ਭਾਈ ਖ਼ਾਲਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਗੁਨਾਹਾਂ ਕਾਰਨ ਸਮੁੱਚੇ ਸਿੱਖ ਪੰਥ ਅੰਦਰ ਲੰਮੇ ਸਮੇਂ ਤੋਂ ਨਮੋਸ਼ੀ ਦਾ ਦੌਰ ਚਲ ਰਿਹਾ ਹੈ।
Punjab News: ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਹੱਕ ਵਿਚ ਗਾਣਾ ਆਉਣਾ ਪੰਥ ਨੂੰ ਮਖੌਲ ਕਰਨ ਦੇ ਬਰਾਬਰ ਹੈ ਕਿਉਂਕਿ ਅੱਜ ਸਮੁੱਚਾ ਸਿੱਖ ਪੰਥ ਸੁਖਬੀਰ ਬਾਦਲ ਨੂੰ ਉਸ ਦੇ ਕੀਤੇ ਦੀ ਸਜ਼ਾ ਦਿਵਾਉਣਾ ਚਾਹੁੰਦਾ ਹੈ। ਅਜਿਹੇ ਹਾਲਾਤ ਵਿਚ ਸੁਖਬੀਰ ਬਾਦਲ ਤੇ ਇਸ ਦੇ ਹਮਾਇਤੀਆਂ ਵਲੋਂ ਲਗਾਤਾਰ ਸਿੱਖ ਪੰਥ, ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੂੰ ਕੋਝੀਆਂ ਹਰਕਤਾਂ ਰਾਹੀਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਭਾਈ ਖ਼ਾਲਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਗੁਨਾਹਾਂ ਕਾਰਨ ਸਮੁੱਚੇ ਸਿੱਖ ਪੰਥ ਅੰਦਰ ਲੰਮੇ ਸਮੇਂ ਤੋਂ ਨਮੋਸ਼ੀ ਦਾ ਦੌਰ ਚਲ ਰਿਹਾ ਹੈ। ਸਮੁੱਚਾ ਸਿੱਖ ਪੰਥ ਅਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਇਸ ਦਰਮਿਆਨ ਬਾਦਲ ਦੇ ਚੇਲਿਆਂ ਵਲੋਂ ਉਸ ਦੀ ਉਪਮਾ ਵਿਚ ਗਾਣਾ ਗਾਉਣਾ ਅਤੇ ਸਾਰੇ ਸੋਸ਼ਲ ਮੀਡੀਆ ਉਪਰ ਵਾਇਰਲ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਲਈ ਪੰਥਕ ਭਾਵਨਾ ਅਤੇ ਮਰਿਆਦਾ ਕੋਈ ਮਾਇਨੇ ਨਹੀਂ ਰਖਦੀ।
ਭਾਈ ਖ਼ਾਲਸਾ ਨੇ ਇਹ ਗਾਣਾ ਗਾਉਣ ਵਾਲੇ, ਲਿਖਣ ਵਾਲੇ ਤੇ ਸ਼ੇਅਰ ਕਰਨ ਵਾਲਿਆਂ ਵਿਰੁਧ ਜਥੇਦਾਰ ਸਾਹਿਬਾਨ ਨੂੰ ਸਖ਼ਤ ਨੋਟਿਸ ਲੈਣ ਦੀ ਬੇਨਤੀ ਵੀ ਕੀਤੀ ਹੈ ਕਿਉਂਕਿ ਇਸ ਗਾਣੇ ਨੂੰ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਵਿਚ ਦਖ਼ਲ ਵਜੋਂ ਦੇਖਿਆ ਜਾਣਾ ਚਾਹੀਦਾ ਹੈ।