
ਨਵਜੋਤ ਸਿੱਧੂ ਨੇ ਪਾਰਟੀ ਪ੍ਰਧਾਨਗੀ ਅਤੇ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਅਸਤੀਫ਼ੇ ਦਿਤੇ
ਪਾਰਟੀ ਦੇ ਖ਼ਜ਼ਾਨਚੀ ਗੁਲਜ਼ਾਰ ਸਿੰਘ ਚਹਿਲ ਨੇ ਵੀ ਅਹੁਦਾ ਛਡਿਆ
ਚੰਡੀਗੜ੍ਹ, 28 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਇਕ ਵਾਰ ਫਿਰ ਵੱਡੇ ਸੰਕਟ ਵਿਚ ਘਿਰ ਗਈ ਹੈ, ਜਦੋਂ ਅਚਾਨਕ ਹੀ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵੱਡਾ ਸਿਆਸੀ ਧਮਾਕਾ ਕਰ ਦਿਤਾ | ਇੰਨਾ ਹੀ ਨਹੀਂ ਕੁੱਝ ਦਿਨ ਪਹਿਲਾਂ ਬਣੀ ਨਵੀਂ ਚੰਨੀ ਸਰਕਾਰ ਦੇ ਵਿਕਟ ਡਿੱਗਣੇ ਵੀ ਸ਼ੁਰੂ ਹੋ ਗਏ | ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾਂ ਜਿਨ੍ਹਾਂ ਨੇ ਅੱਜ ਅਹੁਦਾ ਸੰਭਾਲਣਾ ਸੀ, ਨੇ ਵੀ ਸਿੱਧੂ ਤੋਂ ਬਾਅਦ ਮੰਤਰੀ ਪਦ ਤੋਂ ਅਸਤੀਫ਼ਾ ਦੇ ਦਿਤਾ ਹੈ |
ਪੰਜਾਬ ਕਾਂਗਰਸ ਦੇ ਨਵ ਨਿਯੁਕਤ ਖ਼ਜ਼ਾਨਚੀ ਗੁਲਜ਼ਾਰ ਇੰਦਰ ਚਾਹਲ ਨੇ ਵੀ ਅਸਤੀਫ਼ਾ ਦੇ ਦਿਤਾ ਹੈ | ਇਸ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਕਾਂਗਰਸ ਵਿਚ ਵੱਡੀ ਤਰਥੱਲੀ ਮਚ ਗਈ ਹੈ | ਨਵਜੋਤ ਸਿੱਧੂ ਨੇ ਅਪਣੇ ਅਸਤੀਫ਼ੇ ਦੀ ਜਾਣਕਾਰੀ ਟਵੀਟ ਰਾਹੀਂ ਸਾਂਝੀ ਕੀਤੀ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਦੇ ਪੱਤਰ ਦੀ ਕਾਪੀ ਜਾਰੀ ਕੀਤੀ | ਅਸਤੀਫ਼ੇ ਵਿਚ ਸਿੱਧੂ ਨੇ ਕਿਹਾ ਹੈ ਕਿ 'ਮੈਂ ਪੰਜਾਬ ਦੇ ਭਲੇ ਤੇ ਪੰਜਾਬ ਦੇ ਭਵਿੱਖ ਦੇ ਏਜੰਡੇ ਉਪਰ ਕੋਈ ਸਮਝੌਤਾ ਨਹੀਂ ਕਰ ਸਕਦਾ | ਅਜਿਹੇ ਸਮਝੌਤੇ ਨਾਲ ਹੀ ਆਦਮੀ ਦਾ ਪਤਨ ਸ਼ੁਰੂ ਹੁੰਦਾ ਹੈ | ਇਸ ਲਈ ਮੈਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਰਿਹਾ ਹਾਂ |'' ਉਨ੍ਹਾਂ ਇਹ ਵੀ ਲਿਖਿਆ ਹੈ ਕਿ 'ਮੈਂ ਕਾਂਗਰਸ ਦੀ ਸੇਵਾ ਕਰਦਾ ਰਹਾਂਗਾ |' ਇਸ ਤੋਂ ਬਾਅਦ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਮੁੱਖ ਮੰਤਰੀ ਨੂੰ ਅਸਤੀਫ਼ਾ ਭੇਜਦਿਆਂ ਕਿਹਾ,''ਮੈਂ ਸਿੱਧੂ ਨਾਲ ਇਕਜੁਟਤਾ ਪ੍ਰਗਟ ਕਰਦਿਆਂ ਅਸਤੀਫ਼ਾ ਦੇ ਰਹੀ ਹਾਂ | ਸਿੱਧੂ ਨੂੰ ਕੋਈ ਲਾਲਚ ਨਹੀਂ ਤੇ ਉਹ ਪੰਜਾਬ ਲਈ ਲੜ ਰਿਹਾ ਹੈ |'' ਭਾਵੇਂ ਸਿੱਧੂ ਦੇ ਅਸਤੀਫ਼ੇ ਬਾਰੇ ਅਸਲੀ ਕਾਰਨ ਤਾਂ ਹਾਲੇ ਸਪੱਸ਼ਟ ਨਹੀਂ ਪਰ ਕੁੱਝ ਵੱਡੀਆਂ ਨਿਯੁਕਤੀਆਂ ਵਿਚ ਉਸ ਦੀ ਅਣਦੇਖੀ ਕਾਰਨ ਉਹ ਨਰਾਜ਼ ਹੋਏ ਹਨ |
ਬਾਦਲਾਂ ਸਮੇਂ ਸਿੱਖ ਨੌਜਵਾਨਾਂ 'ਤੇ ਹੀ ਬੇਅਦਬੀ ਦੇ ਕੇਸ ਬਣਾਉਣ ਵਾਲੇ ਅਧਿਕਾਰੀ
ਨੂੰ ਡੀ.ਜੀ.ਪੀ. ਲਾਉਣ ਅਤੇ ਸੁਮੇਧ ਸੈਣੀ ਦੇ ਵਕੀਲ ਨੂੰ ਐਡਵੋਕੇਟ ਜਨਰਲ ਲਾਉਣ ਤੋਂ ਵੀ ਸਿੱਧੂ ਨਾਰਾਜ਼ ਦਸੇ ਜਾਂਦੇ ਹਨ | ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਨਵੀਂ ਸਰਕਾਰ ਦੇ ਪੰਜ ਦਿਨਾਂ ਦੌਰਾਨ 18 ਨੁਕਾਤੀ ਏਜੰਡੇ ਉਪਰ ਕੰਮ ਹੁੰਦਾ ਨਹੀਂ ਦਿਖਿਆ
ਅਤੇ ਸਿੱਧੂ ਦੀ ਮੁੱਖ ਤਰਜੀਹ ਇਹੀ ਏਜੰਡਾ ਹੈ | ਪੰਜ ਦਿਨਾਂ ਵਿਚ 18 ਵਿਚੋਂ ਇਕ ਨੁਕਤਿਆਂ 'ਤੇ ਵੀ ਕੰਮ ਨਹੀਂ ਹੋਇਆ | ਇਸੇ ਦੌਰਾਨ ਸਿੱਧੂ ਦੇ ਅਸਤੀਫ਼ੇ ਬਾਅਦ ਪੈਦਾ ਸਥਿਤੀ ਉਪਰ ਵਿਚਾਰ ਲਈ ਮੁੱਖ ਮੰਤਰੀ ਚੰਨੀ ਅਤੇ ਦਿੱਲੀ ਵਿਚ ਕਾਂਗਰਸ ਹਾਈਕਮਾਨ ਨੇ ਹੰਗਾਮੀ ਮੀਟਿੰਗਾਂ ਸੱਦੀਆਂ ਹਨ |