
ਸਿੰਧ ਦੇ ਗੁਰਦਵਾਰਾ ਸਾਹਿਬ ’ਚ ਚੋਰਾਂ ਨੇ ਗੁਟਕਾ ਸਾਹਿਬ ਦੇ ਅੰਗ ਪਾੜੇ
ਜੰਮੂ, 28 ਨਵੰਬਰ (ਸਰਬਜੀਤ ਸਿੰਘ): ਪਾਕਿਸਤਾਨ ਦੇ ਸੂਬਾ ਸਿੰਧ ਵਿਚ ਗੁਰਦੁਆਰਾ ਸਾਹਿਬ ਅੰਦਰ ਚੋਰੀ ਦੀ ਘਟਨਾ ਬਾਰੇ ਖ਼ਬਰ ਮਿਲੀ ਹੈ। ਚੋਰਾਂ ਨੇ ਗੁਰੂਘਰ ਅੰਦਰ ਰੱਖੀ ਗੋਲਕ ਤੋੜ ਕਰ ਕੇ ਪੈਸੇ ਕੱਢ ਲਏ ਅਤੇ ਗੁਰਦਵਾਰਾ ਸਾਹਿਬ ਅੰਦਰ ਰੱਖੇ ਹੋਏ ਗੁਟਕਿਆਂ ਦੇ ਅੰਗ ਪਾੜ ਦਿਤੇ ਜਿਸ ਤੋਂ ਬਾਅਦ ਉਥੇ ਵਸਦੇ ਸਿੱਖ ਅਤੇ ਹਿੰਦੂ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ।
ਸੂਬਾ ਸਿੰਧ ਦੇ ਜ਼ਿਲ੍ਹਾ ਕਾਸਮੋਰ ਦੀ ਤਹਿਸੀਲ ਕਰਮਪੁਰਾ ਦੇ ਪਿੰਡ ਕੋਟ ਬਾਗਨ ਖ਼ਾਂ ਕਬਮਰਾਨੀ ਵਿਖੇ ਗੁਰਦੁਆਰਾ ਸ੍ਰੀ ਹਰਿਕਿ੍ਰਸ਼ਨ ਸਾਹਿਬ ਵਿਚ ਚੋਰਾਂ ਵਲੋਂ ਗੁਰਦਵਾਰਾ ਸਾਹਿਬ ਅੰਦਰ ਰੱਖੀ ਗੋਲਕ ਤੋੜ ਕੇ ਉਸ ਵਿਚੋਂ ਲਗਭਗ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਲਏ। ਇਸ ਨਾਲ ਹੀ ਗੁਰਦਵਾਰਾ ਸਾਹਿਬ ਅੰਦਰ ਰੱਖੇ ਗਏ ਗੁਟਕਿਆਂ ਦੀ ਵੀ ਅੰਗ ਪਾੜ ਦਿਤੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਇਕ ਭਾਈਚਾਰੇ ਵਲੋਂ ਇਹ ਖ਼ਬਰ ਪਾਈ ਗਈ ਗੁਰਦਵਾਰਾ ਸਾਹਿਬ ਅੰਦਰ ਰੱਖੇ ਗਏ ਕਿ ਗੁਰੂ ਗ੍ਰੰਥ ਸਾਹਿਬ ਅੰਗ ਪਾੜ ਦਿਤੇ ਗਏ ਹਨ ਜਿਸ ਨੂੰ ਦੇਖ ਕੇ ਪਾਕਿਸਤਾਨ ਸਮੇਤ ਦੁਨੀਆਂ ਅੰਦਰ ਵਸਦੇ ਸਿੱਖਾਂ ਵਿਚ ਰੋਸ ਦੀ ਲਹਿਰ ਦੌੜ ਗਈ।
ਘਟਨਾ ਦੀ ਖ਼ਬਰ ਮਿਲਣ ਤੋਂ ਬਾਅਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸਰਦਾਰ ਵਿਕਾਸ ਸਿੰਘ ਖ਼ਾਲਸਾ ਨੇ ਤੁਰਤ ਘਟਨਾ ਸਥਲ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਇਸ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਸਰਦਾਰ ਵਿਕਾਸ ਸਿੰਘ ਨੇ ਦਸਿਆ ਇਸ ਇਲਾਕੇ ਵਿਚ ਘੱਟੋ-ਘੱਟ 400 ਪ੍ਰਵਾਰ ਰਹਿੰਦੇ ਹਨ ਅਤੇ ਇਕ ਗੁਰਦਵਾਰਾ ਸਾਹਿਬ ਇਥੇ ਬਣਾਇਆ ਗਿਆ ਹੈ ਪ੍ਰੰਤੂ ਉਸ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਗਿਆ। ਸਿਰਫ਼ ਨਿਤਨੇਮ ਵਾਸਤੇ ਸੁੰਦਰ ਗੁਟਕੇ ਹੀ ਰੱਖੇ ਗਏ ਹਨ। ਜਿਨ੍ਹਾਂ ਦੇ ਅੰਗ ਚੋਰਾਂ ਨੇ ਪਾੜ ਦਿਤੇ ਸਨ। ਉਨ੍ਹਾਂ ਪਾਕਿਸਤਾਨ ਸਰਕਾਰ ਅਤੇ ਸਿੰਧ ਪ੍ਰਸ਼ਾਸਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਜਾਂਚ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇ।
ਉਨ੍ਹਾਂ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਉਪਰ ਸ਼ਰਾਰਤੀ ਅਨਸਰਾਂ ਵਲੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਗਏ ਹਨ ਜਿਹੜਾ ਕਿ ਸਰਾਸਰ ਝੂਠ ਦਾ ਪੁਲੰਦਾ ਹੈ। ਉਨ੍ਹਾਂ ਦਸਿਆ ਕਿ ਸ਼ਰਾਰਤੀ ਅਨਸਰਾਂ ਵਲੋਂ ਸਿੱਖ- ਮੁਸਲਮਾਨਾਂ ਦੇ ਅੰਦਰ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖ ਸੰਗਤ ਨੂੰ ਝੂਠੇ ਪ੍ਰਚਾਰ ਤੋਂ ਸੁਚੇਤ ਹੋਣ ਦੀ ਲੋੜ ਹੈ।