
ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਜਾ ਰਹੀ ਪੁਲਿਸ ਬਲ ਦੀ ਦੁਰਵਰਤੋਂ: ਰਾਜਾ ਵੜਿੰਗ
ਜਲਾਲਾਬਾਦ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੀ ਸੀਨੀਅਰ ਲੀਡਰਸ਼ਿਪ ਅੱਜ ਜਲਾਲਾਬਾਦ ਥਾਣੇ ਦਾ ਦੌਰਾ ਕਰਕੇ ਪੁਲਿਸ ਦੀ ਮੌਜੂਦਗੀ ਵਿਚ ਗ੍ਰਿਫ਼ਤਾਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਪਹੁੰਚੀ ਪਰ ਉਨ੍ਹਾਂ ਨੂੰ ਉਥੇ ਮਿਲਣ ਤੋਂ ਰੋਕ ਦਿਤਾ ਗਿਆ।
ਕਾਂਗਰਸ ਆਗੂਆਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ, ਪਰ ਫਿਰ ਵੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ। ਨੇਤਾਵਾਂ ਨੇ ਦੋਸ਼ ਲਗਾਇਆ ਕਿ ਇਸ ਘਟਨਾ ਨੇ ਇਸ ਤੱਥ ਦਾ ਪਰਦਾਫਾਸ਼ ਕੀਤਾ ਕਿ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਰਾਉਣ ਲਈ ਪੁਲਿਸ ਬਲ ਦੀ ਦੁਰਵਰਤੋਂ ਕਰ ਰਹੀ ਹੈ।
ਰਾਜਾ ਵੜਿੰਗ ਨੇ 'ਆਪ' 'ਤੇ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰਨ ਲਈ ਪੁਲਿਸ ਬਲ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਅਸੀਂ ਜਾਣਦੇ ਹਾਂ ਕਿ ਪੂਰੀ ਪ੍ਰਕਿਰਿਆ ਸਿਆਸਤ ਤੋਂ ਪ੍ਰੇਰਿਤ ਹੈ, ਅਤੇ ਸਾਡੇ ਨੇਤਾ 'ਤੇ ਦਬਾਅ ਪਾਉਣ ਲਈ ਪੁਲਿਸ ਫੋਰਸ ਦੀ 'ਦੁਰਵਰਤੋਂ' ਕੀਤੀ ਜਾ ਰਹੀ ਹੈ। ਪਹਿਲਾਂ ਇਹ ਦਸਿਆ ਗਿਆ ਸੀ ਕਿ ਖਹਿਰਾ ਸਾਹਬ ਨੂੰ ਜਲਾਲਾਬਾਦ ਲਿਜਾਇਆ ਜਾ ਰਿਹਾ ਹੈ, ਪਰ ਸਾਡੇ ਇਥੇ ਪਹੁੰਚਣ ‘ਤੇ ਇਹ ਦਸਿਆ ਗਿਆ ਕਿ ਉਨ੍ਹਾਂ ਨੂੰ ਫਾਜ਼ਿਲਕਾ ਵਿਚ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ”।
ਆਗੂਆਂ ਨੇ ਕਿਹਾ ਕਿ ਅਜਿਹੀ ਤਾਕਤ ਦੀ ਵਰਤੋਂ ਜਾਂ 'ਸਿਆਸੀ ਪਰੇਸ਼ਾਨੀ' ਨਾਲ ਕਾਂਗਰਸੀ ਆਗੂਆਂ ਦੇ ਹੌਂਸਲੇ ਨਹੀਂ ਡਿੱਗਣਗੇ। ਪੰਜਾਬ ਦੇ ਲੋਕਾਂ ਨਾਲ ਕੀਤੇ ਚੋਣ ਵਾਅਦੇ ਅਤੇ ਸਰਕਾਰ 'ਤੇ ਸਵਾਲ ਉਠਾਉਣ ਵਾਲਿਆਂ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਆਪ ਸਰਕਾਰ ਇਹੋ ਜਿਹੇ ਹੱਥਕੰਡੇ ਅਪਣਾ ਰਹੀ ਹੈ।