
ਪੇਸ਼ ਹਨ ਸ. ਜੋਗਿੰਦਰ ਸਿੰਘ ਨਾਲ 2019 ’ਚ ਕੀਤੀ ਇਕ ਮੁਲਾਕਾਤ ਦੇ ਅੰਸ਼
S. An interview with Joginder Singh in 2019: ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਇਕ ਵਿਦਵਾਨ ਵਾਂਗ ਸਿੱਖ ਮਰਿਆਦਾ ’ਚ ਰਹਿ ਕੇ ਅਪਣੀ ਪੂਰੀ ਜ਼ਿੰਦਗੀ ਬਿਤਾਈ ਪਰ ਉਨ੍ਹਾਂ ’ਤੇ ਜਾਂਦੇ-ਜਾਂਦੇ ਜੋ ਤਨਖ਼ਾਹੀਏ ਹੋਣ ਦਾ ਦਾਗ਼ ਲਗਾਇਆ ਗਿਆ ਸੀ, ਉਹ ਹਟਾਇਆ ਹੀ ਨਹੀਂ ਸੀ ਗਿਆ। ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਵੀ ਅਪਣਾ ਪੂਰਾ ਜੀਵਨ ਦਾਅ ’ਤੇ ਲਗਾ ਦਿਤਾ, ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਫ਼ੈਸਲੇ ਨੂੰ ਵਾਪਸ ਕਰਵਾਉਣ ਲਈ। ਉਨ੍ਹਾਂ ਨੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦਾ ਸਾਥ ਨਹੀਂ ਛਡਿਆ ਜਿਸ ਕਾਰਨ ਖ਼ੁਦ ਜੋਗਿੰਦਰ ਸਿੰਘ ਨੂੰ ਵੀ ਤਨਖ਼ਾਹੀਆ ਕਰਾਰ ਦੇ ਦਿਤਾ ਗਿਆ। ਅੱਜ ਅਸੀ ਰੋਜ਼ਾਨਾ ਸਪੋਕਸਮੈਨ ਦੀ ਪ੍ਰਬੰਧਕੀ ਸੰਪਾਦਕ ਨਿਮਰਤ ਕੌਰ ਵਲੋਂ ਸ. ਜੋਗਿੰਦਰ ਸਿੰਘ ਨਾਲ 2019 ’ਚ ਕੀਤੀ ਇਕ ਮੁਲਾਕਾਤ ਨੂੰ ਪੇਸ਼ ਕਰਨ ਜਾ ਰਹੇ ਹਾਂ ਜਿਸ ਵਿਚ ਉਹ ਕਾਲਾ ਅਫ਼ਗ਼ਾਨਾ ਦੀ ਮੌਤ ਤੋਂ ਬਾਅਦ ਉਨ੍ਹਾਂ ਵਲੋਂ ਸਿੱਖੀ ਲਈ ਕੀਤੇ ਅਹਿਮ ਯੋਗਦਾਨ ਬਾਰੇ ਚਾਨਣਾ ਪਾ ਰਹੇ ਹਨ।
ਨਿਮਰਤ ਕੌਰ : ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦੇ ਜਾਣ ਨੂੰ ਕਿਸ ਤਰ੍ਹਾਂ ਵੇਖਦੇ ਹੋ?
ਜੋਗਿੰਦਰ ਸਿੰਘ: ਮੈਨੂੰ ਗੁਰਬਖ਼ਸ਼ ਸਿੰਘ ਕਾਲਾ ਅਫ਼ਗ਼ਾਨਾ ਦੇ ਜਾਣ ਦਾ ਬਹੁਤ ਅਫ਼ਸੋਸ ਹੈ ਪਰ ਉਸ ਤੋਂ ਵੀ ਜ਼ਿਆਦਾ ਅਫ਼ਸੋਸ ਇਸ ਗੱਲ ਦਾ ਹੈ ਕਿ ਜਿਹੜੀ ਪੰਥ ਵਿਚ ਇਕ ਬੁਰੀ ਰੀਤ ਚਲਾਈ ਗਈ ਸੀ, ਸਿੰਘ ਸਭਾ ਮੂਵਮੈਂਟ ਦੇ ਬਾਨੀਆਂ ਨੂੰ ਪੰਥ ’ਚੋਂ ਛੇਕਣ ਦੀ, ਉਸ ਵਿਚ ਅੱਜ ਇਕ ਹੋਰ ਬੰਦਾ ਛੇਕੀ ਹੋਈ ਹਾਲਤ ’ਚ ਇਸ ਦੁਨੀਆਂ ਤੋਂ ਚਲਾ ਗਿਆ। ਛੇਕਿਆ ਗ਼ਲਤ ਸੀ ਪਰ ਜੋ ਬ੍ਰਾਹਮਣੀ ਮਰਿਆਦਾ ਚੱਲ ਰਹੀ ਹੈ, ਉਸ ਮਰਿਆਦਾ ਹੇਠ ਕੋਈ ਵੀ ਚੰਗਾ ਸਿੱਖ ਜੋ ਨਵੀਂ ਗੱਲ ਕਰੇਗਾ, ਜੋ ਗੁਰੂ ਦੀ ਗੱਲ ਕਰੇਗਾ, ਜੋ ਸਿੱਖ ਸਿਧਾਂਤ ਦੀ ਗੱਲ ਕਰੇਗਾ, ਬ੍ਰਾਹਮਣੀ ਸਿਧਾਂਤ ਵਿਰੁਧ ਬਾਗ਼ੀ ਖੜਾ ਹੋਵੇਗਾ, ਉਸ ਨੂੰ ਛੇਕ ਦਿਤਾ ਜਾਇਆ ਕਰੇਗਾ।
ਸਵਾਲ : ਇਨ੍ਹਾਂ ਦੀ ਇਕ ਕਿਤਾਬ ਸੀ ‘ਬਿਪਰਨ ਕੀ ਰੀਤ’, ਉਸ ’ਤੇ ਵਿਵਾਦ ਸੀ। ਇਸ ਬਾਰੇ ਸਾਨੂੰ ਕੁੱਝ ਦੱਸੋਗੇ?
ਜਵਾਬ: ਇਕ ਕਿਤਾਬ ਨਹੀਂ, ਇਨ੍ਹਾਂ ਨੇ 10 ਕਿਤਾਬਾਂ ਲਿਖੀਆਂ ਸਨ। ਉਨ੍ਹਾਂ ਸਾਰਿਆਂ ਦਾ ਨਾਮ ਇਕ ਸੀ ‘ਬਿਪਰਨ ਕੀ ਰੀਤ’। ਉਸ ਲੜੀਵਾਰ ਕਿਤਾਬ ਵਿਚ ਉਨ੍ਹਾਂ ਨੇ ਗੁਰਬਾਣੀ ਦਾ ਹਵਾਲਾ ਦੇ ਕੇ ਸਾਬਤ ਕੀਤਾ ਸੀ ਕਿ ਸਿੱਖੀ ਬ੍ਰਾਹਮਣਵਾਦ ਦੇ ਉਲਟ ਹੈ। ਸਿੱਖੀ ਬ੍ਰਾਹਮਣਵਾਦ ਤੋਂ ਬਗ਼ਾਵਤ ਹੈ। ਸਿੱਖੀ ਇਕ ਨਵਾਂ ਰਾਹ ਹੈ, ਬ੍ਰਾਹਮਣਵਾਦ ਵਾਲਾ ਰਾਹ ਨਹੀਂ ਹੈ ਜਦਕਿ ਹੁਣ ਤਕ ਜਿੰਨਾ ਸਾਡੇ ਕੋਲ ਸਾਹਿਤ ਆਇਆ ਹੈ, ਬਦਕਿਸਮਤੀ ਨਾਲ ਉਹ ਸਾਨੂੰ, ਚਾਹੇ ਜਾਣਬੁਝ ਕੇ, ਚਾਹੇ ਬੇਸਮਝੀ ਕਰ ਕੇ, ਬ੍ਰਾਹਮਣਵਾਦ ਦਾ ਹਿੱਸਾ ਬਣਾਈ ਜਾ ਰਿਹਾ ਹੈ।
ਸਵਾਲ : ਜੋ ਮੈਂ ਇਨ੍ਹਾਂ ਬਾਰੇ ਪੜ੍ਹਦੀ ਹਾਂ, ਜਿਵੇਂ ਆਨਲਾਈਨ ਇਨ੍ਹਾਂ ਬਾਰੇ ਜੋ ਕੁਪ੍ਰਚਾਰ ਪੜਿ੍ਹਆ, ਉਸ ਵਿਚ ਕਿਹਾ ਜਾਂਦਾ ਹੈ ਕਿ ਉਨ੍ਹਾਂ ’ਚ ਪੁਜਾਰੀਵਾਦ ਬਾਰੇ ਕੋਈ ‘ਫੋਬੀਆ’ (ਡਰ) ਸੀ ਤੇ ਜਿਸ ਕਾਰਨ ਉਨ੍ਹਾਂ ਦੀਆਂ ਜੋ ਕਿਤਾਬਾਂ ਹਨ, ਉਨ੍ਹਾਂ ਨੂੰ ਸਿੱਖ ਮਰਿਆਦਾ ਵਿਰੁਧ ਸਮਝਿਆ ਜਾਂਦਾ ਸੀ। ਕੀ ਇਹੋ ਜਿਹੀ ਕੋਈ ਗੱਲ ਸੀ, ਉਨ੍ਹਾਂ ਦੀਆਂ ਕਿਤਾਬਾਂ ਵਿਚ?
ਜਵਾਬ : ਪੁਜਾਰੀਵਾਦ ਦਾ ਫੋਬੀਆ ਨਹੀਂ ਸੀ, ਬ੍ਰਾਹਮਣਵਾਦ ਦਾ ਫੋਬੀਆ ਸੀ ਕਿ ਜਿਸ ਬਾਬੇ ਨਾਨਕ ਨੇ ਬ੍ਰਾਹਮਣਵਾਦ ਨੂੰ ਸਿੱਖੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਫਿਰ ਕਾਬਜ਼ ਕਰਵਾ ਦਿਤਾ ਗਿਆ ਹੈ। ਇਸ ਨੂੰ ਹਟਾਣਾ ਪਏਗਾ ਅਤੇ ਇਸ ਨੂੰ ਹਟਾਉਣ ਦਾ, ਮੇਰੇ ਖ਼ਿਆਲ ਨਾਲ, ਪਹਿਲਾ ਵਿਗਿਆਨਕ ਤਰੀਕਾ ਕਾਲਾ ਅਫ਼ਗ਼ਾਨਾ ਨੇ ਹੀ ਸ਼ੁਰੂ ਕੀਤਾ ਸੀ ਕਿ ਪੰਜ-ਪੰਜ ਗੁਰਬਾਣੀ ਦੇ ਸ਼ਬਦ ਲੈ ਕੇ ਇਕ ਗੱਲ ਨੂੰ ਸਾਬਤ ਕੀਤਾ। ਗੱਲ ਸਿਰਫ਼ ਕਹੀ ਨਹੀਂ ਬਲਕਿ ਪੰਜ ਸ਼ਬਦ ਉਦਾਹਰਣ ਦੇ ਤੌਰ ’ਤੇ ਦਿਤੇ ਕਿ ਇਹ ਗੁਰਬਾਣੀ ਕਹਿੰਦੀ ਹੈ, ਦੱਸੋ ਮੈਂ ਕਿਥੇ ਗ਼ਲਤ ਹਾਂ।
ਸਵਾਲ : ਇਸ ’ਤੇ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ?
ਜਵਾਬ : ਉਸ ਵਕਤ ਛਾਪਣ ਤੋਂ ਪਹਿਲਾਂ, ਉਸ ਨੇ ਕਿਤਾਬਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਤੇ ਹੋਰ 40-50 ਵੱਡੇ ਵਿਦਵਾਨ ਸਿੱਖਾਂ ਨੂੰ ਉਹਦੇ ਖਰੜੇ, ਉਸ ਦੀਆਂ ਕਾਪੀਆਂ ਕਰਵਾ ਕੇ ਭੇਜੀਆਂ ਕਿ ਜੇ ਮੇਰੀ ਕਿਤਾਬ ਵਿਚ ਕੋਈ ਗ਼ਲਤ ਗੱਲ ਹੈ ਤਾਂ ਮੈਨੂੰ ਪਹਿਲੇ ਦੱਸ ਦਿਉ ਤਾਕਿ ਮੈਂ ਛਾਪਾਂ ਹੀ ਨਾ ਜਾਂ ਸੋਧ ਕਰ ਲਵਾਂ। ਕਿਸੇ ਨੇ ਜਵਾਬ ਤਕ ਨਾ ਦਿਤਾ। ਜਦੋਂ ਕਿਤਾਬਾਂ ਛਪ ਗਈਆਂ ਅਤੇ ਲੋਕਾਂ ਵਿਚ ਚਰਚਾ ਸ਼ੁਰੂ ਹੋਈ ਤਾਂ ਬ੍ਰਾਹਮਣੀ ਤਬਕਾ ਗੁੱਸੇ ਹੋ ਗਿਆ। ਫਿਰ ਅਕਾਲ ਤਖ਼ਤ ਵਾਲਿਆਂ ਨੇ ਆਖਿਆ ਕਿ ਹੁਣ ਇਸ ਨੂੰ ਛੇਕ ਦਿਉ ਕਿਉਂਕਿ ਇਹ ਉਹੀ ਕੰਮ ਕਰ ਰਿਹਾ ਹੈ ਜੋ ਸਿੰਘ ਸਭਾ ਮੂਵਮੈਂਟ ਦੇ ਬਾਨੀਆਂ, ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਨੇ ਸ਼ੁਰੂ ਕੀਤਾ ਸੀ। ਸੋ ਇਸ ਕਰ ਕੇ ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਛੇਕਿਆ ਗਿਆ।
ਕੋਈ ਗ਼ਲਤ ਗੱਲ ਬਣਦੀ ਨਹੀਂ ਸੀ। ਉਹ ਕੁੱਝ ਵੀ ਗ਼ਲਤ ਸਾਬਤ ਨਾ ਕਰ ਸਕੇ ਕਿ ਇਸ ਵਿਚ ਗ਼ਲਤੀ ਕੀ ਕੀਤੀ ਹੈ। ਫਿਰ ਉਸ ਨੇ ਅਪਣੀ ਗੱਲ ਲੋਕਾਂ ਤਕ ਪਹੁੰਚਾਉਣ ਲਈ ਅਖ਼ਬਾਰਾਂ ਨੂੰ ਲੇਖ ਭੇਜ ਕੇ ਅਪਣੀਆਂ ਗੱਲਾਂ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿਤਾ ਪਰ ਕੋਈ ਵੀ ਅਖ਼ਬਾਰ ਉਸ ਦਾ ਲੇਖ ਛਾਪਣ ਨੂੰ ਤਿਆਰ ਨਾ ਹੋਇਆ, ਸਿਵਾਏ ਸਪੋਕਸਮੈਨ ਮੈਗਜ਼ੀਨ ਦੇ। ਅਸੀ ਉਸ ਦੇ ਲੇਖਾਂ ਨੂੰ ਵਿਸਥਾਰ ਨਾਲ ਛਾਪਿਆ ਤੇ ਲੋਕਾਂ ਤਕ ਪਹੁੰਚਾਇਆ। ਗੱਲ ਬਹੁਤ ਫੈਲਦੀ ਗਈ ਤਾਂ ਬ੍ਰਾਹਮਣਵਾਦ ਵਾਲਿਆਂ ਦਾ ਦਿਮਾਗ਼ ਹੋਰ ਖ਼ਰਾਬ ਹੁੰਦਾ ਗਿਆ ਕਿ ਇਹ ਤਾਂ ਬੜਾ ਮਸ਼ਹੂਰ ਹੋ ਰਿਹਾ ਹੈ। ਜੋ ਬ੍ਰਾਹਮਣਵਾਦ ਉਹ ਸਿੱਖੀ ’ਚ ਸਥਾਪਤ ਕਰ ਚੁਕੇ ਸੀ, ਉਸ ਨੂੰ ਇਹ ਚੁਨੌਤੀ ਦੇ ਰਿਹਾ ਹੈ। ਪਰ ਅਸਲ ’ਚ ਚੁਨੌਤੀ ਉਹ ਨਹੀਂ ਸੀ ਦੇ ਰਿਹਾ, ਚੁਨੌਤੀ ਬਾਬਾ ਨਾਨਕ ਦੇ ਗਿਆ ਸੀ। ਜਿਸ ਸਿਸਟਮ ਨੂੰ ਅੱਜ ਲਾਗੂ ਕੀਤਾ ਹੋਇਆ ਹੈ ਸਿੱਖੀ ਉੱਤੇ, ਉਸ ਨੂੰ ਚੁਨੌਤੀ ਬਾਬੇ ਨਾਨਕ ਨੇ ਦਿਤੀ ਸੀ। ਚਾਹੀਦਾ ਤਾਂ ਇਹ ਸੀ ਕਿ ਉਹ ਉਸ ਦੇ ਪੈਰ ਫੜਦੇ ਤੇ ਕਹਿੰਦੇ ਕਿ ਤੂੰ ਸਾਨੂੰ ਫਿਰ ਜਗਾ ਦਿਤਾ, ਨਾ ਕਿ ਉਸ ਨੂੰ ਛੇਕਦੇ।
ਸਵਾਲ: ਪੁਜਾਰੀਆਂ ਵਿਚ ਇੰਨੀ ਘਬਰਾਹਟ ਕਿਉਂ ਸੀ ਉਨ੍ਹਾਂ ਦੀਆਂ ਗੱਲਾਂ ਬਾਰੇ? ਕੀ ਡਰ ਸੀ ਪੁਜਾਰੀਵਾਦ ਨੂੰ? ਜੇ ਅਸੀਂ ਇਨ੍ਹਾਂ ਨੂੰ ਗੁਰਬਾਣੀ ਮੰਨਣ ਨੂੰ ਕਹਿੰਦੇ ਹਾਂ, ਜੋ ਸਿੱਖ ਧਰਮ ਦੀ ਬੁਨਿਆਦ ਹੈ, ਉਸ ਤੋਂ ਡਰਨ ਵਾਲੀ ਕਿਹੜੀ ਗੱਲ ਹੈ?
ਜਵਾਬ : ਡਰਨ ਵਾਲੀ ਗੱਲ ਇਹ ਹੈ ਕਿ ਜੋ ਬਾਬੇ ਨਾਨਕ ਦੀ ਸਿੱਖੀ ਹੈ, ਉਹ ਦੇਣਾ ਸਿਖਾਉਂਦੀ ਹੈ, ਮੰਗਣਾ ਨਹੀਂ ਸਿਖਾਉਂਦੀ ਜਦਕਿ ਅੱਜ ਦੇ ਧਾਰਮਕ ਸਥਾਨ ਸਿਰਫ਼ ਮੰਗਦੇ ਹੀ ਹਨ। ਕੋਈ ਗ਼ਰੀਬ ਆਦਮੀ ਚਲਾ ਜਾਏ ਉਸ ਨੂੰ ਪੰਜ ਰੁਪਏ ਨਹੀਂ ਦਿੰਦੇ, ਕੋਈ ਮਦਦ ਨਹੀਂ ਕਰਦੇ। ਧਰਮੀ ਫ਼ੌਜੀ ਹੀ ਵੇਖ ਲਵੋ, ਉਨ੍ਹਾਂ ਵਿਚਾਰਿਆਂ ਨੇ ਕਿਸ ਤਰ੍ਹਾਂ ਕੁਰਬਾਨੀਆਂ ਦਿਤੀਆਂ, ਫ਼ੌਜ ਦੀਆਂ ਸਰਕਾਰੀ ਨੌਕਰੀਆਂ ਛੱਡ ਕੇ ਆ ਗਏ, ਅਪਣੀਆਂ ਤਰੱਕੀਆਂ ਗਵਾਈਆਂ ਪਰ ਉਨ੍ਹਾਂ ਦੀ ਅਸੀ ਕੋਈ ਮਦਦ ਹੀ ਨਹੀਂ ਕੀਤੀ। ਮੈਂ ਕਈਆਂ ਦਾ ਹਾਲ ਵੇਖਿਆ ਹੈ, ਬੜੀ ਬੁਰੀ ਤਰ੍ਹਾਂ ਮਰੇ ਨੇ ਉਹ ਭੁੱਖੇ ਪਿਆਸੇ।
ਸਵਾਲ : ਉਨ੍ਹਾਂ ਦੀ ਵੀ ਕੁੱਝ ਸੇਵਾ ਕੀਤੀ ਸੀ ਤੁਸੀ। ਉਨ੍ਹਾਂ ਲਈ ਫ਼ੰਡ ਇਕੱਠਾ ਕੀਤਾ ਸੀ?
ਜਵਾਬ: ਥੋੜ੍ਹਾਂ-ਥੋੜ੍ਹਾ ਫ਼ੰਡ ਇਕੱਠਾ ਹੋਇਆ ਸੀ ਪਰ ਜਿੰਨਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ, ਉਹ ਸਾਡੀ ਕੌਮ ਨੇ ਨਹੀਂ ਦਿਤਾ। ਇਸ ਕਰ ਕਿ ਜਿਹੜੀ ਅੱਜ ਦੀ ਕਾਬਜ਼ ਸ਼੍ਰੇਣੀ ਹੈ, ਡੇਰੇ ਵਾਲੇ ਵੀ ਤੇ ਸ਼੍ਰੋਮਣੀ ਕਮੇਟੀ ਵਾਲੇ ਵੀ, ਉਹ ਇਸ ਗੱਲ ਤੋਂ ਡਰਦੇ ਹਨ ਕਿ ਅਸੀਂ ਤਾਂ ਐਸ਼ ਕਰਦੇ ਪਏ ਆਂ ਚੜ੍ਹਾਵੇ ਉਤੇ ਤੇ ਬਾਬਾ ਨਾਨਕ ਤਾਂ ਇਹ ਗੱਲ ਮੰਨਦਾ ਹੀ ਨਹੀਂ ਸੀ ਕਿ ਅਸੀਂ ਇਕ ਪੈਸਾ ਵੀ ਉਸ ’ਚੋਂ ਖਾ ਸਕਦੇ ਹਾਂ। ਜਿਹੜਾ ਗੁਰੂ ਦੇ ਨਾਂ ’ਤੇ ਪੈਸਾ ਆਉਂਦਾ ਹੈ, ਉਹ ਸਿਰਫ਼ ਗੁਰੂ ਦੇ ਨਾਂ ’ਤੇ ਖ਼ਰਚ ਕੀਤਾ ਜਾਣਾ ਚਾਹੀਦਾ ਹੈ, ਗ਼ਰੀਬ ਦੇ ਮੂੰਹ ’ਚ ਹੀ ਜਾਣਾ ਚਾਹੀਦਾ ਹੈ। ਪਰ ਇਹ ਸਾਰਾ ਅਪਣੇ ਮੂੰਹ ’ਚ ਪਾ ਰਹੇ ਨੇ। ਇਸ ਕਰ ਕਿ ਜਿਹੜਾ ਕੋਈ ਵੀ ਗੱਲ ਕਰਦਾ ਹੈ ਬਾਬੇ ਨਾਨਕ ਦੀ ਫ਼ਿਲਾਸਫ਼ੀ ਦੀ ਜਾਂ ਬ੍ਰਾਹਮਣਵਾਦ ਹਟਾਉਣ ਦੀ ਤਾਂ ਸ਼੍ਰੋਮਣੀ ਕਮੇਟੀ ਵਾਲੇ ਉਸ ਵਿਰੁਧ ਹੋ ਜਾਂਦੇ ਹਨ। ਬ੍ਰਾਹਮਣਵਾਦ ਕਹਿੰਦਾ ਹੈ ਕਿ ਐਸ਼ ਕਰੋ, ਲੋਕਾਂ ਨੂੰ ਕਹੋ ਕਿ ਅਸੀ ਤੁਹਾਨੂੰ ਸਵਰਗ ਪਹੁੰਚਾ ਦੇਵਾਂਗੇ, ਤੁਹਾਡੇ ਪੁਰਖਿਆਂ ਨੂੰ ਸਵਰਗ ’ਚ ਥਾਂ ਦੇਵਾਂਗੇ। ਤੁਸੀਂ ਸਾਨੂੰ ਬਸ ਪੈਸੇ ਦਈ ਜਾਉ, ਅਸੀਂ ਸਾਰਾ ਕੰਮ ਕਰ ਦੇਵਾਂਗੇ। ਉਹੀ ਕੁੱਝ ਅੱਜ ਸਾਡੇ ਦਰਬਾਰ ਸਾਹਿਬ ਵਿਚ ਹੋ ਰਿਹਾ ਹੈ।
ਇਸ ਕਰ ਕੇ ਜਦੋਂ ਉਸ ਗੱਲ ਨੂੰ ਕੋਈ ਚੈਲੇਂਜ ਕਰਦਾ ਹੈ ਕਿ ਗੁਰਬਾਣੀ ਇਹ ਨਹੀਂ ਮੰਨਦੀ, ਗੁਰਬਾਣੀ ’ਚ ਇਹ ਪੰਜ ਸ਼ਬਦ ਵੇਖ ਲਉ, ਤੁਹਾਡੀ ਇਹ ਗੱਲ ਨਹੀਂ ਮੰਨਦੀ। ਅਖੰਡ ਪਾਠ ਕਰਨ ਦੀ ਇਜਾਜ਼ਤ ਨਹੀਂ ਦਿੰਦੀ, ਉਹ ਫਲਾਣੀ ਮਰਿਆਦਾ ਜਿਹੜੀ ਤੁਸੀਂ ਮੰਨਦੇ ਹੋ, ਉਸ ਦੀ ਇਜਾਜ਼ਤ ਨਹੀਂ ਦਿੰਦੀ ਤਾਂ ਇਹ ਔਖੇ ਹੋ ਜਾਂਦੇ ਨੇ ਕਿ ਫਿਰ ਅਸੀਂ ਰਾਜ ਕਿਸ ਉਤੇ ਕਰਾਂਗੇ? ਅਸੀਂ ਐਸ਼ ਕਿਸ ਤਰ੍ਹਾਂ ਕਰਾਂਗੇ? ਸੋ ਫਿਰ ਇਹ ਉਨ੍ਹਾਂ ਦੇ ਵਿਰੁਧ ਹੋ ਜਾਂਦੇ ਹਨ। ਇਸੇ ਕਰ ਕੇ ਸਿੰਘ ਸਭਾ ਮੂਵਮੈਂਟ ਦੇ ਬਾਨੀਆਂ ਨੂੰ ਛੇਕਿਆ ਗਿਆ ਸੀ। ਇਸੇ ਕਰ ਕੇ ਕਾਲਾ ਅਫ਼ਗਾਨਾ ਨੂੰ ਛੇਕਿਆ ਗਿਆ। ਇਸੇ ਕਰ ਕੇ ਹੋਰ ਸਿੱਖ ਵੀ ਜਿਹੜੇ ਅੱਜ ਵਾਪਸ ਸਿੱਖੀ ਦੀ ਅਸਲ ਰੂਹ ਨੂੰ ਜ਼ਿੰਦਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਮਗਰ ਵੀ ਇਹ ਪਏ ਹੋਏ ਹਨ, ਉਨ੍ਹਾਂ ਨੂੰ ਵੀ ਇਹ ਤਬਾਹ ਕਰਨਾ ਚਾਹੁੰਦੇ ਹਨ।
(ਚਲਦਾ)