
ਡੇਰਾ ਪੇ੍ਰਮੀਆਂ ਦੀ ਹੱਥ ਲਿਖਤ ਮੇਲ ਖਾ ਜਾਣ ਦੀ ਘਟਨਾ ਨੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ
ਕੋਟਕਪੂਰਾ, 28 ਅਕਤੂਬਰ (ਗੁਰਿੰਦਰ ਸਿੰਘ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਾਵੇਂ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਦੀ ਫ਼ਰੀਦਕੋਟ ਅਦਾਲਤ ਵਿਚ ਪੇਸ਼ੀ 'ਤੇ ਰੋਕ ਲਾ ਦਿਤੀ ਹੈ ਪਰ ਫ਼ਰੀਦਕੋਟ ਦੀ ਅਦਾਲਤ ਵਿਚ ਇਤਰਾਜ਼ਯੋਗ ਪੋਸਟਰਾਂ ਦੀ ਡੇਰਾ ਪੇ੍ਰਮੀਆਂ ਦੀ ਹੱਥ ਲਿਖਤ ਨਾਲ ਮੇਲ ਖਾ ਜਾਣ ਦੀ ਘਟਨਾ ਨੇ ਪੰਥਕ ਹਲਕਿਆਂ 'ਚ ਤਰਥੱਲੀ ਮਚਾ ਕੇ ਰੱਖ ਦਿਤੀ ਹੈ | ਪੰਥਕ ਹਲਕੇ ਹੈਰਾਨ ਤੇ ਪ੍ਰੇਸ਼ਾਨ ਹਨ ਕਿ ਉਕਤ ਮਾਮਲੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਸਮੇਤ ਅਕਾਲੀ ਦਲ, ਤਖ਼ਤਾਂ ਦੇ ਜਥੇਦਾਰ ਅਤੇ ਸ਼ੋ੍ਰਮਣੀ ਕਮੇਟੀ ਚੁੱਪ ਕਿਉਂ ਹੈ?
ਜ਼ਿਕਰਯੋਗ ਹੈ ਕਿ ਫ਼ੈਰੌਂਜ਼ਿਕ ਲੈਬਾਰਟਰੀ ਵਲੋਂ ਸੀਲ ਬੰਦ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਗਈ ਤਾਂ ਸੀਬੀਆਈ ਦਾ ਉਹ ਦਾਅਵਾ ਰੱਦ ਹੋ ਗਿਆ, ਜਿਸ ਵਿਚ ਸੀਬੀਆਈ ਨੇ ਕਿਹਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪੇ੍ਰਮੀਆਂ ਵਲੋਂ ਨਹੀਂ ਲਿਖੇ ਗਏ ਸਨ | ਐਸਆਈਟੀ ਨੇ ਦਾਅਵਾ ਕੀਤਾ ਸੀ ਕਿ ਇਤਰਾਜ਼ਯੋਗ ਪੋਸਟਰ ਡੇਰਾ ਪੇ੍ਰਮੀਆਂ ਵਲੋਂ ਹੀ ਲਿਖੇ ਗਏ ਸਨ ਅਤੇ ਇਸ ਸਬੰਧੀ ਜਾਂਚ ਟੀਮ ਨੇ ਉਹ ਗਵਾਹ ਵੀ ਲੱਭ ਲਏ ਹਨ, ਜਿਨ੍ਹਾਂ ਪਾਸੋਂ ਪੋਸਟਰ ਤੇ ਸਕੈੱਚ ਪੈੱਨ ਖ਼ਰੀਦੇ ਗਏ ਸਨ |