
ਕਿਸਾਨੀ ਅੰਦੋਲਨ ਦੇ ਹਮਾਇਤੀ ਐਨ.ਆਰ.ਆਈ. ਨੂੰ ਹਵਾਈ ਅੱਡੇ ਤੋਂ ਹੀ ਭੇਜਿਆ ਵਾਪਸ
ਚੰਡੀਗੜ੍ਹ, 28 ਅਕਤੂਬਰ (ਹਰਦੀਪ ਸਿੰਘ ਭੋਗਲ): ਹਾਲ ਹੀ ਵਿਚ ਸਪੇਨ ਤੋਂ ਭਾਰਤ ਪਹੁੰਚੇ ਇਕ ਐਨਆਰਆਈ ਸਿੱਖ ਪ੍ਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ 33 ਘੰਟੇ ਇੰਤਜ਼ਾਰ ਕਰਵਾਉਣ ਮਗਰੋਂ ਵਾਪਸ ਡਿਪੋਰਟ ਕਰ ਦਿਤਾ ਗਿਆ | ਭਾਰਤ ਸਰਕਾਰ ਵਲੋਂ ਐਨਆਰਆਈ ਪੰਜਾਬੀ ਨਾਲ ਕੀਤੇ ਇਸ ਵਤੀਰੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਹਨ |
ਦਰਅਸਲ ਬੀਤੇ ਦਿਨੀਂ ਐਨਆਰਆਈ ਅਮਰੀਕ ਸਿੰਘ ਅਪਣੇ ਬਜ਼ੁਰਗ ਮਾਤਾ ਨਾਲ ਸਪੇਨ ਤੋਂ ਭਾਰਤ ਪਹੁੰਚੇ ਸਨ | ਦਿੱਲੀ ਹਵਾਈ ਅੱਡੇ 'ਤੇ ਪਹੁੰਚਣ ਮਗਰੋਂ ਉਹਨਾਂ ਨੂੰ ਅਧਿਕਾਰੀਆਂ ਨੇ ਇੰਤਜ਼ਾਰ ਕਰਨ ਲਈ ਕਿਹਾ, ਹਾਲਾਂਕਿ ਉਨ੍ਹਾਂ ਦੇ ਮਾਤਾ ਨੂੰ ਤਿੰਨ ਘੰਟਿਆਂ ਤੋਂ ਬਾਅਦ ਆਉਣ ਦੀ ਮਨਜ਼ੂਰੀ ਦਿਤੀ ਗਈ ਪਰ ਅਮਰੀਕ ਸਿੰਘ ਨੂੰ 33 ਘੰਟਿਆਂ ਦੇ ਇੰਤਜ਼ਾਰ ਮਗਰੋਂ ਵਾਪਸ ਸਪੇਨ ਭੇਜ ਦਿਤਾ ਗਿਆ |
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਅਮਰੀਕ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਅਪਣੇ ਵਤਨ ਪਰਤਣ ਅਤੇ ਅਪਣਿਆਂ ਨੂੰ ਮਿਲਣ ਦਾ ਬਹੁਤ ਚਾਅ ਸੀ | ਉਨ੍ਹਾਂ ਕਿਹਾ ਕਿ ਤਰੱਕੀ ਲਈ ਵਿਦੇਸ਼ ਗਏ ਸੀ ਪਰ ਭਾਰਤ ਸਰਕਾਰ ਦੇ ਇਸ ਵਤੀਰੇ ਤੋਂ ਬਾਅਦ ਉਨ੍ਹਾਂ ਨੂੰ ਇੰਜ ਲਗਿਆ ਕਿ ਜਿਵੇਂ ਸਾਡਾ ਮੁਲਕ ਹੁਣ ਸਾਨੂੰ ਸਵੀਕਾਰ ਨਹੀਂ ਕਰ ਰਿਹਾ | ਇਸ ਗੱਲ ਦਾ ਉਨ੍ਹਾਂ ਨੂੰ ਬਹੁਤ ਦੁਖ ਲਗਿਆ | ਅਮਰੀਕ ਸਿੰਘ ਨੂੰ ਲੋਕ ਭਲਾਈ ਲਈ ਕੀਤੇ ਗਏ ਕੰਮਾਂ ਲਈ ਜਾਣਿਆ ਜਾਂਦਾ ਹੈ | ਇਸ ਤੋਂ ਇਲਾਵਾ ਵਿਦੇਸ਼ੀ ਧਰਤੀ 'ਤੇ ਬੈਠ ਕੇ ਵੀ ਉਨ੍ਹਾਂ ਕਿਸਾਨੀ ਸੰਘਰਸ਼ ਨੂੰ ਪੂਰਾ ਸਮਰਥਨ ਦਿਤਾ ਹੈ |
ਕੋਰੋਨਾ ਕਾਲ ਦੌਰਾਨ ਵੀ ਅਮਰੀਕ ਸਿੰਘ ਨੇ ਲੋੜਵੰਦਾਂ ਦੀ ਸੇਵਾ ਲ਼ਈ ਅਹਿਮ ਯੋਗਦਾਨ ਪਾਇਆ | ਉਹਨਾਂ ਦਾ ਕਹਿਣਾ ਹੈ ਕਿ ਉਹ ਅਪਣੀ ਮਿਹਨਤ ਦੀ ਕਮਾਈ ਨਾਲ ਹੀ ਲੋੜਵੰਦਾਂ ਦੀ ਮਦਦ ਕਰ ਰਹੇ ਹਨ | ਇਸ ਦੇ ਚਲਦਿਆਂ ਸਪੇਨ ਦੀ ਸਰਕਾਰ ਚੰਗੇ ਕੰਮਾਂ ਲਈ ਅਮਰੀਕ ਸਿੰਘ ਨੂੰ ਦੇਸ ਭਗਤੀ ਦਾ ਸਨਮਾਨ ਵੀ ਦੇ ਚੁੱਕੀ ਹੈ |
ਅਮਰੀਕ ਸਿੰਘ ਨੇ ਕਿਹਾ ਕਿ ਜੋ ਵੀ ਕਿਸਾਨੀ ਅੰਦੋਲਨ ਦੇ ਹੱਕ ਵਿਚ ਬੋਲਦਾ ਹੈ, ਸਰਕਾਰ ਉਸ ਨੂੰ ਵੱਖਰੇ ਨਜ਼ਰੀਏ ਨਾਲ ਦੇਖ ਰਹੀ ਹੈ | ਉਹਨਾਂ ਦਾ ਕਹਿਣਾ ਹੈ ਕਿ ਕਿਸਾਨੀ ਅੰਦੋਲਨ ਦੀ ਹਮਾਇਤ ਕਰਨਾ, ਲੋੜਵੰਦਾਂ ਦੀ ਸੇਵਾ ਕਰਨਾ ਅਤੇ ਸਿੱਖੀ ਸਰੂਪ ਕਾਰਨ ਹੀ ਉਹਨਾਂ ਨੂੰ ਭਾਰਤ ਸਰਕਾਰ ਵਲੋਂ ਡਿਪੋਰਟ ਕੀਤਾ ਗਿਆ ਹੈ |
ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਦੇਸ਼ਧ੍ਰੋਹੀ ਨਹੀਂ ਹਾਂ ਸਗੋਂ ਦੇਸ਼ ਦੇ ਉਹ ਪੁੱਤ ਹਾਂ ਜੋ ਦੇਸ਼ ਲਈ ਹਮੇਸ਼ਾਂ ਜਾਨ ਵਾਰਨ ਲਈ ਤਿਆਰ ਰਹਿੰਦੇ ਹਾਂ | ਅਸੀਂ ਦੇਸ਼ ਦੀ ਆਰਥਕ ਸਥਿਤੀ ਠੀਕ ਨਾ ਹੋਣ ਕਾਰਨ ਹੀ ਵਿਦੇਸ਼ ਵਿਚ ਆਏ ਹਾਂ, ਸਾਨੂੰ ਨਫ਼ਰਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ | ਅਮਰੀਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਆਸ ਸੀ ਕਿ ਪੰਜਾਬ ਵਿਚ ਆਉਣ 'ਤੇ ਉਹਨਾਂ ਦਾ ਮਾਣ ਸਤਿਕਾਰ ਹੋਵੇਗਾ ਅਤੇ ਉਹ ਕਈ ਸਾਲਾਂ ਬਾਅਦ ਅਪਣਿਆਂ ਨੂੰ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਨਗੇ |
ਅੰਦੋਲਨ ਦੀ ਹਮਾਇਤ ਕਰਨ ਵਾਲੇ ਨਾਲ ਹੋ ਰਹੇ ਵਿਤਕਰੇ ਵੱਲ ਧਿਆਨ ਦੇਣ ਕਿਸਾਨ ਆਗੂ- ਅਮਰੀਕ ਸਿੰਘ
ਅਮਰੀਕ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲੇ ਐਨਆਰਆਈ ਵੀਰਾਂ ਨਾਲ ਹੋ ਰਹੇ ਵਿਤਕਰੇ ਵੱਲ ਧਿਆਨ ਦੇਣਾ ਚਾਹੀਦਾ ਹੈ | ਜਿਨ੍ਹਾਂ ਐਨਆਰਆਈ ਵੀਰਾਂ ਨੇ ਬਦਾਮਾਂ ਦੇ ਲੰਗਰ ਲਗਾਏ, ਅੱਜ ਉਹਨਾਂ ਨਾਲ ਹੀ ਦੇਸ਼ਧ੍ਰੋਹੀ ਵਰਗਾ ਵਿਤਕਰਾ ਕੀਤਾ ਜਾ ਰਿਹਾ ਹੈ | ਅਸੀਂ ਨਾ ਹੀ ਦੇਸ਼ਧ੍ਰੋਹੀ ਹਾਂ ਤੇ ਨਾ ਹੀ ਖਾਲਿਸਤਾਨੀ ਹਾਂ | ਉਹਨਾਂ ਕਿਹਾ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਭਾਰਤੀ ਕਿਹਾ ਜਾਂਦਾ ਹੈ ਅਤੇ ਲੋਕ ਸਾਨੂੰ ਭਾਰਤ ਦੇ ਨਾਂਅ ਨਾਲ ਹੀ ਜਾਣਦੇ ਹਨ | ਇਸ ਨਾਲ ਪੂਰੇ ਦੇਸ਼ ਦਾ ਨਾਂਅ ਰੌਸ਼ਨ ਹੁੰਦਾ ਹੈ |
ਅਮਰੀਕ ਸਿੰਘ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਜੇ ਉਹ ਅੱਜ ਵੀ ਚੁੱਪ ਰਹੇ ਤਾਂ ਵਿਦੇਸ਼ਾਂ ਵਿਚ ਬੁਲੰਦ ਕਿਸਾਨੀ ਦੀ ਆਵਾਜ਼ 'ਤੇ ਬਹੁਤ ਵੱਡਾ ਦਬਾਅ ਪੈ ਸਕਦਾ ਹੈ | ਉਹਨਾਂ ਨੂੰ ਐਨਆਰਆਈਜ਼ ਦਾ ਮੁੱਦਾ ਸਰਕਾਰ ਸਾਹਮਣੇ ਚੁੱਕਣਾ ਚਾਹੀਦਾ ਹੈ |