
ਦੋਸ਼ੀ ਵਾਹਨ ਸਮੇਤ ਮੌਕੇ ਤੋਂ ਫਰਾਰ
ਖੰਨਾ - ਖੰਨਾ ਦੇ ਰਾਹੋਂ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਜਿਸ 'ਚ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਦੂਜੇ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਖੰਨਾ ਸਿਵਲ ਹਸਪਤਾਲ ਤੋਂ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਰੂਪਰਾਏ (54) ਵਾਸੀ ਗਿੱਲ (ਲੁਧਿਆਣਾ) ਵਜੋਂ ਹੋਈ ਹੈ। ਸੁਖਵਿੰਦਰ ਸਿੰਘ ਦਾ ਜੱਦੀ ਪਿੰਡ ਲਲਹੇੜੀ ਹੈ। ਕਰੀਬ 32 ਸਾਲਾਂ ਤੋਂ ਉਹ ਆਪਣੇ ਪਰਿਵਾਰ ਸਮੇਤ ਲੁਧਿਆਣਾ ਦੇ ਗਿੱਲ ਪਿੰਡ ਵਿਚ ਰਹਿਣ ਲੱਗ ਪਿਆ ਸੀ। ਸੁਖਵਿੰਦਰ ਸਿੰਘ ਦੀ ਉਥੇ ਵੈਲਡਿੰਗ ਵਰਕਸ਼ਾਪ ਹੈ। ਸੁਖਵਿੰਦਰ ਸਿੰਘ ਰੂਪਰਾਏ ਆਪਣੇ ਦੋਸਤ ਨਿਰਮਲ ਸਿੰਘ ਵਾਸੀ ਕਲਾਲਮਾਜਰਾ ਨਾਲ ਨਿੱਜੀ ਕੰਮ ਲਈ ਪਿੰਡ ਲਲਹੇੜੀ ਜਾ ਰਿਹਾ ਸੀ। ਰਾਹੋਂ ਰੋਡ ਤੋਂ ਲਲਹੇੜੀ ਨੂੰ ਜਾਂਦੇ ਸਮੇਂ ਤੇਜ਼ ਰਫ਼ਤਾਰ ਸਵਰਾਜ ਟਰੈਕਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਮੋਟਰਸਾਈਕਲ ਚਲਾ ਰਹੇ ਸੁਖਵਿੰਦਰ ਸਿੰਘ ਨੇ ਛਾਲ ਮਾਰ ਦਿੱਤੀ ਅਤੇ ਉਸ ਦਾ ਸਿਰ ਟਰਾਲੀ ਨਾਲ ਜਾ ਵੱਜਿਆ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹਗੀਰਾਂ ਨੇ ਹਾਦਸੇ ਵਿਚ ਜ਼ਖਮੀ ਹੋਏ ਨਿਰਮਲ ਸਿੰਘ ਨੂੰ ਸਿਵਲ ਹਸਪਤਾਲ ਖੰਨਾ ਪਹੁੰਚਾਇਆ। ਹਾਦਸੇ ਦੀ ਜਾਂਚ ਕਰ ਰਹੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮੁਲਜ਼ਮ ਆਪਣੀ ਟਰੈਕਟਰ ਟਰਾਲੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਉਸ ਦਾ ਪਤਾ ਲਗਾ ਕੇ ਗ੍ਰਿਫਤਾਰ ਕਰ ਲਿਆ ਜਾਵੇਗਾ।
ਖੰਨਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਉਪਰੰਤ ਸੁਖਵਿੰਦਰ ਸਿੰਘ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਉਧਰ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਪੁਸ਼ਕਰ ਰਾਜ ਸਿੰਘ ਰੂਪ ਰਾਏ ਨੇ ਪੁਲੀਸ ਤੋਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।