
ਕਾਰ ਸੇਵਾ ਲਈ ਰੇਤਾ ਲੈਣ ਜਾ ਰਹੇ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ
to
ਗੜ੍ਹਦੀਵਾਲਾ, 28 ਸਤੰਬਰ (ਹਰਪਾਲ ਸਿੰਘ): ਅੱਜ ਤੜਕਸਾਰ ਅੱਡਾ ਸ੍ਰੀ ਗਰਨਾ ਸਾਹਿਬ ਵਿਖੇ ਕਾਰ ਸੇਵਾ ਲਈ ਰੇਤਾ ਲੈਣ ਜਾ ਰਹੇ ਇਕ ਵਿਅਕਤੀ ਦੀ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਹਰਜਿੰਦਰ ਸਿੰਘ ਨੇ ਦਸਿਆ ਕਿ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਵਾਲਿਆਂ ਵਲੋਂ ਕੀਤੀ ਜਾ ਰਹੀ ਕਾਰ ਸੇਵਾ ਲਈ ਅੱਜ ਤੜਕੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਟਰੈਕਟਰ ਟਰਾਲੀਆਂ ਤੇ ਕਾਰ ਸੇਵਾ ਲਈ ਰੇਤਾ ਲੈਣ ਲਈ ਜਾ ਰਹੇ ਸੀ। ਜਦੋਂ ਉਹ ਅੱਡਾ ਸ੍ਰੀ ਗਰਨਾ ਸਾਹਿਬ ਵਿਖੇ ਪਹੁੰਚੇ ਤਾਂ ਓਂਕਾਰ ਸਿੰਘ ਪੁੱਤਰ ਮੋਹਨ ਸਿੰਘ ਪਿੰਡ ਖੁਣ ਖੁਣ ਖ਼ੁਰਦ ਜਦੋਂ ਦੂਸਰੇ ਟਰੈਕਟਰ ਉਤੇ ਬੈਠਣ ਲਈ ਪੈਦਲ ਜਾ ਰਿਹਾ ਸੀ ਤਾਂ ਜਲੰਧਰ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿਤੀ। ਸਿੱਟੇ ਵਜੋਂ ਉਹ ਉਂਕਾਰ ਸਿੰਘ ਕਾਰ ਵਿਚ ਫਸ ਗਿਆ। ਕਾਰ ਚਾਲਕ ਨੇ ਤੇਜ਼ ਰਫ਼ਤਾਰ ਕਾਰ ਨੂੰ ਦੌੜਾ ਕੇ ਲਗਭਗ ਚਾਰ ਕਿਲੋਮੀਟਰ ਦੂਰ ਦਸੂਹਾ ਕੋਲ ਪੈਂਦੇ ਰੀਤ ਫ਼ਾਰਮ ਨਜ਼ਦੀਕ ਓਂਕਾਰ ਸਿੰਘ ਨੂੰ ਸੁੱਟ ਦਿਤਾ ਤੇ ਫ਼ਰਾਰ ਹੋ ਗਿਆ। ਉਨ੍ਹਾਂ ਦਸਿਆ ਕਿ ਮੌਕੇ ਉਤੇ ਅਣਪਛਾਤੀ ਕਾਰ ਦਾ ਪਿੱਛਾ ਕਰਦਿਆਂ ਉਹ ਜਦੋਂ ਰੀਤ ਫ਼ਾਰਮ ਕੋਲ ਪੁੱਜੇ ਤਾਂ ਉੱਥੇ ਉਂਕਾਰ ਸਿੰਘ ਦੀ ਲਾਸ਼ ਉਨ੍ਹਾਂ ਨੂੰ ਮਿਲੀ ਜਿਸ ਸਬੰਧੀ ਉਨ੍ਹਾਂ ਤੁਰਤ ਥਾਣਾ ਦਸੂਹਾ ਵਿਖੇ ਪੁਲਿਸ ਨੂੰ ਸੂਚਿਤ ਕੀਤਾ। ਜਾਂਚ ਅਧਿਕਾਰੀ ਏ.ਐਸ.ਆਈ. ਰਾਜੇਸ਼ ਕੁਮਾਰ ਨੇ ਦਸਿਆ ਕਿ ਮ੍ਰਿਤਕ ਓਂਕਾਰ ਸਿੰਘ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਰੱਖ ਦਿਤਾ ਹੈ।image
ਉਨ੍ਹਾਂ ਦਸਿਆ ਕਿ ਪੁਲਿਸ ਵਲੋਂ ਅਣਪਛਾਤੀ ਕਾ ਕਾਰ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਅਪਣੇ ਪਿੱਛੇ ਧਰਮ ਪਤਨੀ ਤੋਂ ਇਲਾਵਾ ਦੋ ਲੜਕੀਆਂ ਛੱਡ ਗਿਆ ਹੈ। ਇਸ ਮੌਕੇ ਮੈਨੇਜਰ ਰਤਨ ਸਿੰਘ ਕੰਗ, ਦੀਦਾਰ ਸਿੰਘ ਕਾਲਾ ਪ੍ਰਧਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਰਜਿਸਟਰਡ, ਗੁਰ ਬਿਕਰਮ ਸਿੰਘ ਬਾਜਵਾ, ਬਾਬਾ ਜਸਵੀਰ ਸਿੰਘ ਪਟਵਾਰੀ ਅਤੇ ਕਾਰ ਸੇਵਾ ਕਰ ਰਹੇ ਹੋਰ ਵਿਅਕਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਵਾਰ ਨਾਲ ਹਮਦਰਦੀ ਪ੍ਰਗਟਾਈ।
ਫੋਟੋ:ਈਮੇਲ ਕੀਤੀ ਗਈ-08