60 ਲੱਖ ਰੁਪਏ 'ਚ ਪਲਾਟ ਖਰੀਦ ਕੇ ਸਾਜਿਸ਼ ਤਹਿਤ ਉਸੇ ਦਿਨ ਸਿਰਫ਼ 25 ਲੱਖ ਰੁਪਏ 'ਚ ਵੇਚਣ ਖਿਲਾਫ਼ ਦਰਜ ਹੋਇਆ ਸੀ ਮਾਮਲਾ
ਮੋਹਾਲੀ: ਈ.ਡੀ ਵਲੋਂ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਉਸ ਦੇ ਲੜਕੇ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿਚ ਪਲਾਟ ਖਰੀਦ ਕੇ ਸਾਜਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿਚ ਵੇਚਣ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ | ਅਦਾਲਤ ਵਿਚ ਅੱਜ ਸਾਧੂ ਸਿੰਘ ਧਰਮਸੋਤ ਅਤੇ ਲੜਕਾ ਗੁਰਪ੍ਰੀਤ ਪੇਸ਼ ਹੋਏ, ਅਦਾਲਤ ਵਲੋਂ ਦੋਵਾਂ 'ਤੇ ਬਤੌਰ ਮੁਲਜਮ ਦੋਸ਼ ਤੈਅ ਕਰ ਦਿੱਤੇ ਹਨ, ਜਦੋਂ ਕਿ ਦੂਜੇ ਲੜਕੇ ਹਰਪ੍ਰੀਤ ਸਿੰਘ ਨੂੰ ਅਦਾਲਤ ਵਲੋਂ ਪਹਿਲਾਂ ਹੀ ਭਗੌੜਾ ਘੋਸ਼ਿਤ ਕੀਤਾ ਜਾ ਚੁੱਕਾ ਹੈ।
ਜਾਣਕਾਰੀ ਅਨੁਸਾਰ ਵਿਜੀਲੈਂਸ ਵਲੋਂ ਪਹਿਲਾਂ ਹੀ ਮੁਕੱਦਮਾ ਨੰਬਰ-6 ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1), 13(2) ਤਹਿਤ ਵਿਜੀਲੈਂਸ ਮੋਹਾਲੀ ਦੇ ਥਾਣੇ ਵਿਚ ਦਰਜ ਕੀਤਾ ਸੀ | ਇਸ ਕੇਸ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਰਾਜ ਕੁਮਾਰ ਨਾਗਪਾਲ ਵਾਸੀ ਸੈਕਟਰ-8 ਪੰਚਕੂਲਾ ਵਲੋਂ ਇਕ ਪਲਾਟ ਸੈਕਟਰ-88 ਮੋਹਾਲੀ ਦੀ ਐਲ.ਓ.ਆਈ. ਗੁਰਮਿੰਦਰ ਸਿੰਘ ਗਿੱਲ ਵਾਸੀ ਮੋਹਾਲੀ ਪਾਸੋਂ 27 ਨਵੰਬਰ 2018 ਨੂੰ ਇਕ ਅਸ਼ਟਾਮ ਰਾਹੀਂ 60 ਲੱਖ ਰੁਪਏ ਵਿਚ ਖਰੀਦੀ ਗਈ, ਜਦਕਿ ਉਸੇ ਦਿਨ ਉਸੇ ਅਸ਼ਟਾਮ ਦੀ ਲੜੀ ਵਿਚ ਇਕ ਹੋਰ ਅਸਟਾਮ ਖਰੀਦ ਕਰਕੇ ਰਾਜ ਕੁਮਾਰ ਵਲੋਂ ਇਹੀ ਪਲਾਟ ਅੱਗੇ ਸਾਧੂ ਸਿੰਘ ਧਰਮਸੋਤ ਸਾਬਕਾ ਜੰਗਲਾਤ ਮੰਤਰੀ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿਚ ਘਟਾਕੇ ਸਿਰਫ 25 ਲੱਖ ਰੁਪਏ ਵਿਚ ਸਾਜਿਸ਼ ਤਹਿਤ ਵੇਚ ਦਿੱਤਾ ਗਿਆ | ਇਸ ਪਲਾਟ ਦੀ ਖਰੀਦ ਤੇ ਵਿੱਕਰੀ ਸਮੇਂ ਰਾਜੇਸ਼ ਕੁਮਾਰ ਚੋਪੜਾ ਵਾਸੀ ਸੈਕਟਰ-82 ਮੋਹਾਲੀ ਵਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ।
ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਇਸ 60 ਲੱਖ ਰੁਪਏ ਦੀ ਰਕਮ ਵਿਚੋਂ ਰਾਜ ਕੁਮਾਰ ਦੇ ਖਾਤੇ ਵਿਚ ਪਹਿਲਾਂ ਹੀ ਅਨਮੋਲ ਅੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਰਾਜੇਸ਼ ਕੁਮਾਰ ਚੋਪੜਾ ਵਲੋਂ 22 ਲੱਖ 50 ਹਜ਼ਾਰ ਰੁਪਏ, ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਲੋਂ 25 ਲੱਖ ਰੁਪਏ ਅਤੇ ਬਾਕੀਆਂ ਵਲੋਂ 12 ਲੱਖ 10 ਹਜਾਰ ਰੁਪਏ ਜਮਾਂ ਕਰਵਾ ਦਿੱਤੇ ਗਏ | ਰਾਜ ਕੁਮਾਰ ਤੋਂ ਇਹ ਐਲ.ਓ.ਆਈ. ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ ਜੁਝਾਰ ਨਗਰ ਮੋਹਾਲੀ ਵਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ | ਉਕਤ ਹਰਪ੍ਰੀਤ ਸਿੰਘ ਦੇ ਨਾਮ ਪਰ ਪਲਾਟ ਤਬਦੀਲ ਕਰ ਦਿੱਤਾ ਗਿਆ ਹੈ | ਇਸ ਲਈ ਮੌਜੂਦਾ ਮੁਕੱਦਮੇ ਵਿਚ ਧਾਰਾ-420, 465, 467, 468, 471, 120-ਬੀ ਅਤੇ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ-12 ਦਾ ਵਾਧਾ ਕੀਤਾ | ਵਿਜੀਲੈਂਸ ਦੇ ਇਸ ਕੇਸ 'ਚ ਈ.ਡੀ ਵੱਖਰੇ ਤੌਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਮਾਮਲਾ ਦਰਜ ਕੀਤਾ |
