
ਸਿੱਧੂ ਸਾਹਿਬ! ਅਪਣੇ ਦੋਸਤ ਇਮਰਾਨ ਖ਼ਾਨ ਦੀ ਸਰਕਾਰ ਬਣਨ ਉਤੇ ਜਦੋਂ ਤੁਸੀ ਪਹਿਲੀ ਵਾਰ ਪਾਕਿਸਤਾਨ ਗਏ ਸੀ ਤਾਂ ਕਰਤਾਰਪੁਰ ਲਾਂਘੇ ਦਾ...
ਗੁਰਦਾਸਪੁਰ (ਸਸਸ) : ਸਿੱਧੂ ਸਾਹਿਬ! ਅਪਣੇ ਦੋਸਤ ਇਮਰਾਨ ਖ਼ਾਨ ਦੀ ਸਰਕਾਰ ਬਣਨ ਉਤੇ ਜਦੋਂ ਤੁਸੀ ਪਹਿਲੀ ਵਾਰ ਪਾਕਿਸਤਾਨ ਗਏ ਸੀ ਤਾਂ ਕਰਤਾਰਪੁਰ ਲਾਂਘੇ ਦਾ ਰਸਤਾ ਖੁਲਵਾਇਆ। ਹੁਣ 28 ਨਵੰਬਰ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਹੋਣ ਵਾਲੇ ਸਮਾਰੋਹ ਵਿਚ ਸ਼ਾਮਿਲ ਹੋਣ ਗਏ ਹੋ ਤਾਂ ਦੇਸ਼ ਦੇ 54 ਯੁੱਧਬੰਦੀਆਂ ਦੀ ਰਿਹਾਈ ਦਾ ਰਸਤਾ ਵੀ ਖੁਲਵਾ ਕੇ ਆਉਣਾ। ਇਹ ਗੁਹਾਰ ਲਗਾਈ ਹੈ ਪਿੰਡ ਬਰਨਾਲੇ ਦੇ ਯੁੱਧਬੰਦੀ ਸਿਪਾਹੀ ਸੁਜਾਨ ਸਿੰਘ ਦੇ ਪਰਵਾਰ ਨੇ।
ਸੁਜਾਨ ਸਿੰਘ ਦਾ ਪਰਵਾਰ ਪਿਛਲੇ 54 ਸਾਲਾਂ ਤੋਂ ਉਸ ਦੀ ਵਤਨ ਵਾਪਸੀ ਦਾ ਰਸਤਾ ਵੇਖ ਰਿਹਾ ਹੈ। ਜਦੋਂ-ਜਦੋਂ ਭਾਰਤ-ਪਾਕਿ ਰਿਸ਼ਤਿਆਂ ਵਿਚ ਕੁੱਝ ਸੁਧਾਰ ਹੁੰਦਾ ਹੈ ਤਾਂ ਇਸ ਪਰਵਾਰ ਦੀ ਉਮੀਦ ਵੱਧ ਜਾਂਦੀ ਹੈ ਕਿ ਸ਼ਾਇਦ ਇਸ ਵਾਰ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸੁਜਾਨ ਦੀ ਰਿਹਾਈ ਹੋ ਸਕੇ। ਹੁਣ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਕਰਤਾਰਪੁਰ ਲਾਂਘੇ ਦੀ ਉਸਾਰੀ ਕਰਨ ਜਾ ਰਹੀ ਹੈ ਤਾਂ ਫਿਰ ਤੋਂ ਇਸ ਪਰਵਾਰ ਦੀ ਉਮੀਦ ਬਣ ਗਈ ਹੈ।
ਸੁਜਾਨ ਸਿੰਘ ਦੇ ਭਰਾ ਮਹਿੰਦਰ ਸਿੰਘ ਅਤੇ ਭਰਜਾਈ ਬਿਮਲਾ ਦੇਵੀ ਨੇ ਕੈਬਨਿਟ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿੱਧੂ ਸਾਹਿਬ! ਤੁਸੀ ਪਹਿਲਾਂ ਪਾਕਿਸਤਾਨ ਗਏ ਸਨ ਤਾਂ ਉਥੇ ਦੇ ਫ਼ੌਜ ਮੁਖੀ ਨੂੰ ਗਲੇ ਲਗਾ ਕੇ ਉਨ੍ਹਾਂ ਦੇ ਕੰਨ ਵਿਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ਦਾ ਰਸਤਾ ਖੋਲ ਦਿਤਾ ਜਾਵੇ। ਇਸ ਵਾਰ ਜਦੋਂ ਤੁਸੀ ਜਨਰਲ ਬਾਜਵਾ ਨੂੰ ਜੱਫੀ ਪਾਈ ਤਾਂ ਉਨ੍ਹਾਂ ਦੇ ਕੰਨ ਵਿਚ ਕਹਿ ਦੇਣਾ ਕਿ 1965 ਅਤੇ 1971 ਦੇ 54 ਯੁੱਧਬੰਦੀਆਂ ਦੀ ਰਿਹਾਈ ਦਾ ਰਸਤਾ ਵੀ ਖੋਲ ਦੇਣ।
ਇਸ ਤੋਂ ਯੁੱਧਬੰਦੀਆਂ ਦੇ ਪਰਵਾਰ ਦੇ ਰਿਸਦੇ ਜ਼ਖ਼ਮਾਂ ‘ਤੇ ਮਲ੍ਹਮ ਲੱਗ ਸਕੇ ਅਤੇ ਅਸੀਂ ਯੁੱਧਬੰਦੀਆਂ ਦੇ ਪਰਵਾਰ ਹਮੇਸ਼ਾ ਤੁਹਾਡੇ ਕਰਜ਼ਦਾਰ ਰਹਾਂਗੇ। ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸੁਜਾਨ ਸਿੰਘ 1957 ਵਿਚ ਭਾਰਤੀ ਫ਼ੌਜ ਦੀ 14ਵੀਂ ਫੀਲਡ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਸ ਤੋਂ ਬਾਅਦ ਤਾਰੋ ਦੇਵੀ ਦੇ ਨਾਲ ਵਿਆਹ ਬੰਨ੍ਹਿਆ ਗਿਆ। ਵਿਆਹ ਨੂੰ ਛੇ ਮਹੀਨੇ ਹੀ ਹੋਏ ਸਨ ਕਿ ਭਾਰਤ-ਪਾਕਿ ਲੜਾਈ ਦਾ ਐਲਾਨ ਹੋ ਗਿਆ ਅਤੇ ਸੁਜਾਨ ਸਿੰਘ ਮਾਤਭੂਮੀ ਦੀ ਰੱਖਿਆ ਲਈ ਸਰਹੱਦ ਉਤੇ ਜਾ ਡੱਟਿਆ।
ਉਸ ਨੇ ਪਾਕਿ ਸੈਨਿਕਾਂ ਨੂੰ ਅਪਣੀ ਬਹਾਦਰੀ ਨਾਲ ਧੂੜ ਚਟਾਈ। ਲੜਾਈ ਖ਼ਤਮ ਹੋਣ ‘ਤੇ ਜਦੋਂ ਭਰਾ ਘਰ ਨਾ ਪਰਤਿਆ ਤਾਂ ਕਿਸੇ ਅਣਹੋਣੀ ਦਾ ਡਰ ਉਨ੍ਹਾਂ ਨੂੰ ਸਤਾਉਣ ਲੱਗਾ। 1970 ਵਿਚ ਸੁਜਾਨ ਸਿੰਘ ਨੇ ਪਾਕਿਸਤਾਨ ਦੀ ਜੇਲ੍ਹ ਤੋਂ ਪੱਤਰ ਲਿਖ ਕੇ ਭੇਜਿਆ ਤਾਂ ਉਨ੍ਹਾਂ ਨੂੰ ਉਥੇ ਸੁਜਾਨ ਦੇ ਯੁੱਧਬੰਦੀ ਹੋਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ 6 ਜੁਲਾਈ 1970 ਨੂੰ ਅੰਮ੍ਰਿਤਸਰ ਦੇ ਸਾਹੋਵਾਲ ਪਿੰਡ ਦੇ ਦੋ ਕੈਦੀ ਪਾਕਿ ਜੇਲ੍ਹ ਤੋਂ ਰਿਹਾਅ ਹੋ ਕੇ ਦੇਸ਼ ਪਰਤੇ ਤਾਂ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਸੁਪਰਮਾਰਟੈਂਟ ਨੂੰ ਲਿਖਤੀ ਰੂਪ ਵਿਚ ਦੱਸਿਆ
ਕਿ ਭਾਰਤੀ ਫ਼ੌਜ ਦਾ ਵਾਇਰਲੈਸ ਆਪਰੇਟਰ ਸੁਜਾਨ ਸਿੰਘ ਸਿਆਲਕੋਟ ਜੇਲ੍ਹ ਦੇ ਇੰਟੈਰੋਗੇਸ਼ਨ ਸੇਲ ਵਿਚ ਬੰਦ ਹੈ। ਉਥੇ ਉਸ ‘ਤੇ ਦਰਦਨਾਕ ਜ਼ੁਲਮ ਕੀਤੇ ਜਾ ਰਹੇ ਹਨ। ਇਧਰ, ਬੇਟੇ ਦੇ ਦੁੱਖ ਵਿਚ ਮਾਂ ਸੰਤੋ ਦੇਵੀ ਦੇ ਖਾਣਾ-ਪੀਣਾ ਛੱਡ ਦਿੱਤਾ ਅਤੇ ਕੁੱਝ ਸਮੇਂ ਬਾਅਦ ਪੁੱਤਰ ਜੁਦਾਈ ਵਿਚ ਚੱਲ ਵੱਸੀ। ਇਸ ਤੋਂ ਬਾਅਦ ਯੁੱਧਬੰਦੀ ਭਰਾ ਦੇ ਇੰਤਜ਼ਾਰ ਵਿਚ ਉਨ੍ਹਾਂ ਦੇ ਚਾਰ ਭਰਾ ਵੀ ਸੰਸਾਰ ਨੂੰ ਅਲਵਿਦਾ ਕਹਿ ਗਏ।