
ਕਿਹਾ-'ਨਿੱਜੀ ਕੁਰਹਿਤਾਂ ਲਈ ਸਿੱਖ ਆਪਣੇ ਗੁਰੂ ਨੂੰ ਜੁਆਬਦੇਹ, ਕਿਸੇ ਵਿਅਕਤੀ ਨੂੰ ਨਹੀਂ'
ਅੰਮ੍ਰਿਤਸਰ : ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕੀਤੇ ਜਾਣ 'ਤੇ ਬੀਬੀ ਕਿਰਨਜੋਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਬੀਬੀ ਕਿਰਨਜੋਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਜਥੇਦਾਰ ਦੀ ਕਾਰਜਗੁਜ਼ਾਰੀ ਉੱਤੇ ਸਵਾਲ ਚੁੱਕੇ ਹਨ।ਬੀਬੀ ਕਿਰਨਜੋਤ ਕੌਰ ਨੇ ਲਿਖਿਆ ਹੈ ਕਿ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਸਿਧਾਂਤ ਦੀ ਤਰਜੁਮਾਨੀ ੧੮ ਵੀਂ ਸਦੀ ਦੇ ਇਤਿਹਾਸ ਤੋਂ ਸਮਝ ਆਉਂਦੀ ਹੈ। ਬਾਹਰਲੇ ਹਮਲਾਵਰ ਵਿਰੁੱਧ ਵਿਉਂਤਬੰਦੀ ਖ਼ਾਲਸਾ ਪੰਥ ਅਕਾਲ ਤਖ਼ਤ ਤੇ ਇਕਤਰ ਹੋ ਕੇ ਕਰਦਾ ਸੀ। ਉਸ ਵਕਤ ਵੀ ਸਿੱਖ ਸਰਦਾਰ ਆਪਸ ਵਿਚ ਲੜਦੇ ਰਹਿੰਦੇ ਸੀ ਪਰ ਆਪਣੀ ਲੜਾਈ ਖ਼ਤਮ ਕਰਨ ਲਈ ਅਕਾਲ ਤਖ਼ਤ ਤੇ ਨਹੀਂ ਜਾਂਦੇ ਸੀ। ਸਰਬੱਤ ਖ਼ਾਲਸਾ ਵਿਚ ਹਾਜ਼ਰ ਹੋਣ ਤੋਂ ਪਹਿਲਾਂ ਆਪਸੀ ਮੱਤਭੇਦ ਖਤਮ ਕਰਕੇ, ਇਕ ਦੂਜੇ ਨਾਲ ਮਨ ਸਾਫ ਕਰਕੇ ਸ੍ਰੀ ਗੁਰੂ ਗ੍ਰੰਥ ਦੀ ਹਾਜ਼ਰੀ ਵਿਚ ਗੁਰੂ ਪੰਥ ਰੂਪ ਹੋ ਜਾਂਦੇ ਸੀ। ਲੜਾਈ ਮੁਕਾਣ ਲਈ ਸ੍ਰੀ ਅਕਾਲ ਤਖਤ ਨੂੰ ਸਾਲਸ ਨਹੀਂ ਬਣਾਇਆ ਜਾਂਦਾ ਸੀ।
ਨਿੱਜੀ ਕੰਮੀਆਂ ਜਾ ਕੁਰਹਿਤਾਂ ਲਈ ਸਿੱਖ ਆਪਣੇ ਗੁਰੂ ਨੂੰ ਜੁਆਬਦੇਹ ਹੈ, ਕਿਸੇ ਵਿਅਕਤੀ ਨੂੰ ਨਹੀਂ, ਭਾਵੇਂ ਉਹ ਅਕਾਲ ਤਖਤ ਦਾ ਜਥੇਦਾਰ ਹੀ ਕਿਉਂ ਨਾ ਹੋਵੇ। ਹੁਣ ਤੱਕ ਦੇ ਇਤਿਹਾਸ ਵਿਚ ਕਿਸੇ ਬੀਬੀ ਨੂੰ ਰੋਮਾਂ ਦੀ ਬੇਅਦਬੀ ਜਾਂ ਕਿਸੇ ਬੰਦੇ ਨੂੰ ਦਾਹੜੀ ਕੇਸਾਂ ਦੀ ਬੇਅਦਬੀ ਲਈ ਅਕਾਲ ਤਖਤ ਸਪੱਸ਼ਟੀਕਰਨ ਦੇਣ ਲਈ ਨਹੀਂ ਬੁਲਾਇਆ ਗਿਆ। ਇਹ ਨਵੀਂ ਪਿਰਤ ਦਾ ਵਿਰੋਧ ਕਰਨ ਦੇ ਲੋੜ ਹੈ ਕਿਓਂਕਿ ਇਹ ਜਥੇਦਾਰਾਂ ਦੇ ਦਾਇਰੇ ਵਿੱਚ ਨਹੀਂ। ਅਕਾਲ ਤਖਤ ਤੇ ਸਿਰਫ ਪੰਥਕ ਕੌਮੀ ਮਸਲੇ ਵਿਚਾਰੇ ਜਾ ਸਕਦੇ ਹਨ, ਨਿੱਜੀ ਨਹੀਂ।
ਵੈਸੇ ਬੀਬੀ ਵਿਰੁੱਧ ਘਟੀਆ ਸਿਆਸਤ ਕਰਨ ਵਾਲੇ “ਗੁਰਸਿੱਖਾਂ” ਅਤੇ ਉਨ੍ਹਾਂ ਦੀ ਧੀਆਂ ਭੈਣਾਂ ਤੇ ਮਾਵਾਂ ਦੇ ਚਿਹਰਿਆਂ ਦੇ ਵੀ ਦਰਸ਼ਨ ਕਰਵਾਓ ਤਾਂ ਕਿ ਸਮਝ ਆਵੇ ਉਨ੍ਹਾਂ ਨੂੰ ਕਿੰਨੀ ਕੁ ਪੀੜ੍ਹ ਹੋਏ ਹੈ।ਜਥੇਦਾਰ ਅਕਾਲ ਤਖਤ ਨੂੰ ਵਿਅਕਤੀ ਵਿਸ਼ੇਸ਼ ਵਿਰੁੱਧ ਸ਼ਿਕਾਇਤ ਕੂੜੇ ਦੇ ਡੱਬੇ ਵਿਚ ਸੁੱਟ ਕੇ ਸ਼ਿਕਾਇਤ ਕਰਤਾ ਨੂੰ ਮਰਯਾਦਾ ਤੇ ਸਿਧਾਂਤ ਦਾ ਪਾਠ ਪੜ੍ਹਾਉਣਾ ਚਾਹੀਦਾ ਸੀ, ਸਿੱਖਾਂ ਵਿਚ ਘਟੀਆ ਸਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਸੀ।