ਮੁੱਖ ਮੰਤਰੀ ਵਜੋਂ ਮੇਰਾ ਹਰ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ : ਚੰਨੀ ਵਲੋਂ ਤਹਈਆ
Published : Sep 29, 2021, 12:15 am IST
Updated : Sep 29, 2021, 12:15 am IST
SHARE ARTICLE
image
image

ਮੁੱਖ ਮੰਤਰੀ ਵਜੋਂ ਮੇਰਾ ਹਰ ਕੰਮ ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਕ ਹੋਵੇਗਾ : ਚੰਨੀ ਵਲੋਂ ਤਹਈਆ

ਖਟਕੜ ਕਲਾਂ/ਨਵਾਂਸ਼ਹਿਰ, 28 ਸਤੰਬਰ  (ਦੀਦਾਰ ਸਿੰਘ ਸ਼ੇਤਰਾ, ਜਸਵੀਰ ਸਿੰਘ ਮੰਗੂਵਾਲ) : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਣ ਕੀਤਾ ਕਿ ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਹਰੇਕ ਕੰਮ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਅਤੇ ਸੋਚ ਮੁਤਾਬਕ ਹੋਵੇਗਾ।
ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿਖੇ ਵੀ ਗਏ। ਮਹਾਨ ਸ਼ਹੀਦ ਦੇ ਘਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਜੱਦੀ ਘਰ ਦੇ ਪ੍ਰਵੇਸ਼ ਦੁਆਰ ਉਤੇ ਸਿਰ ਝੁਕਾ ਕੇ ਸਿਜਦਾ ਕੀਤਾ।
ਸ਼ਹੀਦ-ਏ-ਆਜ਼ਮ ਦੇ ਜੱਦੀ ਘਰ ਵਿਖੇ ਵਿਜ਼ਟਰ ਬੁੱਕ ਵਿਚ ਮੁੱਖ ਮੰਤਰੀ ਨੇ ਭਾਵੁਕ ਸੁਨੇਹਾ ਦਰਜ ਕਰਦਿਆਂ ਲਿਖਿਆ, “ਧੰਨ ਹੈ ਇਹ ਥਾਂ ਜਿਸ ਨੇ ਸ਼ਹੀਦ ਭਗਤ ਸਿੰਘ ਵਰਗਾ ਨੇਤਾ ਪੈਦਾ ਕੀਤਾ। ਏਸ ਮਿੱਟੀ ਨੂੰ ਅਪਣੇ ਮੱਥੇ ਨਾਲ ਲਾ ਕੇ ਮੈਨੂੰ ਬੇਹੱਦ ਖੁਸ਼ੀ ਹੋਈ। ਮੈਂ ਇਹ ਹਲਫ਼ ਲੈਂਦਾਂ ਹਾਂ ਕਿ ਬਤੌਰ ਮੁੱਖ ਮੰਤਰੀ ਮੈਂ ਹਰ ਕੰਮ ਏਸ ਸੋਚ ਨਾਲ ਕਰਾਂਗਾ ਕਿ ਸ. ਭਗਤ ਸਿੰਘ ਮੈਨੂੰ ਵੇਖ ਰਿਹਾ ਹੈ।’’  
ਮੁੱਖ ਮੰਤਰੀ ਨੇ ਅਪਣੀ ਫੇਰੀ ਦੌਰਾਨ ਕਿਹਾ ਕਿ ਇਸ ਪਵਿੱਤਰ ਧਰਤੀ ਉਤੇ ਕੌਮੀ ਆਜ਼ਾਦੀ ਸੰਘਰਸ਼ ਖ਼ਾਤਰ ਅਪਣਾ ਜੀਵਨ ਨਿਛਾਵਰ ਕਰਨ ਵਾਲੇ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰ ਕੇ ਅਪਣੇ ਆਪ ਨੂੰ ਸੁਭਾਗਾ ਸਮਝਦੇ ਹਨ। ਸ. ਚੰਨੀ ਨੇ ਕਿਹਾ ਕਿ ਉਹ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸ. ਚੰਨੀ ਨੇ ਕਿਹਾ ਕਿ ਦੇਸ਼ ਹਮੇਸ਼ਾ ਹੀ ਮਹਾਨ ਸ਼ਹੀਦ ਦਾ ਰਿਣੀ ਰਹੇਗਾ ਜਿਨ੍ਹਾਂ ਨੇ ਮੁਲਕ ਨੂੰ ਬਰਤਾਨਵੀ ਸਾਮਰਾਜ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਲਈ 23 ਵਰਿ੍ਹਆਂ ਦੀ ਜਵਾਨ ਉਮਰ ਵਿਚ ਅਪਣੀ ਜਾਨ ਕੁਰਬਾਨ ਕਰ ਦਿਤੀ।
ਮੁੱਖ ਮੰਤਰੀ ਨੇ ਕਿਹਾ ਕਿ ਜਵਾਨ ਉਮਰ ਵਿਚ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੇ ਨੌਜਵਾਨਾਂ ਨੂੰ ਕੌਮੀ ਆਜ਼ਾਦੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਪ੍ਰੇਰਤ ਕੀਤਾ ਜਿਸ ਸਦਕਾ ਦੇਸ਼ ਨੂੰ ਆਜ਼ਾਦੀ ਹਾਸਲ ਹੋਈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਲੱਖਾਂ ਨੌਜਵਾਨਾਂ ਲਈ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਸਦਾ ਹੀ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਸ. ਚੰਨੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮਾਂ ਉਤੇ ਚੱਲਣ ਦਾ ਸੱਦਾ ਦਿਤਾ ਤਾਕਿ ਭਾਰਤ ਨੂੰ ਪ੍ਰਗਤੀਸ਼ੀਲ ਅਤੇ ਖ਼ੁਸ਼ਹਾਲ ਮੁਲਕ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸ਼ਹੀਦ ਦੇ ਪਿਤਾ ਮਰਹੂਮ ਕਿਸਨ ਸਿੰਘ ਦੀ ਸਮਾਧੀ ਸਥਲ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਮੁੱਖ ਮੰਤਰੀ ਨੇ ਸ਼ਹੀਦ ਦੇ ਰਿਸ਼ਤੇਦਾਰਾਂ ਨੂੰ ਵੀ ਸਨਮਾਨਤ ਕੀਤਾ ਜਿਨ੍ਹਾਂ ਵਿਚ ਸ. ਸਤਵਿੰਦਰ ਸਿੰਘ ਅਤੇ ਸ. ਹਰਜੀਵਨ ਸਿੰਘ ਗਿੱਲ, ਸ਼ਹੀਦ ਦੀ ਭੈਣ ਅਮਰ ਕੌਰ ਦੇ ਪੋਤਰੇ, ਭਰਾ ਮਰਹੂਮ ਕੁਲਤਾਰ ਸਿੰਘ ਦੇ ਪੁੱਤਰ ਸ. ਕਿਰਨਜੀਤ ਸਿੰਘ, ਭਰਾ ਮਰਹੂਮ ਕੁਲਬੀਰ ਸਿੰਘ ਦੀ ਨੂੰਹ ਸ੍ਰੀਮਤੀ ਤੇਜਵਿੰਦਰ ਕੌਰ ਸੰਧੂ, ਭਰਾ ਮਰਹੂਮ ਕੁਲਬੀਰ ਸਿੰਘ ਸਿੰਘ ਦੀ ਪੋਤਰੀ ਅਨੁਸ਼ ਪਿ੍ਰਆ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਪਰਵਾਰ ਤੋਂ ਅਸ਼ੋਕ ਥਾਪਰ ਅਤੇ ਵਿਸ਼ਾਲ ਨਾਇਰ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਨੇ ਨੌਜਵਾਨਾਂ ਅਤੇ ਖੇਡ ਕਲੱਬਾਂ ਨੂੰ 31 ਖੇਡ ਕਿੱਟਾਂ ਵੀ ਵੰਡੀਆਂ।
ਇਸ ਮੌਕੇ ਵਿਧਾਇਕ ਅੰਗਦ ਸਿੰਘ, ਚੌਧਰੀ ਦਰਸ਼ਨ ਲਾਲ ਅਤੇ ਨਵਤੇਜ ਸਿੰਘ ਚੀਮਾ, ਸਾਬਕਾ ਵਿਧਾਇਕ ਤਰਲੋਚਨ ਸੂੰਧ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਸਤਬੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਮੌਜੂਦ ਸਨ।
ਤਸਵੀਰ 28 ਸਤੰਬਰ 07,08,09

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement