
ਨੈਸ਼ਨਲ ਬੁਕ ਟਰੱਸਟ ਵਲੋਂ 'ਬੋਲ ਮਰਦਾਨਿਆ' ਪ੍ਰਕਾਸ਼ਤ ਪੁਸਤਕ ਪ੍ਰਕਾਸ਼ਮਾਨ
ਨਵੀਂ ਦਿੱਲੀ, 28 ਨਵੰਬਰ (ਸੁਖਰਾਜ ਸਿੰਘ): ਨੈਸ਼ਨਲ ਬੁਕ ਟਰੱਸਟ, ਇੰਡੀਆ ਦੇ ਹਿੰਦੀ ਸੰਪਾਦਕ ਡਾ. ਲਲਿਤ ਕਿਸ਼ੋਰ ਮੰਡੋਰਾ ਤੇ ਪੰਜਾਬੀ ਸੰਪਾਦਕ ਬੀਬੀ ਨਵਜੋਤ ਕੌਰ ਨੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ ਟਰੱਸਟ ਵਲੋਂ ਪ੍ਰਕਾਸ਼ਤ ਪੁਸਤਕ 'ਬੋਲ ਮਰਦਾਨਿਆ' ਭੇਂਟ ਕਰਨੀ ਸੀ, ਪਰੰਤੂ ਹਰਮੀਤ ਸਿੰਘ ਕਾਲਕਾ ਦੇ ਨਿਜੀ ਰੁਝੇਵਿਆਂ ਕਾਰਨ ਇਹ ਪੁਸਤਕ ਦਿੱਲੀ ਕਮੇਟੀ ਦੇ ਮੈਂਬਰ ਉਂਕਾਰ ਸਿੰਘ ਰਾਜਾ ਨੇ ਪ੍ਰਾਪਤ ਕੀਤੀ।
ਪੁਸਤਕ ਦੇ ਲੇਖਕ ਜਸਬੀਰ ਮੰਡ ਤੇ ਅਨੁਵਾਦਕ ਬਲਰਾਮ ਹਨ। ਇਸ ਮੌਕੇ ਉਂਕਾਰ ਸਿੰਘ ਰਾਜਾ ਨੇ ਕਿਹਾ ਕਿ ਟਰੱਸਟ ਵਲੋਂ ਪ੍ਰਕਾਸ਼ਤ ਪੁਸਤਕਾਂ ਨਿਰਸੰਦੇਹ ਪਾਠਕਾਂ ਦੀ ਰੁਚੀ ਨੂੰ ਧਿਆਨ ਵਿਚ ਰੱਖ ਕੇ ਪ੍ਰਕਾਸ਼ਿਤ ਕੀਤੀ ਗਈ ਹੈ, ਇਸ ਦੇ ਲਈ ਮੈਂ ਟਰੱਸਟ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਟਰੱਸਟ ਹੋਰ ਮਹੱਤਵਪੂਰਨ ਸ਼ਖਸੀਅਤਾਂ ਬਾਰੇ ਪੁਸਤਕਾਂ ਦਾ ਪ੍ਰਕਾਸ਼ਨ ਕਰੇ ਤਾਂਕਿ ਸਾਡੇ ਨਵੇਂ ਪਾਠਕਾਂ ਵਿਚ ਪੜ੍ਹਨ ਦਾ ਸੰਸਕਾਰ ਵਿਕਸਤ ਹੋ ਸਕੇ। ਬੀਬੀ ਨਵਜੋਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਵਰ੍ਹੇ ਨਵੀਆਂ ਪ੍ਰਕਾਸ਼ਨਾਵਾਂ ਪਾਠਕਾਂ ਲਈ ਉਪਲਬਧ ਕਰਵਾਈਆ ਜਾਣ। ਉਨ੍ਹਾਂ ਕਿਹਾ ਕਿ ਬਹੁਤ ਛੇਤੀ ਮਹੱਤਵਪੂਰਨ ਸ਼ਖਸੀਅਤਾਂ ਦੇ ਹਿੰਦੀ ਅਨੁਵਾਦ ਪ੍ਰਕਾਸ਼ਤ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਸ ਮੌਕੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਚਲ ਰਹੀ ਪੁਸਤਕ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ ਗਿਆ। ਟਰੱਸਟ ਦੇ ਸਟਾਲ 'ਤੇ 335 ਚਰਚਿਤ ਪੁਸਤਕਾਂ ਨੂੰ ਪਾਠਕਾਂ ਲਈ ਵਿਕਰੀ ਵਾਸਤੇ ਮੁਹੱਈਆ ਕਰਾਇਆ ਗਿਆ ਹੈ।