 
          	ਗੁਰੂ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜ਼ਸ਼ ਹੈ ਏ.ਪੀ.ਐਸ ਦਿਉਲ ਨੂੰ ਐਡਵੋਕੇਟ ਜਨਰਲ ਬਣਾਉਣਾ : ਚੀਮਾ
ਚੰਡੀਗੜ੍ਹ, 28 ਸਤੰਬਰ (ਨਰਿੰਦਰ ਸਿੰਘ ਝਾਂਮਪੁਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਨਵਨਿਯੁਕਤ ਐਡੋਵੇਕਟ ਜਨਰਲ (ਏ.ਜੀ) ਅਮਰਪ੍ਰੀਤ ਸਿੰਘ ਦਿਉਲ (ਏ.ਪੀ. ਐਸ ਦਿਉਲ) ਦੀ ਨਿਯੁਕਤੀ ਉਤੇ ਸਖ਼ਤ ਇਤਰਾਜ਼ ਅਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਸਲੀ ਚਿਹਰਾ ਐਨਾ ਜਲਦੀ ਨੰਗਾ ਹੋ ਜਾਵੇਗਾ ਕਿ ਸੰਵੇਦਨਸ਼ੀਲ ਮਾਮਲਿਆਂ 'ਚੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਬਾਦਲ ਪ੍ਰਵਾਰ ਨੂੰ  ਬਚਾਉਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਦੋ ਕਦਮ ਅੱਗੇ ਜਾਣਗੇ | 
ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਇਹ ਬੱਜਰ ਗ਼ਲਤੀ ਤੁਰਤ ਸੁਧਾਰਨ ਦੀ ਅਪੀਲ ਕਰਦਿਆਂ ਏ.ਪੀ.ਐਸ ਦਿਉਲ ਨੂੰ  ਏ.ਜੀ. ਦੇ ਅਹੁਦੇ ਤੋਂ ਤੁਰਤ ਹਟਾਉਣਾ ਚਾਹੀਦਾ ਹੈ | ਚੀਮਾ ਨੇ ਨਾਲ ਹੀ ਚਿਤਾਵਨੀ ਦਿਤੀ ਜੇਕਰ 10 ਦਿਨਾਂ ਦੇ ਅੰਦਰ- ਅੰਦਰ ਚੰਨੀ ਸਰਕਾਰ ਨੇ ਏ.ਪੀ.ਐਸ ਦਿਉਲ ਨੂੰ  ਅਹੁਦੇ ਤੋਂ ਨਾ ਹਟਾਇਆ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁਧ ਫ਼ੈਸਲਾਕੁਨ ਸੰਘਰਸ਼ ਕਰੇਗੀ ਕਿਉਂਕਿ ਇਹ ਗੁਰੂ ਦੇ ਦੋਸ਼ੀਆਂ ਨੂੰ  ਬਚਾਉਣ ਦੀ ਸਾਜ਼ਸ਼ ਹੈ | ਮੰਗਲਵਾਰ ਨੂੰ  ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਬੁਲਾਰੇ ਮਾਲਵਿੰਦਰ ਸਿੰਘ ਕੰਗ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਪਾਰਟੀ ਮੁੱਖ ਦਫ਼ਤਰ 'ਚ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਏ.ਪੀ.ਐਸ ਦਿਉਲ ਵਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਵਿਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਲਈ ਸੀਨੀਅਰ ਵਕੀਲ ਵਜੋਂ ਪੈਰਵੀ ਦੇ ਦਸਤਾਵੇਜ਼ ਦਿਖਾਏ | ਚੀਮਾ ਨੇ ਕਿਹਾ ਕਿ ਏ.ਪੀ.ਐਸ ਦਿਉਲ ਨੇ ਸਿਰਫ਼ ਸੈਣੀ ਹੀ ਨਹੀਂ, ਸਗੋਂ ਹੋਰ ਦੋਸ਼ੀਆਂ ਦੇ ਕੇਸ ਵੀ ਏ.ਪੀ.ਐਸ ਦਿਉਲ ਹੀ ਲੜ ਰਹੇ ਹਨ | ਫਿਰ ਏ.ਪੀ.ਐਸ ਦਿਉਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਲੜੇ ਜਾ ਰਹੇ ਸੰਵੇਦਨਸ਼ੀਲ ਕੇਸਾਂ ਵਿਚੋਂ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ? 
ਐਸਏਐਸ-ਨਰਿੰਦਰ-28-6
 
 
                     
                
 
	                     
	                     
	                     
	                     
     
     
                     
                     
                     
                     
                    