
ਢੀਂਡਸਾ ਨੇ ਜ਼ਿਲ੍ਹਾ ਰੂਪਨਗਰ ਦੇ ਅਣਗੌਲੇ ਟਕਸਾਲੀ ਅਕਾਲੀ ਭੁਪਿੰਦਰ ਸਿੰਘ ਬਜਰੂੜ ਨਾਲ ਕੀਤੀ ਮੀਟਿੰਗ
ਰੂਪਨਗਰ, 29 ਸਤੰਬਰ (ਕੁਲਵਿੰਦਰ ਜੀਤ ਸਿੰਘ ਭਾਟੀਆ) : ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਇਹ ਸੋਚਣਾ ਕਿ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਕੇ ਰਾਹ ਸੌਖਾ ਹੋ ਜਾਵੇਗਾ, ਸ਼ਾਇਦ ਵਹਿਮ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਅਪਣਿਆਂ ਨਾਲ ਲੜਾਈ ਅਜੇ ਬਾਕੀ ਹੈ ਅਤੇ ਹੁਣ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਵੱਖ ਹੋਏ ਟਕਸਾਲੀ ਅਕਾਲੀ ਹੋਰ ਤੇਜ਼ ਹੋ ਗਏ ਹਨ ਅਤੇ ਜਿਹੜੇ ਜ਼ਿਲ੍ਹਾ ਰੂਪਨਗਰ ਵਿਚ ਕਿਹਾ ਜਾਂਦਾ ਸੀ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਕੋਈ ਆਧਾਰ ਨਹੀਂ ਹੈ ਇਥੇ ਵੀ ਆਧਾਰ ਬਣਾਉਣ ਅਤੇ ਅਣਗੌਲੇ ਕੀਤੇ ਟਕਸਾਲੀ ਅਕਾਲੀਆਂ ਨੂੰ ਇੱਕ ਝੰਡੇ ਹੇਠ ਇਕੱਠਾ ਕਰਨ ਖਾਤਰ ਚੰਡੀਗੜ੍ਹ ਸਥਿਤ ਅਪਣੀ ਕੋਠੀ ਵਿਚ ਜ਼ਿਲ੍ਹਾ ਰੂਪਨਗਰ ਦੇ ਟਕਸਾਲੀ ਅਕਾਲੀ ਅਤੇ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਦੇ ਅਤਿ ਨਜ਼ਦੀਕੀ ਭੁਪਿੰਦਰ ਸਿੰਘ ਬਜਰੂੜ ਨਾਲ ਮੀਟਿੰਗ ਹੋਣ ਦੀਆਂ ਕਨਸੋਆਂ ਹਨ।
ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਟਕਸਾਲੀ ਅਕਾਲੀ ਭੁਪਿੰਦਰ ਸਿੰਘ ਬਜਰੂੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਹੁਣ ਟਕਸਾਲੀ ਅਕਾਲੀਆਂ ਦੀ ਕਦਰ ਨਹੀਂ ਰਹੀ ਅਤੇ ਜਿਨ੍ਹਾਂ ਨੇ ਅਕਾਲੀ ਦਲ ਦੇ ਪ੍ਰਸਾਰ ਅਤੇ ਸਿੱਖ ਲਹਿਰ ਲਈ ਕੁਰਬਾਨੀਆਂ ਕੀਤੀਆਂ ਅਤੇ ਜੇਲਾਂ ਕੱਟੀਆਂ ਦੀ ਜਿੱਥੇ ਕਦਰ ਹੀ ਨਹੀਂ ਰਹੀ ਉਥੇ ਮਾਣ-ਸਨਮਾਨ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਨ੍ਹਾਂ ਦੀ ਚੰਗੇ ਮਾਹੌਲ ਵਿਚ ਮੀਟਿੰਗ ਹੋਈ ਹੈ ਪਰ ਉਨ੍ਹਾਂ ਕਿਹਾ ਕਿ ਉਹ ਕੋਈ ਫ਼ੈਸਲਾ ਲੈਣ ਤੋਂ ਜ਼ਿਲ੍ਹਾ ਰੂਪਨਗਰ ਵਿਚ ਅਣਗੌਲੇ ਕੀਤੇ ਗਏ ਅਕਾਲੀਆਂ ਨਾਲ ਮੀਟਿੰਗ ਕਰਨਗੇ ਅਤੇ ਫਿਰ ਹੀ ਕੋਈ ਫੈਸਲਾ ਲੈਣਗੇ।