
ਚੰਨੀ ਨੇ ਭਗਵੰਤ ਮਾਨ ਨੂੰ ਕਿਹਾ, ਮੇਰਾ ਫ਼ੋਨ 24 ਘੰਟੇ ਖੁਲ੍ਹਾ ਹੈ ਜਦੋਂ ਮਰਜ਼ੀ ਗੱਲ ਕਰੋ
ਕਿਹਾ, ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ, ਛੇਤੀ ਹੀ ਵਾਪਸ ਪਰਤਾਂਗਾ
ਚੰਡੀਗੜ੍ਹ, 28 ਸਤੰਬਰ (ਸਸਸ): ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨ ਵਿਧਾਨ ਸਭਾ ਵਿਚ ਦਿਤੇ ਬਿਆਨ ਦਾ ਜਵਾਬ ਦਿਤਾ ਹੈ | ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਕਾਂਗਰਸ ਤੋਂ ਪੁਛਿਆ ਸੀ ਕਿ ਦਸੋ ਚੰਨੀ ਕਿਥੇ ਹੈ ਮੈਂ ਉਸ ਤੋਂ ਫ਼ਾਈਲਾਂ ਦਾ ਹਿਸਾਬ ਕਿਤਾਬ ਲੈਣਾ ਹੈ | ਚੰਨੀ ਨੇ ਇਸ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਂ ਕਿਤੇ ਨਹੀਂ ਭਜਿਆ ਮੇਰਾ ਮੋਬਾਈਲ ਫ਼ੋਨ 24 ਘੰਟੇ ਖੁਲ੍ਹਾ ਰਹਿੰਦਾ ਹੈ ਅਤੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ |
ਉਨ੍ਹਾਂ ਕਿਹਾ ਕਿ ਮੈਨੂੰ ਸਰਕਾਰ ਵਲੋਂ ਜਾਂ ਫਿਰ ਮੁੱਖ ਮੰਤਰੀ ਵਲੋਂ ਕੋਈ ਅਜਿਹਾ ਸੁਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ ਜਿਸ ਰਾਹੀਂ ਕਿਸੇ ਫ਼ਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ | ਚੰਨੀ ਨੇ ਕਿਹਾ ਕਿ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫ਼ਾਈਲਾਂ ਤੇ ਹਸਤਾਖ਼ਰ ਕਰ ਕੇ ਫ਼ੈਸਲੇ ਕੀਤੇ, ਜਿਨ੍ਹਾਂ ਵਿਚੋਂ ਬਿਜਲੀ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਵੀ ਸ਼ਾਮਲ ਸੀ | ਹੁਣ ਮੈਨੂੰ ਨਹੀਂ ਪਤਾ ਕਿ, ਭਗਵੰਤ ਮਾਨ ਕਿਹੜੀ ਫ਼ਾਈਲ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਨ | ਚੰਨੀ ਨੇ ਇਹ ਵੀ ਕਿਹਾ ਹੈ ਕਿ ਉਹ ਅਮਰੀਕਾ ਵਿਚ ਹਨ ਅਤੇ ਉਨੀਂਦਰੇ ਕਾਰਨ ਹੋਈ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ | ਉਹ ਅਪਣਾ ਪੀ.ਐਚ.ਡੀ. ਦਾ ਥੀਸਸ ਵੀ ਪੂਰਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮੈਂ ਛੇਤੀ ਹੀ ਵਾਪਸ ਪਰਤਾਂਗੇ |