
ਪਿਛਲੇ ਸੈਸ਼ਨਾਂ ਦੇ ਮੁਕਾਬਲੇ ਅੱਜ ਦੇ ਸੈਸ਼ਨ ਵਿਚ ਪਹਿਲੇ ਦਿਨ ਦੀ ਕਾਰਵਾਈ ਸੁਖਾਵੇਂ ਮਾਹੌਲ ਵਿਚ ਹੋਈ।
Punjab Vidhan Sabha: 16ਵੀਂ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਪਿਛਲੇ ਦਿਨਾਂ ਵਿਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋ ਗਿਆ। ਸਵਾਲਾਂ ਦੇ ਸਮੇਂ ਭਾਵੇਂ ਨਾਜਾਇਜ਼ ਮਾਈਨਿੰਗ ਅਤੇ ਆਮ ਆਦਮੀ ਮੁਹੱਲਾ ਕਲੀਨਿਕਾਂ ਨੂੰ ਲੈ ਕੇ ਸੱਤਾਧਿਰ ਅਤੇ ਵਿਰੋਧੀਆਂ ਦਰਮਿਆਨ ਕੁੱਝ ਗਰਮਾ ਗਰਮੀ ਹੋਈ ਪਰ ਸਮੁੱਚੇ ਤੌਰ ’ਤੇ ਅੱਜ ਪਿਛਲੇ ਸੈਸ਼ਨਾਂ ਦੇ ਮੁਕਾਬਲੇ ਅੱਜ ਦੇ ਸੈਸ਼ਨ ਵਿਚ ਪਹਿਲੇ ਦਿਨ ਦੀ ਕਾਰਵਾਈ ਸੁਖਾਵੇਂ ਮਾਹੌਲ ਵਿਚ ਹੋਈ। ਬਾਅਦ ਦੁਪਹਿਰ ਸ਼ੁਰੂ ਹੋਏ ਸੈਸ਼ਨ ਦੇ ਅੰਤ ਵਿਚ ਮੁੱਖ ਮੰਤਰੀ ਦੇ ਭਾਸ਼ਨ ਤੋਂ ਪਹਿਲਾਂ ਦੋ ਅਹਿਮ ਮਨੀ ਬਿਲ ਵੀ ਸਰਬਸੰਮਤੀ ਨਾਲ ਪਾਸ ਹੋ ਗਏ ਜੋ ਰਾਜਪਾਲ ਨੇ ਪਹਿਲਾਂ ਰੋਕ ਲਏ ਸਨ ਅਤੇ ਮਾਮਲਾ ਸੁਪਰੀਮ ਕੋਰਟ ਤਕ ਜਾਣ ਬਾਅਦ ਇਨ੍ਹਾਂ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਦੀ ਪ੍ਰਵਾਨਗੀ ਦਿਤੀ ਸੀ।
ਅੱਜ ਸੈਸ਼ਨ ਦੀ ਕਾਰਵਾਈ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਨਾਲ ਹੋਈ। ਜਿਹੜੀ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਦੇਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੋਗ ਮਤਾ ਪੇਸ਼ ਕੀਤਾ ਉਨ੍ਹਾਂ ਵਿਚ ਤੇਜ਼ ਫ਼ਿਰਕੀ ਗੇਂਦਬਾਜ਼ ਬਿਸ਼ਨ ਸਿੰਘ ਬੇਦੀ, ਸਾਬਕਾ ਵਿਧਾਇਕ ਹਰਬੰਸ ਸਿੰਘ ਦਾਤੇਵਾਸ, ਸੁਤੰਤਰਤਾ ਸੰਗਰਾਮੀ ਜਵਾਹਰ ਲਾਲ, ਬੇਗਮ ਮੁਨੱਵਰ ਉਨ ਨਿਸ਼ਾ ਅਤੇ ਅਮਰ ਸਿੰਘ ਸੁਖੀਜਾ ਸ਼ਾਮਲ ਹਨ। ਪਿਛਲੇ ਦਿਨਾਂ ਵਿਚ ਸ਼ਹੀਦ ਹੋਏ ਫ਼ੌਜੀਆਂ ਅਤੇ ਕੁੱਝ ਵਿਧਾਇਕਾਂ ਦੇ ਵਿਛੜਣ ਵਾਲੇ ਪ੍ਰਵਾਰਕ ਮੈਂਬਰਾਂ ਨੂੰ ਵੀ ਸਦਨ ਵਿਚ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿਤੀ ਗਈ।
ਅੱਜ ਜਿਹੜੇ ਦੋ ਅਹਿਮ ਮਨੀ ਬਿਲ ਸਰਬਸੰਮਤੀ ਨਾਲ ਪਾਸ ਹੋਏ ਹਨ ਉਨ੍ਹਾਂ ਵਿਚ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧ ਬਿਲ 2023 ਅਤੇ ਪੰਜਾਬ ਵਿੱਤੀ ਮੈਨੇਜਮੈਂਟ ਬਾਰੇ ਸੋਧ ਬਿਲ ਸ਼ਾਮਲ ਹੈ। ਇਹ ਦੋਵੇਂ ਬਿਲ ਸਦਨ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤੇ। ਪਾਸ ਹੋਏ ਗੁਡਜ਼ ਐਂਡ ਸਰਵਿਸ ਟੈਕਸ ਸੋਧ ਬਿਲ ਦਾ ਮੰਤਵ ਜੋ ਲੋਕ ਪੰਜਾਬ ਤੋਂ ਬਾਹਰ ਜਾ ਕੇ ਕੋਈ ਖ਼ਰੀਦਦਾਰੀ ਕਰਦੇ ਹਨ ਉਹ ਖ਼ਰੀਦਦਾਰੀ ਸਮੇਂ ਪੰਜਾਬ ਦਾ ਕੋਡ ਦਰਜ ਕਰਵਾਉਣਗੇ। ਇਸ ਨਾਲ ਪੰਜਾਬ ਤੋਂ ਬਾਹਰ ਸੂਬੇ ਦੇ ਲੋਕਾਂ ਵਲੋਂ ਕੀਤੀ ਜਾਣ ਵਾਲੀ ਖ਼ਰੀਦਦਾਰੀ ’ਤੇ ਲੱਗਣ ਵਾਲੇ ਜੀ.ਐਸ.ਟੀ. ਦੀ ਰਾਸ਼ੀ ਪੰਜਾਬ ਨੂੰ ਮਿਲ ਸਕੇਗੀ। ਦੂਜਾ ਪਾਸ ਹੋਇਆ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਐਕਟ 2003 ਵਿਚ ਸੋਧ ਬਾਰੇ ਬਿਲ ਦਾ ਮੰਤਵ ਲਏ ਜਾਣ ਵਾਲੇ ਕਰਜ਼ੇ ਦੀ ਸੀਮਾ’ਤੇ ਕੰਟਰੋਲ ਕਰ ਕੇ ਇਸ ਦਾ ਕੇਂਦਰੀ ਸਕੀਮਾਂ ਵਿਚ ਵਿੱਤੀ ਲਾਭ ਪ੍ਰਾਪਤ ਕਰਨਾ ਹੈ। ਇਸ ਨਾਲ ਵੀ ਸੂਬੇ ਨੂੰ ਵਿੱਤੀ ਲਾਭ ਹੋਵੇਗਾ।
ਮਾਈਨਿੰਗ ਅਤੇ ਮੁਹੱਲਾ ਕਲੀਨਿਕਾਂ ਦੇ ਮੁੱਦੇ ’ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਅਤੇ ਰਾਜਾ ਵੜਿੰਗ ਵਲੋਂ ਸਵਾਲ ਚੁਕਣ ’ਤੇ ਮੰਤਰੀ ਹਰਜੋਤ ਬੈਂਸ ਨਾਲ ਤਿੱਖੀ ਤਕਰਾਰ ਹੋਈ। ਬਾਜਵਾ ਨੇ ਮਾਈਨਿੰਗ ਦੇ ਮੁੱਦੇ ’ਤੇ ਸਰਬ ਪਾਰਟੀ ਹਾਊਸ ਕਮੇਟੀ ਬਣਾਉਣ ਦਾ ਸੁਝਾਅ ਦਿਤਾ। ਸਵਾਲਾਂ ਦੌਰਾਨ ’ਆਪ’ ਵਿਧਾਇਕ ਕੁਲਵੰਤ ਸਿੰਘ ਨੇ ਨਾਜਾਇਜ਼ ਟੈਕਸੀਆਂ ਦਾ ਮੁੱਦਾ ਉਠਾਇਆ ਜਿਸ ’ਤੇ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ 2023 ਦੀ ਪਾਲਿਸੀ ’ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿਚ ਓਲਾ, ਉਬੇਰ ਅਤੇ ਬਲਾ-ਬਲਾ ਟੈਕਸੀਆਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ। ਜੇਕਰ ਕੋਈ ਟੈਕਸੀ ਪੀਲੀ ਨੰਬਰ ਪਲੇਟ ਤੋਂ ਬਿਨਾਂ ਚਲ ਰਹੀ ਹੈ ਤਾਂ ਉਸ ਵਿਰੁਧ ਵੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਵਾਲ ਪੁਛਿਆ ਕਿ ਇੰਨੇ ਆਮ ਆਦਮੀ ਕਲੀਨਿਕ ਪੂਰੇ ਪੰਜਾਬ ’ਚ ਖੋਲ੍ਹੇ ਗਏ ਹਨ ਪਰ ਮੇਰੇ ਹਲਕੇ ਕਾਦੀਆਂ ’ਚ ਕਿੰਨੇ ਆਮ ਆਦਮੀ ਕਲੀਨਿਕ ਖੋਲ੍ਹ ਗਏ ਹਨ, ਮੰਤਰੀ ਇਸ ਸਵਾਲ ਦਾ ਜਵਾਬ ਦੇਣ। ਇਸ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਜ਼ਿਲ੍ਹਾ ਗੁਰਦਾਸਪੁਰ ’ਚ 35 ਆਮ ਆਦਮੀ ਕਲੀਨਿਕ ਕੰਮ ਕਰ ਰਹੇ ਹਨ। ਗੁਰਦਾਸਪੁਰ ਅਤੇ ਪਠਾਨਕੋਟ ’ਚ 70 ਹੋਰ ਆਮ ਆਦਮੀ ਕਲੀਨਿਕਾਂ ਦੀ ਮਨਜ਼ੂਰੀ ਮਿਲ ਗਈ ਹੈ। ਸਿਹਤ ਮੰਤਰੀ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਭਰੋਸਾ ਦਿਤਾ ਕਿ ਜਿੰਨੇ ਇਨ੍ਹਾਂ ਦੇ ਸਬ ਡਵੀਜ਼ਨ ਹਸਪਤਾਲ ਹਨ, ਉਨ੍ਹਾਂ ’ਚ ਡਾਕਟਰ, ਦਵਾਈਆਂ ਅਤੇ ਮਸ਼ੀਨਾਂ ਮੁਹਈਆ ਕਰਵਾ ਦਿਤੀਆਂ ਜਾਣਗੀਆਂ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਹਲਕੇ ’ਚ ਹਰ ਤਰ੍ਹਾਂ ਦੀ ਸਹੂਲਤ ਦਿਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਸਹੂਲਤਾਂ ਲਈ ਬਜਟ ਦੀ ਕੋਈ ਕਮੀ ਨਹੀਂ।
(For more news apart from Punjab Vidhan Sabha passed two money bills , stay tuned to Rozana Spokesman)