
ਅੱਥਰੂ ਗੈਸ, ਪਾਣੀ ਬੌਛਾਰਾਂ ਤੇ ਲਾਠੀਚਾਰਜ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਨਹੀਂ ਦਬਾਅ ਸਕਦੇ: ਪਰਮਜੀਤ ਸਿੰਘ ਵੀਰ ਜੀ
ਨਵੀਂ ਦਿੱਲੀ, 28 ਨਵੰਬਰ (ਸੁਖਰਾਜ ਸਿੰਘ): ਸੰਵਿਧਾਨ ਦਿਵਸ 'ਤੇ ਕਿਸਾਨਾਂ ਦੇ ਸੰਵਿਧਾਨਕ ਹੱਥ ਖੋਹਣਾ ਲੋਕਰਾਜ ਲਈ ਸਭ ਤੋਂ ਵੱਡੀ ਖਤਰੇ ਦੀ ਘੰਟੀ ਹੈ। ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੌਛਾਰਾਂ ਤੇ ਲਾਠੀਚਾਰਜ ਕਿਸਾਨਾਂ ਦੇ ਬੁਲੰਦ ਹੌਸਲਿਆਂ ਨੂੰ ਦਬਾ ਨਹੀਂ ਸਕਦੇ। ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਨੂੰਨਾਂ ਤੋਂ ਪਿੱਛੇ ਨਾ ਹੱਟਣ ਵਾਲਾ ਅੜੀਅਲ ਵਤੀਰਾ ਕਿਸਾਨਾਂ ਦੇ ਦਿਲਾਂ ਵਿੱਚ ਬੇਗਾਨੇਪਣ ਦੀ ਭਾਵਨਾ ਪੈਦਾ ਕਰੇਗਾ ਅਤੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬੀਆਂ ਨੂੰ ਕਦੇ ਵੀ ਤਾਕਤ ਨਾਲ ਨਹੀਂ ਦਬਾਇਆ ਜਾ ਸਕਿਆ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫ਼ਾਊਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ ਪੰਜਾਬੀ ਨਹੀਂ ਡਰੇ ਤਾਂ ਫਿਰ ਹੁਣ ਦੇਸ਼ ਦੀਆਂ ਸਰਕਾਰਾਂ ਕੀ ਚੀਜ਼ ਹਨ।ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਦੀ ਕੀਤੀ ਗਈ ਘਿਣਾਉਣੀ ਕਾਰਵਾਈ ਦੋਵਾਂ ਸੂਬਿਆਂ ਵਿਚ ਆਪਸੀ ਟਕਰਾਅ ਪੈਦਾ ਕਰੇਗੀ। ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ ਦੇ ਅੰਨ ਦਾਤਾ ਨਾਲ ਇਸ ਤਰ੍ਹਾਂ ਦਾ ਵਰਤਾਉ ਕਿਸੇ ਤਰ੍ਹਾਂ ਵੀ ਜਾਇਜ ਨਹੀਂ ਹੈ ਕਿਉਂਕਿ ਦਿੱਲੀ 'ਤੇ ਸਾਰਿਆਂ ਦਾ ਹੱਕ ਅਤੇ ਸਰਕਾਰਾਂ ਨੂੰ ਗੱਲਬਾਤ ਨਾਲ ਮਸਲਾ ਹੱਲ ਕਰਨਾ ਚਾਹੀਦਾ ਹੈ। ਕਿਸਾਨਾਂ ਨਾਲ ਲੜਾਈ ਸਮੁੱਚੀਆਂ ਜਾਤਾਂ ਨਾਲ ਲੜਾਈ ਹੈ। ਸ. ਪਰਮਜੀਤ ਸਿੰਘ ਵੀਰ ਜੀ ਨੇ ਸਪੱਸ਼ਟ ਕੀਤਾ ਕਿ ਦੇਸ਼ ਦੇ ਕਿਸਾਨਾਂ ਨਾਲ ਟਕਰਾਉਣ ਵਾਲੀ ਕੇਂਦਰ ਸਰਕਾਰ ਦਾ ਇਹ ਵਰਤਾਉ ਮੋਦੀ
ਸਰਕਾਰ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਆਪਣੀ ਜਿੱਦ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਸੁਖਾਵਾਂ ਰਾਹ ਕੱਢਿਆ ਜਾਵੇ।