
ਭਾਜਪਾ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਗਿੱਲ ਵਲੋਂ ਪਾਰਟੀ ਨੂੰ ਅਲਵਿਦਾ
ਰਾਮਪੁਰਾ ਫੂਲ, 28 ਦਸੰਬਰ (ਬੱਲੀ): ਕਿਸਾਨੀ ਸੰਘਰਸ਼ ਦੀ ਲੋਅ ਨੇ ਇਕ ਹੋਰ ਭਾਜਪਾ ਆਗੂ ਦਾ ਮਨ ਝੰਜੋੜ ਦਿਤਾ ਹੈ, ਜਿਸ ਕਰ ਕੇ ਉਸ ਨੇ ਪਾਰਟੀ ਨੂੰ ਅਲਵਿਦਾ ਆਖ ਦਿਤਾ ਹੈ। ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਮੇਜਰ ਸਿੰਘ ਗਿੱਲ ਜੋ ਰਾਮਪੁਰਾ ਸ਼ਹਿਰ ਦੇ ਵਸਿੰਦੇ ਅਤੇ ਪਾਰਟੀ ਨੇ ਉਨ੍ਹਾਂ ਨੂੰ ਕਿਸਾਨ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਨਿਵਾਜਿਆ ਸੀ। ਮੇਜਰ ਸਿੰਘ ਗਿੱਲ ਨੇ ਅਪਣੇ ਜੱਦੀ ਪਿੰਡ ਗਿੱਲ ਕਲਾਂ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਕਿਸਾਨ ਧਰਨੇ ’ਚ ਇਹ ਐਲਾਨ ਕੀਤਾ, ਜੋ ਭਾਕਿਯੂ ਉਗਰਾਹਾਂ ਵਲੋਂ ਚਲਾਇਆ ਜਾ ਰਿਹਾ ਹੈ। ਗਿੱਲ ਨੇ ਕਿਹਾ ਕਿ ਕਿਸਾਨਾਂ ਨਾਲ ਮੋਦੀ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸਾਹੀ ਹੁਣ ਬਰਦਾਸਤ ਤੋਂ ਬਾਹਰ ਹੋ ਚੁੱਕੀ ਹੈ, ਇਸ ਕਰ ਕੇ ਉਨਾਂ ਨੇ ਪਾਰਟੀ ਦੇ ਕਿਸਾਨ ਵਿੰਗ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਜਦਕਿ ਪਾਰਟੀ ਤੋ ਪਹਿਲਾ ਮੇਰਾ ਕਿਸਾਨੀ ਨਾਲ ਨਾਤਾ ਹੈ। ਉਨ੍ਹਾਂ ਕਿਹਾ ਕਿ ਜਦ ਕਈ ਕਿਸਾਨਾਂ ਦੇ ਜਾਨ ਗੁਆ ਚੁੱਕੇ ਜਾਣ ’ਤੇ ਵੀ ਭਾਜਪਾ ਸਰਕਾਰ ਨੇ ਕਿਸਾਨ ਦੀ ਨਹੀਂ ਸੁਣੀ ਤਦ ਉਨ੍ਹਾਂ ਦਾ ਮਨ ਪਿਘਲ ਗਿਆ ਅਤੇ ਉਨ੍ਹਾਂ ਪਾਰਟੀ ਤੋਂ ਰੁਖ਼ਸਤ ਹੋਣ ਦਾ ਫ਼ੈਸਲਾ ਲੈ ਲਿਆ। ਗਿੱਲ ਨੇ ਧਰਨੇ ਵਿਚ ਪੁੱਜ ਕੇ ਕਿਸਾਨ ਯੂਨੀਅਨ ਦੇ ਹੱਕ ਵਿਚ ਨਾਹਰੇ ਵੀ ਲਾਏ। ਮੌਕੇ ’ਤੇ ਉਗਰਾਹਾਂ ਧੜੇ ਦੇ ਮਾਸਟਰ ਸੁਖਦੇਵ ਸਿੰਘ ਜਵੰਧਾ, ਪੰਚ ਅਜਮੇਰ ਸਿੰਘ, ਸਾਬਕਾ ਪੰਚ ਬਿੱਕਰ ਸਿੰਘ, ਸੁਖਵੀਰ ਸਿੰਘ, ਨਿਰਮਲ ਸਿੰਘ, ਬਲਵੰਤ ਸਿੰਘ, ਗੁਰਵਿੰਦਰ ਬੱਲ੍ਹੋ, ਬੂਟਾ ਸਿੰਘ, ਸੁਰਜੀਤ ਸਿੰਘ, ਕਰਮਜੀਤ ਕੌਰ, ਗੁਰਮੀਤ ਕੌਰ ਵੀ ਹਾਜ਼ਰ ਸਨ।