
ਜੇਲ੍ਹਾਂ ਵਿੱਚ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਨ ਲਈ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼
ਚੰਡੀਗੜ੍ਹ: ਗੋਇੰਦਵਾਲ ਸਾਹਿਬ ਵਿਖੇ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਉਸਾਰੀ ਦਾ ਕੰਮ ਲੱਗਭੱਗ ਮੁਕੰਮਲ ਹੋ ਗਿਆ ਜਿਹੜੀ ਕਿ ਦਸੰਬਰ ਦੇ ਅੱਧ ਵਿੱਚ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। ਦਸੰਬਰ ਮਹੀਨੇ ਵਿੱਚ ਇਹ ਜੇਲ੍ਹ ਕਾਰਜਸ਼ੀਲ ਹੋ ਜਾਵੇਗੀ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜੇਲ੍ਹ ਵਿਭਾਗ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਸਬੰਧੀ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸੱਦੀ ਉਚ ਪੱਧਰੀ ਮੀਟਿੰਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਆਖੀ।
New Central Jail Goindwal Sahib to be operational in December
ਰੰਧਾਵਾ ਜਿਨ੍ਹਾਂ ਕੋਲ ਜੇਲ੍ਹ ਵਿਭਾਗ ਵੀ ਹੈ, ਨੇ ਦੱਸਿਆ ਕਿ ਸੂਬੇ ਦੀਆਂ ਜੇਲ੍ਹਾਂ ਦੀ ਸਮਰੱਥਾ ਨੂੰ ਤਰਕਸੰਗਤ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 185 ਕਰੋੜ ਰੁਪਏ ਦੀ ਲਾਗਤ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ੍ਹ ਉਸਾਰੀ ਗਈ ਹੈ। ਇਸ ਨਾਲ ਸੂਬੇ ਵਿੱਚ ਕੇਂਦਰੀ ਜੇਲ੍ਹਾਂ ਦੀ ਗਿਣਤੀ 10 ਅਤੇ ਕੁੱਲ ਜੇਲ੍ਹਾਂ ਦੀ ਗਿਣਤੀ 26 ਹੋ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਦਾ ਨਿਰਮਾਣ ਕੰਮ ਕਰੀਬ ਮੁਕੰਮਲ ਹੋ ਗਿਆ ਹੈ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਦਸੰਬਰ ਦੇ ਅੱਧ ਤੱਕ ਜੇਲ੍ਹ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ।
New Central Jail Goindwal Sahib to be operational in December
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਮੁਹਾਲੀ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ੍ਹ ਭੇਜਣਾ ਪੈਂਦਾ ਹੈ ਜਿਸ ਸਬੰਧੀ ਮੁਹਾਲੀ ਜ਼ਿਲ੍ਹੇ ਵਿੱਚ ਨਵੀਂ ਜੇਲ੍ਹ ਬਣਾਉਣ ਦੀ ਤਜਵੀਜ਼ ਬਣਾਈ ਜਾ ਰਹੀ ਹੈ, ਇਸ ਕੰਮ ਲਈ ਲੋੜੀਂਦੀ ਜ਼ਮੀਨ ਦੀ ਸ਼ਨਾਖਤ ਕਰਨ ਦਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੌਂਪਿਆ ਗਿਆ। ਇਸ ਸਬੰਧੀ ਮੀਟਿੰਗ ਵਿੱਚ ਹੀ ਦੋਵੇਂ ਸਬੰਧਤ ਵਿਭਾਗਾਂ ਦੇ ਇਕ-ਇਕ ਅਫਸਰ ਦੀ ਡਿਊਟੀ ਲਗਾਈ ਗਈ ਹੈ।
New Central Jail Goindwal Sahib to be operational in December
ਰੰਧਾਵਾ ਨੇ ਅੱਗੇ ਦੱਸਿਆ ਕਿ ਜੇਲ੍ਹ ਵਿਭਾਗ ਦੀਆਂ ਥਾਵਾਂ ਉਤੇ ਤੇਲ ਕੰਪਨੀਆਂ ਦੇ ਆਊਟਲੈਟ ਸਥਾਪਤ ਕਰਨ ਸਬੰਧੀ ਮਨਜ਼ੂਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਜੇਲ੍ਹ ਵਿੱਚ ਨਿਰੋਲ ਕੈਦੀਆਂ ਵਾਸਤੇ ਹਸਪਤਾਲ ਸਥਾਪਤ ਕਰਨ ਲਈ ਸਿਹਤ ਵਿਭਾਗ ਨੂੰ ਲੋੜੀਂਦਾ ਸਟਾਫ ਤਾਇਨਾਤ ਕਰਨ ਲਈ ਆਖਿਆ ਗਿਆ ਜਿਸ ਨਾਲ ਕੈਦੀਆਂ ਨੂੰ ਇਲਾਜ ਲਈ ਦੂਰ-ਦੁਰਾਡੇ ਨਹੀਂ ਲਿਜਾਣਾ ਪਵੇਗਾ।
New Central Jail Goindwal Sahib to be operational in December
ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਲੋਕ ਨਿਰਮਾਣ, ਪੀ.ਐਸ.ਪੀ.ਸੀ.ਐਲ., ਭੌਂ ਸੰਭਾਲ, ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਨਜ਼ੂਰੀਆਂ ਦਾ ਕੰਮ ਤੈਅ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਅਤੇ ਲੋਕ ਨਿਰਮਾਣ ਮਿੱਥੇ ਸਮੇਂ ਤੱਕ ਜੇਲ੍ਹ ਵਿਭਾਗ ਨੂੰ ਕੇਂਦਰੀ ਜੇਲ੍ਹ ਸੌਂਪਣਾ ਯਕੀਨੀ ਬਣਾਏ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਜੇਲ੍ਹਾਂ ਡੀ.ਕੇ.ਤਿਵਾੜੀ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਵਿਵੇਕ ਪ੍ਰਤਾਪ ਸਿੰਘ, ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਰਾਹੁਲ ਭੰਡਾਰੀ, ਪੁੱਡਾ ਦੇ ਸੀ.ਏ. ਵਿਨੇ ਬੁਬਲਾਨੀ, ਏ.ਡੀ.ਜੀ.ਪੀ. ਜੇਲ੍ਹਾਂ ਪ੍ਰਵੀਨ ਕੁਮਾਰ ਸਿਨਹਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਰੁਣ ਰੂਜ਼ਮ, ਡਾਇਰੈਕਟਰ ਸਿਹਤ ਸੇਵਾਵਾਂ ਡਾ.ਅੰਦੇਸ਼, ਆਈ.ਜੀ. ਜੇਲ੍ਹਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ. ਜੇਲ੍ਹਾਂ ਅਮਨੀਤ ਕੌਂਡਲ, ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।