
ਪੁਲਿਸ ਨੇ ਗ੍ਰਿਫ਼ਤਾਰੀ ਸਮੇਂ ਮੁਲਜ਼ਮਾਂ ਕੋਲੋਂ 50 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ
ਮੁਹਾਲੀ - ਮੁਹਾਲੀ ਪੁਲਿਸ ਨੇ ਹਰਿਆਣਾ ਦਾ ਫਰਜ਼ੀ ਚੀਫ ਸੈਕਟਰੀ ਦੱਸ ਕੇ ਇਮੀਗ੍ਰੇਸ਼ਨ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹੁਣ ਤੱਕ ਲੋਕਾਂ ਨਾਲ 35 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ (28 ਸਾਲ) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਦੋ ਹੋਰ ਵਿਅਕਤੀਆਂ ਦੀ ਪਛਾਣ ਰਾਹੁਲ (35 ਸਾਲ) ਵਾਸੀ ਬਿਲਾਸਪੁਰ, ਹਿਮਾਚਲ ਅਤੇ ਰਵੀ ਮਿਸ਼ਰਾ (27 ਸਾਲ) ਵਾਸੀ ਛਪਰਾ, ਬਿਹਾਰ ਵਜੋਂ ਹੋਈ ਹੈ।
ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਲੈਂਦਾ ਸੀ। ਉਨ੍ਹਾਂ ਨੂੰ ਜਾਅਲੀ ਪੀਆਰ ਸਰਟੀਫਿਕੇਟ ਦਿੰਦੇ ਸਨ। ਇਸ ਵਿਚ ਮੁਲਜ਼ਮ ਰਾਹੁਲ ਇਹ ਫਰਜ਼ੀ ਦਸਤਾਵੇਜ਼ ਤਿਆਰ ਕਰਵਾ ਲੈਂਦਾ ਸੀ। ਮੁਲਜ਼ਮ ਦਾ ਸੈਕਟਰ 82 ਅਤੇ ਮੁਹਾਲੀ ਦੇ ਡੇਰਾਬੱਸੀ ਵਿਚ ਦਫ਼ਤਰ ਸੀ। ਉਸ ਨੇ ਆਪਣੇ ਦਫ਼ਤਰ ਵਿਚ 70 ਲੱਖ ਰੁਪਏ ਦਾ ਫਰਨੀਚਰ ਲਗਾਇਆ ਹੋਇਆ ਹੈ।
ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਐਸਕਾਰਟ ਵਾਹਨਾਂ ਨਾਲ ਡਰਾਈਵ ਕਰਦੇ ਸਨ। ਉਸ ਨੇ ਆਪਣੇ ਨਾਲ ਸੁਰੱਖਿਆ ਕਰਮਚਾਰੀ ਵੀ ਰੱਖੇ ਹੋਏ ਸਨ। ਉਹ ਇਨ੍ਹਾਂ ਸੁਰੱਖਿਆ ਕਰਮੀਆਂ ਅਤੇ ਆਪਣੇ ਰੁਤਬੇ ਨਾਲ ਲੋਕਾਂ ਨੂੰ ਫਸਾਉਂਦਾ ਸੀ। ਜਦੋਂ ਕੋਈ ਉਸ ਤੋਂ ਪੈਸੇ ਵਾਪਸ ਮੰਗਦਾ ਸੀ ਤਾਂ ਉਹ ਡਰਾਉਂਦਾ ਵੀ ਸੀ।
ਪੁਲਿਸ ਨੇ ਗ੍ਰਿਫ਼ਤਾਰੀ ਸਮੇਂ ਮੁਲਜ਼ਮਾਂ ਕੋਲੋਂ 50 ਲੱਖ 40 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 99 ਗ੍ਰਾਮ ਸੋਨਾ, 45 ਬੋਰ ਦਾ ਪਿਸਤੌਲ, 315 ਬੋਰ ਦੀ ਰਾਈਫਲ, ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਦੋ ਜਾਅਲੀ ਆਈਡੀ ਕਾਰਡ, ਹਰਿਆਣਾ ਦੇ ਗ੍ਰਹਿ ਸਕੱਤਰ ਦੇ ਜਾਅਲੀ ਆਈਡੀ ਕਾਰਡ, 5 ਜਾਅਲੀ ਡਰਾਈਵਿੰਗ ਲਾਇਸੰਸ ਬਰਾਮਦ ਕੀਤੇ ਗਏ ਹਨ। 40 ਜਾਅਲੀ ਵੀਜ਼ਾ ਸਟਿੱਕਰ ਅਤੇ 5 ਅਸੈਂਬਲੀ ਸਟਿੱਕਰ ਜ਼ਬਤ ਕੀਤੇ ਗਏ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਫਾਰਚੂਨਰ ਗੱਡੀਆਂ, ਦੋ ਐਂਡੇਵਰ, ਇਕ ਕ੍ਰਿਸਟਾ ਅਤੇ ਇਕ ਸਵਿਫਟ ਗੱਡੀ ਵੀ ਬਰਾਮਦ ਕੀਤੀ ਹੈ। ਇਨ੍ਹਾਂ ਵਾਹਨਾਂ ਤੋਂ ਪੁਲਿਸ ਕਮਾਂਡੋ ਵਰਦੀ, ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ, ਲਾਲ ਅਤੇ ਨੀਲੀ ਪੁਲਿਸ ਜੈਕਟਾਂ ਦੇ ਨਾਲ-ਨਾਲ ਪਾਇਲਟ ਵਾਹਨ ਦਾ ਝੰਡਾ ਵੀ ਬਰਾਮਦ ਕੀਤਾ ਗਿਆ ਹੈ।