
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਇਆ ਨਵਾਂ ਕੈਲੰਡਰ ਬਿਪਰਵਾਦੀ ਸੋਚ ਨੂੰ ਤਰਜੀਹ ਦੇਣ ਵਾਲਾ : ਐਡਵੋਕੇਟ ਅੰਗਰੇਜ਼ ਸਿੰਘ ਪੰਨੂ
ਕਰਨਾਲ, 28 ਨਵੰਬਰ (ਪਲਵਿੰਦਰ ਸਿੰਘ ਸੱਗੂ): ਅੱਜ ਹਰਿਆਣਾ ਦੇ ਸਿੱਖ ਨੌਜਵਾਨ ਆਗੂ ਅਤੇ ਸਿੱਖ ਬੁੱਧੀਜੀਵੀ ਐਡਵੋਕੇਟ ਅੰਗਰੇਜ ਸਿੰਘ ਪੰਨੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਇਆ ਗਿਆ/ਜਾਰੀ ਕੀਤਾ ਨਵਾਂ ਕੈਲੰਡਰ ਬਿਪਰਵਾਦੀ ਸੋਚ ਨੂੰ ਤਰਜੀਹ ਦੇਣ ਵਾਲਾ ਹੈ, ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਹਰਿਆਣਾ ਕਮੇਟੀ ਦੀ ਕਾਰਜਕਾਰੀ ਕਮੇਟੀ ਅਤੇ ਪ੍ਰਧਾਨ ਪੰਥ ਪ੍ਰਵਾਨਤ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰਦੇ, ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ਵਿਚ ਲਾਗੂ ਕੀਤਾ ਗਿਆ ਸੀ ਜੋ ਕਿ ਬਾਅਦ ਵਿਚ ਬਿਪਰਵਾਦੀ ਸੋਚ ਦੇ ਦਬਾਅ ਹੇਠਾਂ ਵਾਪਸ ਲਿਆ ਸੀ ਪਰ ਸਿੱਖ ਕੌਮ ਆਪਣਾ ਕੈਲੰਡਰ ਮੂਲ ਨਾਨਕਸ਼ਾਹੀ ਨੂੰ ਮੰਨ ਚੁੱਕੀ ਸੀ।
ਪਰ ਸਾਨੂੰ ਬਹੁਤ ਆਸ ਸੀ ਕਿ ਹਰਿਆਣਾ ਕਮੇਟੀ ਮੂਲ ਨਾਨਕਸ਼ਾਹੀ ਕੈਲੰਡਰ ਜਾਰੀ ਕਰੇਗੀ ਪਰ ਹਰਿਆਣਾ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਅਤੇ ਸਾਰੀ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਤਿਲਾਂਜਲੀ ਦੇ ਕੇ ਬਿਪਰਵਾਦੀ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਹਰਿਆਣਾ ਕਮੇਟੀ ਵੀ ਬਿਪਰਵਾਦ ਦੀ ਭੇਟ ਚੜ੍ਹ ਚੁੱਕੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਨੂ ਨੇ ਦੱਸਿਆ ਕਿ ਪਿਛਲੀ ਕਮੇਟੀ ਜਿਸ ਦੀ ਪ੍ਰਧਾਨਗੀ ਜਥੇਦਾਰ ਝੀਂਡਾ ਨੇ ਕੀਤੀ ਸੀ, ਉਸ ਵੇਲੇ ਵੀ ਕੈਲੰਡਰ ਜਾਰੀ ਕੀਤਾ ਗਿਆ ਸੀ ਪਰ ਉਸ ਵੇਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਧਿਆਨ 'ਚ ਰੱਖਦਿਆਂ ਤਰੀਕਾਂ ਅਤੇ ਗੁਰਪੁਰਬ ਦੀਆਂ ਤਰੀਕਾਂ ਮਿੱਥੀਆਂ ਗਈਆਂ ਸਨ। ਪਰ ਅੱਜ ਅਸੀਂ ਦੁਬਾਰਾ ਜਥੇਦਾਰ ਦਾਦੂਵਾਲ ਜ਼ਰੀਏ ਸਿੱਧੇ ਬਾਦਲਾਂ ਦੀ ਝੋਲੀ 'ਚ ਜਾ ਬੈਠੇ ਹਾਂ। ਜਥੇਦਾਰ ਦਾਦੂਵਾਲ ਨੇ ਨਵਾਂ ਕੈਲੰਡਰ ਬਣਾਉਣ ਲੱÎਗਿਆਂ ਕਿਸੇ ਵੀ ਇਤਿਹਾਸਕਾਰ ਜਾਂ ਸਿੱਖ ਬੁੱਧੀਜੀਵੀਆਂ ਦੀ ਸਲਾਹ ਨਹੀਂ ਲਈ ਅਤੇ ਜੋ ਕੈਲੰਡਰ ਸ਼੍ਰੋਮਣੀ ਕਮੇਟੀ ਦਾ ਸੀ ਹੁ-ਬ-ਹੂ ਉਹੀ ਤਰੀਕਾਂ ਵਾਲਾ ਕੈਲੰਡਰ ਜਾਰੀ ਕਰ ਦਿੱਤਾ ਹੈ, ਇਸ ਕੈਲੰਡਰ ਦਾ ਅਸੀਂ ਵਿਰੋਧ ਕਰਦੇ ਹਾਂ।