
ਮੁਲਤਾਨੀ ਦੇ ਨਾਲ-ਨਾਲ ਬਰਗਾੜੀ ਦੀ ਨਵੀਂ ਪ੍ਰੇਸ਼ਾਨੀ ਤਿਆਰ ਹੈ ਸੁਮੇਧ ਸੈਣੀ ਵਾਸਤੇ
ਖੇਤੀ ਬਿਲਾਂ ਤੋਂ ਨਿਕਲਣ ਦਾ ਯਤਨ ਕਰਨ ਵਾਲੇ ਅਕਾਲੀ ਦਲ ਲਈ ਵੀ ਖੜੀਆਂ ਹੋਣਗੀਆਂ ਮੁਸ਼ਕਲਾਂ
to
ਐਸ.ਏ.ਐਸ. ਨਗਰ, 28 ਸਤੰਬਰ (ਕੁਲਦੀਪ ਸਿੰਘ) : 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਮੋਹਾਲੀ ਦੇ ਮਟੌਰ ਥਾਣੇ ਵਿਚ ਸੋਮਵਾਰ ਨੂੰ ਪੇਸ਼ ਹੋਏ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵਧਣ ਦੀ ਤਿਆਰੀ ਵਿਚ ਹਨ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿਚ ਬਣੀ ਐਸ.ਆਈ.ਟੀ. ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਿਛਲੇ ਦਿਨੀਂ ਅਦਾਲਤ ਵਿਚ ਸੈਣੀ ਨੂੰ ਇਸਦਾ ਮੁੱਖ ਸਾਜ਼ਸ਼ਕਰਤਾ ਦਸਿਆ ਸੀ। ਇਸਦੇ ਨਾਲ ਹੀ ਅਕਾਲੀ ਦਲ ਬਾਦਲ ਵਾਸਤੇ ਵੀ ਇਸ ਮਸਲੇ ਨਾਲ ਮੁਸ਼ਕਲਾਂ ਹੋਰ ਵਧਣਗੀਆਂ ਕਿਉਂਕਿ 2012 ਵਿਚ ਅਕਾਲੀ ਦਲ ਨੇ ਹੀ ਸੈਣੀ ਨੂੰ ਪੰਜਾਬ ਪੁਲਿਸ ਦੇ ਸਰਵਉਚ ਅਹੁਦੇ ਨਾਲ ਨਿਵਾਜ਼ਿਆ ਸੀ ਅਤੇ 12 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਤੋਂ ਦੋ ਦਿਨ ਬਾਅਦ ਬਰਗਾੜੀ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਦੋ ਸਿੱਖਾਂ ਨੂੰ ਪੁਲਿਸ ਨੇ ਗੋਲੀ ਚਲਾ ਕੇ ਮਾਰ ਦਿੱਤਾ ਸੀ।
ਇਹ ਮਸਲਾ ਇੰਨਾ ਭਖਿਆ ਅਤੇ ਅਕਾਲੀ ਦਲ ਇਸ ਵਿਚ ਇੰਨਾ ਕੁ ਘਿਰਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ (2017) ਵਿਚ ਅਕਾਲੀ ਦਲ ਹਾਸ਼ੀਏ 'ਤੇ ਚਲਾ ਗਿਆ ਅਤੇ ਇਤਿਹਾਸ ਵਿਚ ਪਹਿਲੀ ਵਾਰ ਇਹ ਪਾਰਟੀ
ਵਿਧਾਨ ਸਭਾ ਵਿਚ ਤੀਜੇ ਸਥਾਨ 'ਤੇ ਰਹੀ।
ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਲੋਂ ਬਣਾਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਅਪਣੀ ਰਿਪੋਰਟ ਵਿਚ ਮੰਨਿਆ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਬਰਗਾੜੀ ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਇਲਾਕਿਆਂ ਵਿਚ ਹੋਈਆਂ ਘਟਨਾਵਾਂ ਦੀ ਪੂਰੀ ਜਾਣਕਾਰੀ ਸੀ। ਇਸ ਕਮਿਸ਼ਨ ਨੇ ਕਾਲ ਡਿਟੇਲਾਂ ਅਤੇ ਹੋਰਨਾਂ ਬਿਆਨਾਂ ਦੇ ਆਧਾਰ 'ਤੇ ਖਦਸ਼ਾ ਜਾਹਰ ਕੀਤਾ ਸੀ ਕਿ ਨਾ ਸਿਰਫ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਗੋਂ ਉਨ੍ਹਾਂ ਦੇ ਉਸ ਸਮੇਂ ਦੇ ਵਿਸ਼ੇਸ਼ ਸਕੱਤਰ ਗਗਨਜੀਤ ਸਿੰਘ ਬਰਾੜ, ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਕੋਟਕਪੂਰੇ ਦੇ ਉਸ ਸਮੇਂ ਦੇ ਵਿਧਾਇਕ ਮਨਤਾਰ ਬਰਾੜ ਨੂੰ ਬਹਿਬਲ ਕਲਾਂ ਗੋਲੀਕਾਂਡ ਬਾਰੇ ਪੂਰੀ ਜਾਣਕਾਰੀ ਸੀ ।
ਇਸ ਰਿਪੋਰਟ ਵਿਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਚ ਗੋਲੀ ਚਲਾਉਣ ਵਾਲੇ ਪੁਲਿਸ ਅਫ਼ਸਰਾਂ ਦੇ ਨਾਮ ਵੀ ਜਾਹਰ ਕੀਤੇ ਗਏ ਸਨ ਪਰ ਇਸ ਬਾਰੇ ਸਪਸ਼ਟ ਨਹੀਂ ਸੀ ਕੀਤਾ ਗਿਆ ਕਿ ਇਨ੍ਹਾਂ ਪੁਲਿਸ ਅਫ਼ਸਰਾਂ ਨੂੰ ਗੋਲੀ ਚਲਾਉਣ ਦੇ ਹੁਕਮ ਕਿਸਨੇ ਦਿਤੇ ਸਨ।
ਇਸ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਹੀਂ ਬਖਸ਼ਣਗੇ। 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਫ਼ਤਿਹ ਹਾਸਲ ਹੋਈ ਅਤੇ ਹੁਣ ਸਰਕਾਰ ਬਣੇ ਨੂੰ ਸਾਢੇ ਤਿੰਨ ਸਾਲ ਬੀਤ ਚੁੱਕੇ ਹਨ। ਫ਼ਰਵਰੀ 2022 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਜਾਹਰ ਹੈ ਕਿ ਪੰਜਾਬ ਦੇ ਲੋਕਾਂ ਅਤੇ ਖਾਸ ਤੌਰ 'ਤੇ ਸਿੱਖਾਂ ਦਾ ਧਿਆਨ ਇਸ ਅਹਿਮ ਮਸਲੇ ਤੋਂ ਭਟਕਾਇਆ ਨਹੀਂ ਜਾ ਸਕਦਾ।
ਸਿਆਸੀ ਮਾਹਰ ਇਹ ਮੰਨ ਕੇ ਚੱਲ ਰਹੇ ਹਨ ਕਿ ਆਉਂਦੇ ਸਮੇਂ ਵਿਚ ਕਾਂਗਰਸ ਸਰਕਾਰ ਇਸ ਮਾਮਲੇ ਵਿਚ ਤੇਜ਼ੀ ਲਿਆਵੇਗੀ ਕਿਉਂਕਿ ਜਾਹਰ ਤੌਰ 'ਤੇ ਚੋਣਾਂ ਵਿਚ ਉਹ ਇਸ ਮੁੱਦੇ ਨੂੰ ਮੁੜ ਗਰਮ ਕਰ ਕੇ ਅਕਾਲੀ ਦਲ ਨੂੰ ਰਗੜਾ ਲਗਾਉਣਾ ਚਾਹੇਗੀ। ਬੁਰੀ ਤਰ੍ਹਾਂ ਘਿਰੇ ਹੋਏ ਅਕਾਲੀ ਦਲ ਵਾਸਤੇ ਇਸ ਮੁਸ਼ਕਲ ਤੋਂ ਬਾਹਰ ਨਿਕਲਣਾ ਖੇਤੀ ਆਰਡੀਨੈਂਸਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋਵੇਗਾ।
ਸਿਆਸੀ ਮਾਹਰ ਇਹ ਮੰਨਦੇ ਹਨ ਕਿ ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਕਾਰਨ ਵੈਸੇ ਵੀ ਜੇਕਰ ਚੋਣਾਂ ਤੋਂ ਪਹਿਲਾਂ ਮੁੜ ਇਨ੍ਹਾਂ ਦੀ ਗੰਢਤੁਪ ਨਹੀਂ ਹੋ ਜਾਂਦੀ ਤਾਂ ਦੋਵੇਂ ਪਾਰਟੀਆਂ ਅਲੱਗ-ਅਲੱਗ ਚੋਣਾਂ ਲੜਣਗੀਆਂ ਜਿਸਦਾ ਸਿੱਧਾ ਫ਼ਾਇਦਾ ਕਾਂਗਰਸ ਪਾਰਟੀ ਨੂੰ ਹੋਣਾ ਹੈ। ਇਸਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਪੰਜਾਬ ਵਿਚ ਪੈਰ ਪਸਾਰਦੀ ਜਾ ਰਹੀ ਹੈ ਅਤੇ ਇਸ ਕਰ ਕੇ ਪਿਛਲੀ ਵਾਰ ਜਿਥੇ ਵਿਧਾਨ ਸਭਾ ਚੋਣਾਂ ਵਿਚ ਤਿਕੋਣੀ ਟੱਕਰ ਦੇਖਣ ਨੂੰ ਮਿਲੀ ਸੀ, ਜੇਕਰ ਭਾਜਪਾ ਵੱਖਰੇ ਤੌਰ 'ਤੇ ਚੋਣ ਲੜਦੀ ਹੈ ਤਾਂ ਇਹ ਲੜਾਈ ਚਾਰਕੋਣੀ ਹੋ ਜਾਣੀ ਹੈ।
ਸਿਆਸੀ ਮਾਹਰ ਇਹ ਮੰਨਦੇ ਹਨ ਕਿ ਜੇਕਰ ਅੱਜ ਚੋਣ ਹੁੰਦੀ ਹੋਵੇ ਤਾਂ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦਾ ਹਾਲ ਬਹੁਤ ਮਾੜਾ ਹੋਣਾ ਹੈ ਜਦੋਂ ਕਿ ਆਮ ਆਦਮੀ ਪਾਰਟੀ ਦਾ ਵੀ ਹਾਲੇ ਪੰਜਾਬ ਵਿਚ ਬਹੁਤਾ ਅਸਰ ਨਹੀਂ ਇਸ ਲਈ ਕਾਂਗਰਸ ਆਰਾਮ ਨਾਲ ਇਹ ਚੋਣ ਜਿੱਤ ਜਾਵੇਗੀ। ਪਰ ਜਿਵੇਂ ਜਿਵੇਂ ਸਮਾਂ ਲੰਘਦਾ ਜਾਵੇਗਾ, ਇਹ ਮਸਲੇ ਪੁਰਾਣੇ ਪੈਂਦੇ ਜਾਣਗੇ, ਕਾਂਗਰਸ ਦਾ ਐਂਟੀ ਇਨਕਮਬੈਂਸੀ ਫੈਕਟਰ ਵਧੇਗਾ, ਆਮ ਆਦਮੀ ਪਾਰਟੀ ਮਜ਼ਬੂਤ ਹੋਵੇਗੀ ਤਾਂ ਸਮੀਕਰਣ ਬਦਲ ਵੀ ਸਕਦੇ ਹਨ।
ਬਹਿਰਹਾਲ, ਹਾਲ ਦੀ ਘੜੀ ਸੈਣੀ ਪ੍ਰਕਰਣ, ਅਕਾਲੀ ਦਲ ਦਾ ਪਿੱਛਾ ਨਹੀਂ ਛੱਡਣ ਲੱਗਾ। ਇਸਦੇ ਨਾਲ ਨਾਲ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਤਾਂ ਭਾਵੇਂ ਸਾਬਕਾ ਡੀ.ਜੀ.ਪੀ. ਸੈਣੀ ਨੂੰ ਸੁਪ੍ਰੀਮ ਕੋਰਟ ਤੋਂ ਰਾਹਤ ਮਿਲੀ ਹੈ ਅਤੇ ਉਸਦੀ ਕਿਸੇ ਵੀ ਹੋਰ ਮਾਮਲੇ ਵਿਚ ਗ੍ਰਿਫ਼ਤਾਰੀ ਲਈ ਇਕ ਹਫ਼ਤੇ ਦਾ ਨੋਟਿਸ ਦੇਣਾ ਪਵੇਗਾ, ਪਰ ਇਸ ਨਾਲ ਸੈਣੀ ਦੀਆਂ ਪ੍ਰੇਸ਼ਾਨੀਆਂ ਖ਼ਤਮ ਨਹੀਂ ਹੋਣ ਲੱਗੀਆਂ, ਇਕ-ਇਕ ਕਰ ਕੇ ਦਬੇ ਹੋਏ ਪੁਰਾਣੇ ਮਾਮਲੇ ਨਵੇਂ ਬਣ ਕੇ ਉਸ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰਦੇ ਹੀ ਰਹਿਣਗੇ।image