
ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸ਼ਹੀਦ ਭਗਤ ਸਿੰਘ ਨੂੰ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਦੇ 111ਵੇਂ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ...
ਬੰਗਾ/ ਨਵਾਂ ਸ਼ਹਿਰ : ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਸ਼ਹੀਦ ਭਗਤ ਸਿੰਘ ਨੂੰ ਪੰਜਾਬ ਸਰਕਾਰ ਦੀ ਤਰਫੋਂ ਉਨ੍ਹਾਂ ਦੇ 111ਵੇਂ ਜਨਮ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਆਜ਼ਾਦੀ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਲਾਮਿਸਾਲ ਹਨ ਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਅਮਲੀ ਰੂਪ ਦੇਣਾ ਸਾਡਾ ਫ਼ਰਜ਼ ਹੈ। ਉਹ ਅੱਜ ਇੱਥੇ ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ਅੱਗੇ ਫੁੱਲ ਮਾਲਾ ਅਰਪਿਤ ਕਰਨ ਤੋਂ ਪਹਿਲਾਂ ਸ਼ਹੀਦ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਉਨ੍ਹਾਂ ਇਕ ਸੁਆਲ ਦੇ ਜੁਆਬ 'ਚ ਆਖਿਆ ਕਿ ਉਨ੍ਹਾਂ ਦੇ ਵਿਭਾਗ ਵਲੋਂ ਐਸ.ਸੀ. ਸਕਾਲਰਸ਼ਿੱਪਾਂ ਦੀ ਵੰਡ 'ਚ ਗੜਬੜੀ ਦੀ ਕਰਵਾਈ ਜਾਂਚ ਦੌਰਾਨ 400 ਕਰੋੜ ਰੁਪਏ ਦੀ ਗ਼ਲਤ ਵੰਡ ਸਾਹਮਣੇ ਆਈ ਹੈ, ਜਿਸ ਦੀ ਸਬੰਧਤ ਵਿਦਿਅਕ ਸੰਸਥਾਵਾਂ ਪਾਸੋਂ ਪਾਈ-ਪਾਈ ਵਸੂਲੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵਿਦਿਅਕ ਸੈਸ਼ਨ ਲਈ 400 ਕਰੋੜ ਰੁਪਏ ਦੀ ਸਕਾਲਰਸ਼ਿੱਪ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਤੇ 800 ਕਰੋੜ ਰੁਪਏ ਦੀ ਅਗਲੀ ਕਿਸ਼ਤ ਤਿਆਰ ਹੈ। ਉਨ੍ਹਾਂ ਨੇ ਇਸ ਮੌਕੇ ਸਿੱਖ ਨੈਸ਼ਨਲ ਕਾਲਜ ਵੱਲੋਂ ਤਿਆਰ ਕੀਤੇ ਭੰਗੜੇ ਦਾ ਆਨੰਦ ਲਿਆ ਅਤੇ ਦੇਸ਼ ਭਗਤੀ ਨਾਲ ਸਬੰਧਤ ਬੋਲੀਆਂ ਵੀ ਸੁਣੀਆਂ।
ਉਨ੍ਹਾਂ ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਸਵ. ਭੈਣ ਜੀ ਬੀਬੀ ਅਮਰ ਕੌਰ ਦੇ ਦੋਹਤੇ ਹਰਜੀਵਨ ਪਾਲ ਸਿੰਘ ਗਿੱਲ ਨੂੰ ਦੋਸ਼ਾਲੇ ਨਾਲ ਸਨਮਾਨਤ ਕੀਤਾ। ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ.ਐਸ.ਪੀ. ਦੀਪਕ ਹਿਲੌਰੀ, ਸਾਬਕਾ ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਸਤਬੀਰ ਸਿੰਘ ਪੱਲੀ ਝਿੱਕੀ ਵੀ ਮੌਜੂਦ ਸਨ।