
ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖ਼ਤਰਾ, ਬਾਹਰੋਂ ਬਿਜਲੀ ਖ਼ਰੀਦਣ ਲੱਗਾ ਪਾਵਰਕਾਮ
ਬਿਜਲੀ ਦੀ ਘਾਟ ਪੂਰੀ ਕਰਨ ਲਈ ਪੰਜਾਬ ਸਰਕਾਰ ਤੋਂ 200 ਕਰੋੜ ਮੰਗੇ : ਵੇਨੂੰ ਪ੍ਰਸਾਦ
ਪਟਿਆਲਾ, 28 ਅਕਤੂਬਰ (ਜਸਪਾਲ ਢਿਲੋਂ): ਕਿਸਾਨ ਸੰਘਰਸ਼ ਵਿਚਾਲੇ ਪੰਜਾਬ ਬਲੈਕ ਆਊਟ ਹੋਣ ਕਿਨਾਰੇ ਜਾ ਖੜ੍ਹਿਆ ਹੈ। ਇਸ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ 'ਚ ਕਿਸਾਨ ਅੰਦੋਲਨ ਸਿਖ਼ਰਾਂ 'ਤੇ ਹੈ। ਅਜਿਹੇ 'ਚ ਕੇਂਦਰ ਸਰਕਾਰ ਨੇ ਸੂਬੇ 'ਚ ਮਾਲ ਗੱਡੀਆਂ 'ਤੇ ਬ੍ਰੇਕ ਲਾ ਦਿਤੀ ਹੈ।
ਮਾਲ ਗੱਡੀਆਂ ਰੁਕਣ ਨਾਲ ਪੰਜਾਬ ਵਿਚ ਵੱਡਾ ਕੋਲਾ ਸੰਕਟ ਖੜਾ ਹੋ ਗਿਆ ਹੈ, ਜਿਸ ਕਾਰਨ ਪੰਜਾਬ ਦੇ ਥਰਮਲ ਪਲਾਂਟ ਲਗਭਗ ਬੰਦ ਹੋ ਗਏ ਹਨ। ਪਾਵਰਕਾਮ ਹੁਣ ਰੋਜ਼ਾਨਾ ਕਰੀਬ 1000 ਮੈਗਾਵਾਟ ਬਿਜਲੀ ਬਾਹਰੋਂ ਖ਼ਰੀਦ ਰਿਹਾ ਹੈ। ਅੱਜ ਇਥੇ ਗੱਲਬਾਤ ਕਰਦਿਆਂ ਪਾਵਰਕਾਮ ਚੇਅਰਮੈਨ ਏ. ਵੇਨੂੰ ਪ੍ਰਸਾਦ ਨੇ ਪੰਜਾਬ ਸਰਕਾਰ ਤੋਂ 200 ਕਰੋੜ ਰੁਪਏ ਦੀ ਮੰਗ ਕੀਤੀ ਹੈ। ਚੇਅਰਮੈਨ ਨੇ ਦਸਿਆ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਵੱਡਾ ਸੰਕਟ ਖੜਾ ਹੋ ਸਕਦਾ ਹੈ। ਉਨ੍ਹਾਂ ਦਸਿਆ ਕਿ ਭਾਵੇਂ ਮੁੱਖ ਮੰਤਰੀ ਦੀ ਕੇਂਦਰੀ ਰੇਲ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ ਪਰ ਜੇਕਰ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਵੱਡੀ ਪ੍ਰੀਖਿਆ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਵੇਲੇ ਕਿਸਾਨ ਸੰਘਰਸ਼ ਕਰ ਕੇ ਲਗਾਤਾਰ ਸਰਕਾਰੀ ਤੇ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਦੇ ਵੱਡਾ ਕੋਲਾ ਸੰਕਟ ਪੈਦਾ ਹੋ ਗਿਆ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਨਿਜੀ ਤਾਪ ਬਿਜਲੀ ਘਰਾਂ ਦਾ ਬਿਜਲੀ ਉਤਪਾਦਨ ਇਸ ਵੇਲੇ ਠੱਪ ਹੋ ਗਿਆ ਹੈ, ਇਸ ਤੋਂ ਪਹਿਲਾਂ ਬਿਜਲੀ ਨਿਗਮ ਦੇ ਅਪਣੇ ਤਾਪ ਬਿਜਲੀ ਘਰਾਂ ਦਾ ਉਤਪਾਦਨ ਬਿਜਲੀ ਦੀ ਘੱਟ ਮੰਗ ਕਾਰਨ ਬੰਦ
ਰਖਿਆ ਹੋਇਆ ਸੀ।
ਚੇਅਰਮੈਨ ਨੇ ਦਸਿਆ ਕਿ ਪੰਜਾਬ ਅੰਦਰ ਇਸ ਵੇਲੇ ਬਿਜਲੀ ਦੀ ਖਪਤ ਦਾ ਅੰਕੜਾ 1177 ਲੱਖ ਯੂਨਿਟ ਹੈ, ਬਿਜਲੀ ਨਿਗਮ ਦਾ ਆਪਣਾ ਉਤਪਾਦਨ 256 ਲੱਖ ਯੂਨਿਟ ਦੇ ਨੇੜੇ ਹੈ, ਬਿਜਲੀ ਨਿਗਮ ਨੇ ਬਿਜਲੀ ਦੀ ਪ੍ਰੀਦ ਵੀ ਵਧਾਈ ਹੋਈ ਹੈ। ਬਿਜਲੀ ਨਿਗਮ ਨੇ ਇਸ ਵਾਰ 1008 ਲੱਖ ਯੂਨਿਟ ਬਿਜਲੀ ਦੀ ਖ਼ਰੀਦ ਕੀਤੀ ਹੈ ਜਦਕਿ ਪਿਛਲੇ ਸਾਲ ਇਹ ਬਿਜਲੀ ਦੀ ਖ਼ਰੀਦ ਦਾ ਅੰਕੜਾ 775 ਲੱਖ ਯੂਨਿਟ ਸੀ। ਇਸ ਵੇਲੇ ਬਿਜਲੀ ਨਿਗਮ ਦੇ ਪਣ ਬਿਜਲੀ ਪ੍ਰਾਜੈਕਟਾਂ ਦਾ ਬਿਜਲੀ ਉਤਪਾਦਨ 97 ਲੱਖ ਯੂਨਿਟ ਹੈ। ਇਸ ਵਿਚ ਰਣਜੀਤ ਸਾਗਰ ਡੈਮ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ, ਮੁਕੇਰੀਆਂ ਪਣ ਬਿਜਲੀ ਘਰ, ਆਨੰਦਪੁਰ ਸਾਹਿਬ ਪਣ ਬਿਜਲੀ ਘਰ, ਜੋਗਿੰਦਰ ਨਗਰ ਦਾ ਸ਼ਾਨਨ ਪਣ ਬਿਜਲੀ ਘਰ ਦਾ ਬਿਜਲੀ ਉਤਪਾਦਨ ਵੀ ਸ਼ਾਮਲ ਹੈ।
ਚੇਅਰਮੈਨ ਨੇ ਦਸਿਆ ਕਿ ਕੇਂਦਰ ਅਤੇ ਪੰਜਾਬ ਵਿਚਲੀ ਖਿੱਚੋਤਾਣ ਦੌਰਾਨ ਮਾਲ ਗੱਡੀਆਂ ਫ਼ਿਲਹਾਲ ਰੁਕੀਆਂ ਹੋਈਆਂ ਹਨ, ਜਿਸ ਕਾਰਨ ਰੂਪਨਗਰ, ਬਠਿੰਡਾ ਦੇ ਲਹਿਰਾ ਮੁਹੱਬਤ, ਮਾਨਸਾ ਦੇ ਤਲਵੰਡੀ ਸਾਬੋ, ਪਟਿਆਲਾ imageਦੇ ਰਾਜਪੁਰਾ ਅਤੇ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਦੇ ਸਾਰੇ ਯੂਨਿਟ ਬੰਦ ਕਰ ਦਿਤੇ ਗਏ ਹਨ। ਕੋਲਾ ਨਾ ਪਹੁੰਚਣ ਕਾਰਨ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਸ ਸਮੇਂ ਸੂਬੇ 'ਚ 5456 ਮੈਗਾਵਾਟ ਬਿਜਲੀ ਦੀ ਮੰਗ ਹੈ। ਇਸ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਮੁੱਖ ਤੌਰ 'ਤੇ ਪਣਬਿਜਲੀ ਯੋਜਨਾ ਵਾਣ 'ਤੇ ਨਿਰਭਰ ਹੋ ਗਿਆ ਹੈ।