ ਪਿੰਡਾਂ ਦੀ ਸਫ਼ਾਈ ਦਾ ਕੰਮ ਸੌਂਪਿਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਾਲੇ/ਨਾਲੀਆਂ ਵਿੱਚ ਬਲੀਚਿੰਗ ਪਾਊਡਰ ਦਾ ਛਿੜਕਾਅ ਕਰਨ ਲਈ ਵੀ ਕਿਹਾ ਤਾਂ ਜੋ ਬਦਬੂ ਨੂੰ ਰੋਕਣ ਦੇ ਨਾਲ-ਨਾਲ ਇਸ ਤੋਂ  ਹੋਣ ਵਾਲੀਆਂ ਬਿਮਾਰੀਆਂ ਦੇ ਫੈਲਾਅ ਨੂੰ ਰੋਕਿਆ ਜਾ ਸਕੇ।ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਹੋਰ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement