
ਮਸਕਟ 'ਚ 15 ਪੰਜਾਬੀਆਂ ਸਣੇ 40 ਹੋਰ ਭਾਰਤੀ ਫਸੇ
ਮੋਗਾ, 28 ਅਕਤੂਬਰ (ਪੱਤਰ ਪ੍ਰੇਰਕ) : ਮਸਕਟ 'ਚ ਫਸੇ ਨੌਜਵਾਨਾਂ ਨੇ ਵੀਡੀਉ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ | ਦਰਅਸਲ ਏਜੰਟਾਂ ਦੇ ਝਾਂਸੇ ਵਿਚ ਆ ਕੇ 15 ਪੰਜਾਬੀ ਨੌਜਵਾਨਾਂ ਸਮੇਤ 40 ਤੋਂ ਜ਼ਿਆਦਾ ਭਾਰਤੀ ਮਸਕਟ ਵਿਚ ਫ਼ਸ ਗਏ ਹਨ | ਨਿਹਾਲ ਸਿੰਘ ਵਾਲਾ ਦੇ ਇਕ ਪੰਜਾਬੀ ਨੌਜਵਾਨ ਨੇ ਵੀਡੀਉ ਬਣਾ ਕੇ ਨਿਹਾਲ ਸਿੰਘ ਦੇ ਆਮ ਆਦਮੀ ਪਾਰਟੀ ਦੇ ਨੇਤਾ ਰਾਜਪਾਲ ਸਿੰਘ ਨੂੰ ਭੇਜੀ ਹੈ | ਰਾਜਪਾਲ ਸਿੰਘ ਅਨੁਸਾਰ ਉਨ੍ਹਾਂ ਨੂੰ ਇਕ ਵੀਡੀਉ ਮਿਲੀ ਹੈ ਜਿਸ ਵਿਚ ਇਕ ਪੰਜਾਬੀ ਨੌਜਵਾਨ ਬੰਦ ਕਮਰੇ ਵਿਚ ਫਸੇ ਕਈ ਲੋਕਾਂ ਨੂੰ ਵੀਡੀਉ ਵਿਚ ਵਿਖਾ ਕੇ ਪੰਜਾਬੀ ਵਿਚ ਦਸ ਰਿਹਾ ਹੈ ਕਿ ਉਨ੍ਹਾਂ ਨੂੰ ਮਸਕਟ ਵਿਚ ਕਿਤੇ ਬੰਦ ਕੀਤਾ ਹੋਇਆ ਹੈ, ਉਨ੍ਹਾਂ ਨੂੰ ਏਜੰਟਾਂ ਨੇ ਬੰਦ ਕਰ ਕੇ ਰਖਿਆ ਹੋਇਆ ਹੈ | ਸਾਡੇ ਪਾਸਪੋਰਟ ਵੀ ਏਜੰਟਾਂ ਕੋਲ ਹੀ ਹਨ | ਵੀਡੀਉ ਅਨੁਸਾਰ ਨੌਜਵਾਨ ਦੱਸ ਰਿਹਾ ਹੈ ਕਿ ਏਜੰਟ ਆਖ ਰਹੇ ਹਨ ਕਿ ਜਦੋਂ ਤਕ ਉਨ੍ਹਾਂ ਦੇ ਪੈਸੇ ਨਹੀਂ ਦਿਤੇ ਜਾਂਦੇ ਉਹ ਉਨ੍ਹਾਂ ਨੂੰ ਨਹੀਂ ਛੱਡਣਗੇ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਵਾਪਸ ਕਰਨਗੇ |
ਵੀਡੀਉ ਵਿਚ ਮਦਦ ਮੰਗ ਰਹੇ ਨੌਜਵਾਨ ਨੇ ਦਸਿਆ ਕਿ ਉਸਦੇ ਪੰਜਾਬ ਦੇ ਕਈ ਨੌਜਵਾਨਾਂ ਤੋਂ ਇਲਾਵਾ ਯੂ. ਪੀ., ਬਿਹਾਰ ਦੇ ਲੋਕ ਵੀ ਸ਼ਾਮਲ ਹਨ | ਉਸਨੇ ਬੇਨਤੀ ਕੀਤੀ ਹੈ ਕਿ ਉਸਦੀ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਜਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਉਸ ਕੈਦ ਵਿਚੋਂ ਛੁਡਵਾਇਆ ਜਾਵੇ |
'ਆਪ' ਨੇਤਾ ਨੇ ਦਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਵਿਜ਼ਿਟਰ ਵੀਜ਼ਾ 'ਤੇ ਮਸਕਟ ਲਿਜਾਇਆ ਗਿਆ ਅਤੇ ਫਿਰ ਵਰਕ ਪਰਮਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਉੱਥੇ ਪਹੁੰਚ ਕੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ, ਉਨ੍ਹਾਂ ਕੋਲ ਵਿਜ਼ਿਟਰ ਵੀਜ਼ਾ ਹੈ ਜਦੋਂ ਤੱਕ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲ ਜਾਂਦਾ, ਉਨ੍ਹਾਂ ਨੂੰ ਕੰਮ 'ਤੇ ਨਹੀਂ ਰੱਖਿਆ ਜਾਵੇਗਾ | ਇਸ ਕੰਮ ਲਈ ਉਨ੍ਹਾਂ ਕੋਲੋਂ ਇਕ-ਇਕ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ | ਪਰੇਸ਼ਾਨ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੋਰ ਪੈਸੇ ਨਹੀਂ ਹਨ, ਉਹ ਬੁਰੀ ਤਰ੍ਰਾਂ ਨਾਲ ਫ਼ਸ ਚੁੱਕੇ ਹਨ, ਕਿ੍ਪਾ ਕਰਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ |
ਫ਼ੋਟੋ : ਮੋਗਾ ਏ