
ਕੋਲਾ ਮੁੱਕਣ ਕਾਰਨ ਬਣਾਂਵਾਲਾ ਥਰਮਲ ਪਲਾਂਟ ਬੰਦ ਹੋਇਆ
ਕਿਸਾਨਾਂ ਦਾ ਰੇਲਵੇ ਲਾਈਨਾਂ 'ਤੇ ਧਰਨਾ ਜਾਰੀ
ਮਾਨਸਾ, 28 ਅਕਤੂਬਰ (ਸਿੱਧੂ) : ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਵਾਲੇ ਸੱਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਕੋਲਾ ਮੁੱਕਣ ਬਾਅਦ ਅੱਧੀ ਰਾਤ ਤੋਂ ਬੰਦ ਕਰ ਦਿਤਾ ਗਿਆ ਹੈ। 1980 ਮੈਗਾਵਾਟ ਦੇ ਇਸ ਤਾਪਘਰ ਦੇ ਇਸ ਵੇਲੇ ਤਿੰਨ ਵਿਚੋਂ ਇਕ ਯੂਨਿਟ ਚਲ ਰਿਹਾ ਸੀ, ਉਹ ਵੀ ਕੋਲੇ ਦੀ ਘਾਟ ਕਾਰਨ ਬਹੁਤ ਘੱਟ ਬਿਜਲੀ ਪੈਦਾ ਕਰ ਰਿਹਾ ਸੀ। ਇਸ ਥਰਮਲ ਪਲਾਂਟ ਵਿਚ ਕੋਲੇ ਦੀ ਘਾਟ ਉਸ ਵੇਲੇ ਪੈਦਾ ਹੋਈ, ਜਦੋਂ ਤਾਪਘਰ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ। ਜਥੇਬੰਦੀ ਨੇ ਇਹ ਧਰਨਾ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਘਰਾਂ ਦੇ ਵਿਰੋਧ ਵਿਚ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਵਲੋਂ ਪ੍ਰਾਈਵੇਟ ਥਰਮਲਾਂ ਦੇ ਵਿਰੁਧ ਇਹ ਧਰਨਾ ਦਿਤਾ ਹੋਇਆ ਹੈ। ਤਾਪ ਘਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੋਲੇ ਦੀ ਘਾਟ ਕਾਰਨ ਹੀ ਬਿਜਲੀ ਦੀ ਪੈਦਾਵਾਰ ਬੰਦ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਥਰਮਲ ਪਲਾਂਟ ਪਹਿਲਾਂ ਵੀ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ ਪਰ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਤੋਂ ਪਿਛੇ ਹਟਣ ਕਾਰਨ ਇਸ ਵਿਚ ਕੁੱਝ ਗੱਡੀਆਂ ਕੋਲਾ ਆ ਗਿਆ ਸੀ, ਜਦਕਿ ਟਰੈਕ ਖੁਲ੍ਹਣ ਤੋਂ ਅਗਲੇ ਦਿਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਇimageਸ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਧਰਨਾ ਸ਼ੁਰੂ ਕਰ ਦਿਤਾ ਗਿਆ।